ਝੋਨੇ ਤੇ ਗਰਮੀ ਕਾਰਨ ਲਗਾਤਾਰ ਵਧ ਰਹੀ ਸੀ ਬਿਜਲੀ ਦੀ ਮੰਗ
ਤਕਨੀਕੀ ਨੁਕਸ ਪੈਣ ਨਾਲ ਬਿਜਲੀ ਹੋ ਰਹੀ ਸੀ ਗੁੱਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਅੰਦਰ ਕਈ ਥਾਈਂ ਪਏ ਭਰਵੇਂ ਮੀਂਹ ਨੇ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਵਧੀ ਮੰਗ ਲਗਭਗ 2 ਹਜ਼ਾਰ ਮੈਗਾਵਾਟ ਹੇਠਾ ਆ ਗਈ ਹੈ। ਘਟੀ ਮੰਗ ਕਾਰਨ ਪਾਵਰਕੌਮ ਵੱਲੋਂ ਆਪਣੇ ਦੋ ਥਰਮਲਾਂ ਦੇ ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੇ ਦੇਰ ਸ਼ਾਮ ਨੂੰ ਸ਼ੁਰੂ ਹੋਏ ਮੀਂਹ ਨੇ ਪਟਿਆਲਾ, ਬਠਿੰਡਾ, ਮਾਨਸਾ, ਸੰਗਰੂਰ ਸਮੇਤ ਹੋਰ ਜ਼ਿਲ੍ਹਿਆ ਵਿੱਚ ਜਲਥਲ ਕਰ ਦਿੱਤਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਦੀ ਸਿਰੇ ਚੜ੍ਹੀ ਸੂਈ ਹੇਠਾ ਆ ਗਈ ਹੈ। ਗਮਰੀ ਕਾਰਨ ਬਿਜਲੀ ਦੀ ਵਧੀ ਮੰਗ ਦਾ ਇਹ ਅਸਰ ਸੀ ਕਿ ਟ੍ਰਿਪਿੰਗ ਹੋਣ ਕਾਰਨ ਪਾਵਰਕੌਮ ਨੂੰ ਵੱਡੀ ਮੁਸ਼ਕਿਲ ਹੋਣ ਲੱਗੀ ਸੀ, ਜੋ ਕਿ ਮੀਂਹ ਪੈਣ ਤੋਂ ਬਾਅਦ ਕੰਟਰੋਲ ਵਿੱਚ ਹੋ ਗਈ ਹੈ।
ਅੱਜ ਬਿਜਲੀ ਦੀ ਮੰਗ 9965 ਮੈਗਾਵਾਟ ਰਹੀ ਜਦਕਿ ਕੱਲ ਇਹ ਮੰਗ 11600 ਮੈਗਾਵਾਟ ਦੇ ਕਰੀਬ ਹੈ। ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਵਿੱਚ ਲਗਭਗ 1635 ਮੈਗਾਵਾਟ ਦੀ ਕਮੀ ਆ ਗਈ ਹੈ, ਜਿਸ ਕਾਰਨ ਪਾਵਰਕੌਮ ਨੂੰ ਸੌਖਾ ਸਾਹ ਆਇਆ ਹੈ। ਪਾਵਰਕੌਮ ਵੱਲੋਂ ਜੋ ਪਿਛਲੇ ਬਿਜਲੀ ਦੀ ਵਧੀ ਮੰਗ ਕਰਕੇ ਆਪਣੇ ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ ਯੂਨਿਟ ਭਖਾਏ ਗਏ ਸਨ। ਉਨ੍ਹਾਂ ਵਿੱਚੋਂ 2-2 ਯੂਨਿਟ ਬੰਦ ਕਰ ਦਿੱਤੇ ਗਏ ਹਨ। ਪਾਵਰਕੌਮ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਟ ਤੋਂ 3038 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ ਜਦਕਿ ਆਪਣੇ ਸਟੇਟ ਜਨਰੇਸ਼ਨ ਤੋਂ 4865 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ।
ਟਿਊਬਵੈਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਕਾਰਨ ਬਿਜਲੀ ਦੀ ਮੰਗ ਵਿੱਚ ਇੱਕਦਮ ਵਾਧਾ ਹੋ ਗਿਆ ਸੀ ਅਤੇ ਪਿਛਲੇ ਦਿਨਾਂ ਦੌਰਾਨ ਤਾਮਪਾਨ ਵਿੱਚ ਹੋਏ ਵਾਧੇ ਕਾਰਨ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਸੀ। ਮੰਗ ਵਧਣ ਅਤੇ ਗਰਮੀ ਕਾਰਨ ਲਾਇਨਾਂ ਟ੍ਰਿਪਿੰਗ ਹੋਣ ਲੱਗੀਆਂ ਸਨ ਅਤੇ ਤਕਨੀਕੀ ਨੁਕਸ ਜਿਆਦਾ ਪੈਣ ਲੱਗੇ ਸਨ। ਜਿਸ ਕਾਰਨ ਪਾਵਰਕੌਮ ਨੂੰ ਕੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਸੀ। ਬੀਤੇ ਸ਼ਾਮ ਚੰਗਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਝੋਨੇ ਦੀ ਲਵਾਈ ਵਿੱਚ ਤੇਜੀ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਵਾਹਣ ਪੂਰੀ ਤਰ੍ਹਾਂ ਗਿੱਲੇ ਹੋ ਗਏ ਹਨ ਜਿਸ ਕਾਰਨ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਣੀ। ਮੌਨਸੂਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਕਿਸਾਨਾਂ ਅਤੇ ਪਾਵਰਕੌਮ ਨੂੰ ਅਗਲੇ ਦਿਨਾਂ ਵਿੱਚ ਹੋਰ ਰਾਹਤ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।