ਫਤਿਹਵੀਰ ਦੀ ਮੌਤ ਤੋਂ ਬਾਅਦ ਉੱਠੇ ਕਈ ਸਵਾਲਜਗਤਾਰ ਸਮਾਲਸਰ

ManyQuestions, Death, Fatehvir, Samalsarar

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਦੋ ਸਾਲ ਦੇ ਬੱਚੇ ਦੀ ਇੱਕ ਬੋਰਵੈੱਲ ਵਿੱਚ ਡਿੱਗਣ ਨਾਲ ਹੋਈ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਜਨਤਕ ਰੋਹ ਨੇ ਸਮੇਂ ਦੀਆਂ ਸਰਕਾਰਾਂ ਲਈ ਵੱਡੇ ਸਵਾਲ ਖੜ੍ਹੇ ਕੀਤੇ ਹਨ। ਭਾਰਤ ਵਿੱਚ ਹੁਣ ਤੱਕ ਸੁੰਨੇ ਪਏ ਅਜਿਹੇ ਬੋਰਵੈੱਲਾਂ ਵਿੱਚ ਡਿੱਗਣ ਨਾਲ ਅਨੇਕਾਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰ ਨਾ ਹੀ ਤਾਂ ਅਜੇ ਤੱਕ ਇਨ੍ਹਾਂ ਘਟਨਾਵਾਂ ਤੋਂ ਆਮ ਲੋਕਾਂ ਨੇ ਕੋਈ ਸਿੱਖਿਆ ਲਈ ਹੈ ਅਤੇ ਨਾ ਹੀ ਸਰਕਾਰਾਂ ਇਸ ਗੰਭੀਰ ਮਾਮਲੇ ਪ੍ਰਤੀ ਸੰਜੀਦਾ ਹੋਈਆਂ ਹਨ। ਜਦੋ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਰਕਾਰ ਵੱਲੋਂ ਫੌਰੀ ਤੌਰ ‘ਤੇ ਕਦਮ ਚੁੱਕੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ ਇਹ ਸਰਕਾਰੀ ਆਦੇਸ਼ ਵੀ ਠੰਢੇ ਬਸਤੇ ਵਿੱਚ ਪੈ ਜਾਂਦੇ ਹਨ। ਪਿੰਡ ਭਗਵਾਨਪੁਰਾ ਵਿੱਚ ਵਾਪਰੀ ਇਸ ਦੁਖਦਾਈ ਘਟਨਾ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਅਜਿਹੇ ਬੋਰਵੈੱਲਾਂ ਦੀ ਸ਼ਨਾਖ਼ਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਦੇਸ਼ ਵਿੱਚ ਪਹਿਲਾਂ ਵਾਪਰੀਆਂ ਅਜਿਹੀਆਂ ਘਟਨਾਵਾਂ ਤੋਂ ਨਾ ਹੀ ਅਸੀਂ ਕੁਝ ਸਿੱਖਿਆ ਅਤੇ ਨਾ ਹੀ ਸਰਕਾਰਾਂ ਨੇ। ਫਤਹਿਵੀਰ ਦੀ ਇਸ ਘਟਨਾ ਨੇ ਸਾਡੇ ਅਤੇ ਸਾਡੇ ਪ੍ਰਸ਼ਾਸਨਿਕ ਢਾਂਚੇ ਲਈ ਅਨੇਕ ਸਵਾਲ ਖੜ੍ਹੇ ਕੀਤੇ ਹਨ। ਪਹਿਲੀ ਗੱਲ ਅਜਿਹੀਆਂ ਘਟਨਾਵਾਂ ਪਿੱਛੇ ਆਮ ਲੋਕ ਵੱਡੇ ਦੋਸ਼ੀ ਹਨ ਜੋ ਸਮੇਂ-ਸਮੇਂ ‘ਤੇ ਦੇਸ਼ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਕੋਈ ਸਿੱਖਿਆ ਨਹੀਂ ਲੈ ਰਹੇ।

ਆਮ ਲੋਕਾਂ ਵੱਲੋਂ ਵਰਤੀ ਗਈ ਅਣਗਹਿਲੀ ਹੀ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੀ ਹੈ। ਹਰ ਮੁੱਦੇ, ਚਾਹੇ ਉਹ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ, ਬੁਨਿਆਦੀ ਸਹੂਲਤਾਂ ਦਾ ਹੋਵੇ, ਸਰਕਾਰਾਂ ਸਮੇਂ-ਸਮੇਂ ‘ਤੇ ਫੇਲ੍ਹ ਹੁੰਦੀਆਂ ਨਜ਼ਰ ਆਈਆਂ ਹਨ। ਇਸ ਲਈ ਅਜਿਹੇ ਕੰਮਾਂ ਵਿੱਚ ਸਮੇਂ ਦੀਆਂ ਸਰਕਾਰਾਂ ਤੋਂ ਆਸ ਰੱਖਣੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਜਾਪਦੀ। ਅਸੀਂ ਇਸ ਗੱਲ ਦੇ ਹਾਮੀ ਹਾਂ ਕਿ ਹਰ ਸੂਬੇ ਦੇ ਲੋਕਾਂ ਦੇ ਜਾਨ-ਮਾਲ ਨੂੰ ਸੁਰੱਖਿਆ ਦੇਣੀ ਉੱਥੋਂ ਦੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਪਰ ਅਜੋਕੇ ਸਮੇਂ ਵਿੱਚ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਕੋਈ ਵੀ ਸੂਬਾ ਸਰਕਾਰ ਜਿਸ ਢੰਗ ਨਾਲ ਸਰਕਾਰਾਂ ਕੰਮ ਕਰ ਰਹੀਆਂ ਹਨ ਉਹ ਆਪਣੇ ਕਰਤੱਵਾਂ ਅਤੇ ਫਰਜ਼ਾਂ ਤੋਂ ਭੱਜਣ ਵਾਲੀ ਗੱਲ ਹੈ। ਯਾਨੀ ਸਰਕਾਰਾਂ ਦਾ ਆਪਸੀ ਖਹਿਬਾਜ਼ੀ ਤੋਂ ਸਿਵਾਏ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਹੈ। ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਵੱਲੋਂ ਨਿਭਾਈ ਗਈ ਗੈਰ-ਜ਼ਿੰਮੇਵਾਰਨਾ ਕਾਰਵਾਈ ਨੇ ਕੈਪਟਨ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹਾ ਕਰ ਦਿੱਤਾ ਹੈ। ਇਸ ਘਟਨਾ ਦੇ ਬੀਤ ਜਾਣ ਤੋਂ ਬਾਅਦ ਸਰਕਾਰ ਵੱਲੋਂ ਕਾਫੀ ਸਮਾਂ ਕੋਈ ਸੰਜੀਦਗੀ ਨਹੀਂ ਵਿਖਾਈ ਗਈ।

ਮੁੱਖ ਮੰਤਰੀ ਵੱਲੋਂ ਚਾਰ ਦਿਨ ਬਾਅਦ ਇਸ ਘਟਨਾ ਸਬੰਧੀ ਕੀਤਾ ਗਿਆ ਟਵੀਟ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਰਕਾਰ ਨੇ ਇਸ ਘਟਨਾ ਨੂੰ ਮਾਮੂਲੀ ਘਟਨਾ ਸਮਝਿਆ ਪਰ ਜਦੋਂ ਬੋਰਵੈੱਲ ਵਿੱਚੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਪਹੁੰਚੀ ਐਨ ਡੀ ਆਰ ਐਫ਼ ਦੀ ਟੀਮ ਚਾਰ ਦਿਨ ਬਾਅਦ ਵੀ ਇਸ ਅਪਰੇਸ਼ਨ ਨੂੰ ਸਫ਼ਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਅਤੇ ਲੋਕਾਂ ਦਾ ਰੋਹ ਸਰਕਾਰ ਪ੍ਰਤੀ ਵਧਿਆ ਤਾਂ ਸਰਕਾਰ ਨੂੰ ਜਾਗ ਆਈ। ਇਸ ਮਾਮਲੇ ਵਿੱਚ ਐਨ ਡੀ ਆਰ ਐਫ਼ ਦੀ ਟੀਮ ਵੱਲੋਂ ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਚਾਰ ਦਿਨ ਬਾਅਦ ਵੀ ਲੋਕੇਸ਼ਨ ਪਤਾ ਨਾ ਲਾ ਸਕਣਾ ਸਾਡੀ ਸੁਰੱਖਿਆ ‘ਤੇ ਵੱਡਾ ਸਵਾਲ ਹੈ। ਇਸ ਮਿਸ਼ਨ ਵਿੱਚ ਲੱਗੀ ਐਨ ਡੀ ਆਰ ਐਫ਼ ਦੀ ਟੀਮ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਇਹ ਪੂਰੀ ਟੀਮ ਪਹਿਲੀ ਵਾਰ ਅਜਿਹੇ ਅਪਰੇਸ਼ਨ ਨੂੰ ਅੰਜਾਮ ਦੇ ਰਹੀ ਹੋਵੇ। ਫਤਿਹਵੀਰ ਨੂੰ ਬਚਾਉਣ ਲਈ ਚਲਾਏ ਗਏ ਇਸ ਅਪਰੇਸ਼ਨ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਸਾਖ਼ ਨੂੰ ਦਾਅ ‘ਤੇ ਲਾ ਦਿੱਤਾ ਹੈ।

ਸਾਡੀ ਅਜਿਹੀ ਸੁਰੱਖਿਆ ਪ੍ਰਣਾਲੀ ਕੌਮਾਂਤਰੀ ਪੱਧਰ ‘ਤੇ ਮਜ਼ਾਕ ਦਾ ਪਾਤਰ ਬਣਦੀ ਨਜ਼ਰ ਆਈ ਹੈ। ਘਟਨਾ ਦੇ ਪੰਜ ਦਿਨ ਬਾਅਦ ਬੱਚੇ ਨੂੰ ਉਸੇ ਬੋਰਵੈੱਲ ਰਾਹੀਂ ਗੈਰ-ਮਨੁੱਖੀ ਢੰਗ ਨਾਲ ਬਾਹਰ ਕੱਢਣਾ ਅਤਿ ਨਿੰਦਣਯੋਗ ਕਾਰਵਾਈ ਹੈ। ਇਸ ਘਟਨਾ ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀਆਂ ਵੱਲੋਂ ਫਤਿਹਵੀਰ ਨੂੰ ਬਚਾਉਣ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ। ਅੱਜ ਡਿਜ਼ੀਟਲ ਇੰਡੀਆ ਦੇ ਸੁਪਨੇ ਵੇਖਣ ਵਾਲੇ ਭਾਰਤ ਵਿੱਚ ਕਿਸੇ ਬੱਚੇ ਨੂੰ ਬਚਾਉਣ ਲਈ ਅੱਜ ਤੋਂ 20-30 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਯੋਜਨਾਵਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਇਹ ਵੀ ਇੱਕ ਵੱਡਾ ਸਵਾਲ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਨੂੰ ਅਸੀਂ ਜਾਇਜ਼ ਮੰਨਦੇ ਹਾਂ ਕਿਉਂਕਿ ਜਦੋਂ ਕਿਸੇ ਸੁਰੱਖਿਆ ਦੇ ਮਾਮਲੇ ਵਿੱਚ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਹੋਣ ਤਾਂ ਉਨ੍ਹਾਂ ਨੂੰ ਜਗਾਉਣ ਲਈ ਅਜਿਹੇ ਸੰਘਰਸ਼ਾਂ ਦੀ ਜਰੂਰਤ ਹੁੰਦੀ ਹੈ। ਅਵੇਸਲੀਆਂ ਹੋਈਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਅਜਿਹੀਆਂ ਲੜਾਈਆਂ ਅਕਸਰ ਲੜਨੀਆਂ ਪੈਂਦੀਆਂ ਹਨ।

ਇਸਦੇ ਨਾਲ-ਨਾਲ ਹੀ ਅਸੀਂ ਇਹ ਵੀ ਆਖਾਂਗੇ ਕਿ ਜਿੰਨਾ ਕੁ ਕੰਮ ਅਸੀਂ ਖੁਦ ਕਰ ਸਕਦੇ ਹਾਂ ਉਹ ਆਪਣੇ ਪੱਧਰ ‘ਤੇ ਹੀ ਕਰ ਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਕਿਉਂਕਿ ਸਾਡੀ ਲਾਪਰਵਾਹੀ ਨਾਲ ਹੋਏ ਅਜਿਹੇ ਹਾਦਸੇ ਜਿੱਥੇ ਆਮ ਮਨੁੱਖਤਾ ਨੂੰ ਵੱਡੀ ਢਾਹ ਲਾ ਜਾਂਦੇ ਹਨ ਉਨ੍ਹਾਂ ਦੀ ਭਰਪਾਈ ਸਰਕਾਰਾਂ ਕਦੇ ਵੀ ਨਹੀਂ ਕਰ ਸਕਦੀਆਂ।

ਐਲਨਾਬਾਦ, ਸਰਸਾ (ਹਰਿਆਣਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।