ਨਸ਼ੇ ਦੀ ਮਾਰ : ਬਠਿੰਡਾ ਸ਼ਹਿਰ ‘ਚ ਚਿੱਟੇ ਨੇ ਲਈ ਮੁਟਿਆਰ ਦੀ ਜਾਨ

Drug Abuse, Girl, Life, Chitta, Bathinda City

ਨਸ਼ੇ ਦੀ ਮਾਰ : ਬਠਿੰਡਾ ਸ਼ਹਿਰ ‘ਚ ਚਿੱਟੇ ਨੇ ਲਈ ਮੁਟਿਆਰ ਦੀ ਜਾਨ

ਅਸ਼ੋਕ ਵਰਮਾ, ਬਠਿੰਡਾ 

ਕਿਸੇ ਮਜ਼ਬੂਰੀ ਵੱਸ ਆਰਕੈਸਟਰਾ ਦਾ ਕੰਮ ਕਰਦਿਆਂ ਨਸ਼ੇ ਦੀ ਦਲਦਲ ‘ਚ ਧਸ ਚੁੱਕੀ ਅਤੇ ਚਿੱਟੇ ਦਾ ਸ਼ਿਕਾਰ ਲੜਕੀ ਨੇ ਮੰਗਲਵਾਰ ਸਵੇਰੇ ਆਪਣੇ ਘਰੇ ਦਮ ਤੋੜ ਦਿੱਤਾ। ਮੌਤ ਦੇ ਅਸਲ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਆਉਣ ‘ਤੇ ਲੱਗ ਸਕੇਗਾ ਪਰ ਮੁੱਢਲੇ ਸੰਕੇਤ ਨਸ਼ੇ ਦੀ ਓਵਰਡੋਜ਼ ਹੀ ਬਿਆਨ ਕਰ ਰਹੇ ਹਨ। ਇਹ ਉਹੀ ਲੜਕੀ ਹੈ ਜੋ ਤਿੰਨ ਜੂਨ ਨੂੰ ਬਠਿੰਡਾ ਦੇ ਸਨਅਤੀ ਵਿਕਾਸ ਕੇਂਦਰ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੀ ਸੀ ਉਦੋਂ ਇਸ ਲੜਕੀ ਨੂੰ ਸਹਾਰਾ ਵਰਕਰਾਂ ਨੇ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਹੋਸ਼ ‘ਚ ਆਉਂਦਿਆਂ ਲੜਕੀ ਨੇ ਮੀਡੀਆ ਅੱਗੇ ਚਿੱਟੇ ਦੀ ਲੱਤ ਦਾ ਸ਼ਿਕਾਰ ਹੋਣ ਦੀ ਗੱਲ ਕਬੂਲ ਕੇ ਪ੍ਰਸ਼ਾਸਨ ਦੇ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਸ ਲੜਕੀ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਇਕੱਲੀ ਨਹੀਂ ਉਸ ਦੀਆਂ ਕਈ ਸਹੇਲੀਆਂ ਚਿੱਟੇ ਦੀ ਮਾਰ ਹੇਠ ਹਨ  ਮੰਨਿਆ ਜਾ ਰਿਹਾ ਹੈ ਕਿ ਜੇਕਰ ਉਦੋਂ ਅਧਿਕਾਰੀਆਂ ਨੇ ਲੜਕੀ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਦਾਖਲ ਕਰਵਾਇਆ ਹੁੰਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।

ਜਾਣਕਾਰੀ ਅਨੁਸਾਰ ਨਸ਼ੇ ਦੀ ਦਲਦਲ ‘ਚ ਧਸੀ ਇਸ ਲੜਕੀ ਨੂੰ ਊਧਮ ਸਿੰਘ ਨਗਰ ਦੀ ਰਹਿਣ ਵਾਲੀ ਸੀਮਾ ਗੰਭੀਰ ਅਵਸਥਾ ‘ਚ ਸਿਵਲ ਹਸਪਤਾਲ ‘ਚ ਲਿਆਂਦੀ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀਮਾ ਅਨੁਸਾਰ ਉਹ ਉਨ੍ਹਾਂ ਦੇ ਪੜੋਸ ‘ਚ ਇੱਕ ਨੌਜਵਾਨ ਨਾਲ ਰਹਿੰਦੀ ਸੀ ਅਤੇ ਉਹ ਦੋਵੇਂ ਨਸ਼ੇ ਦੇ ਆਦੀ ਸਨ ਉਸ ਨੇ ਦੱਸਿਆ ਕਿ ਲੜਕੀ ਦੇ ਨਾਲ ਰਹਿਣ ਵਾਲਾ ਨੌਜਵਾਨ ਕਿਸੇ ਨਿੱਜੀ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਹੈ। ਲੜਕੀ ਇੱਥੇ ਕਿਰਾਏ ‘ਤੇ ਰਹਿੰਦੀ ਸੀ,ਪੱਕੇ ਤੌਰ ‘ਤੇ ਕਿੱਥੋਂ ਦੀ ਰਹਿਣ ਵਾਲੀ ਹੈ ਇਸ ਬਾਰੇ ਕੋਈ ਪਤਾ ਨਹੀਂ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਅਮਿਤ ਕੰਬੋਜ ਦਾ ਕਹਿਣਾ ਸੀ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ‘ਤੇ ਲੱਗੇਗਾ ਪਰ ਮੁਢਲੇ ਤੌਰ ‘ਤੇ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਪਹਿਲਾਂ ਵੀ ਇੱਕ ਹਫਤਾ ਸਿਵਲ ਹਸਪਤਾਲ ‘ਚ ਦਾਖਲ ਰਹੀ ਹੈ।

ਮੇਰਾ ਕੋਈ ਵਾਰਿਸ ਨਹੀਂ ਇਕੱਲੀ ਹਾਂ

ਮੌਤ ਤੋਂ ਦੋ ਹਫਤੇ ਪਹਿਲਾਂ ਹਸਪਤਾਲ ‘ਚ ਦਾਖਲ ਇਸ ਲੜਕੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਹ ਆਰਕੈਸਟਰਾ ਡਾਂਸਰ ਹੈ ਅਤੇ ਉਦੋਂ ਤੋਂ ਹੀ ਨਸ਼ੇ ਦੀ ਆਦੀ ਹੈ। ਉਸ ਦੀਆਂ ਕਈ ਸਹੇਲੀਆਂ ਵੀ ਇਸ ਲਾਅਨਤ ਦਾ ਸ਼ਿਕਾਰ ਹਨ ਇੱਕ ਲੜਕੀ ਨੇ ਹੀ ਉਸ ਨੂੰ ਚਿੱਟੇ ਦਾ ਨਸ਼ਾ ਸ਼ੁਰੂ ਕਰਵਾਇਆ ਸੀ। ਬਾਅਦ ‘ਚ ਉਹੀ ਚਿੱਟਾ ਲਿਆ ਕੇ ਦਿੰਦੀ ਸੀ ਉਹ ਚਿੱਟਾ ਕਿੱਥੋਂ ਲਿਆ ਕੇ ਦਿੰਦੀ ਸੀ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਸੀ ਕਿ ਉਸ ਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਛੱਡ ਨਹੀਂ ਸਕੀ। ਹੁਣ ਉਸ ਦਾ ਸਰੀਰ ਸਾਥ ਨਹੀਂ ਦੇ ਰਿਹਾ ਪਰ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਲੜਕੀ ਮੁਤਾਬਕ ਉਹ ਲਾਵਾਰਿਸ ਹੈ ਅਤੇ ਉਸ ਦਾ ਮਾਂ ਬਾਪ ਕੋਈ ਵੀ ਨਹੀਂ ਹੈ ਹੈਰਾਨਕੁੰਨ ਹੈ ਕਿ ਲੜਕੀ ਦੀ ਅਪੀਲ ਮੀਡੀਆ ‘ਚ ਆਉਣ ਦੇ ਬਾਵਜੂਦ ਪ੍ਰਸ਼ਾਸ਼ਨ ਦੀ ਸਿਹਤ ‘ਤੇ ਕੋਈ ਅਸਰ ਨਹੀਂ ਪਿਆ।

ਨਸ਼ਾ ਸਪਲਾਇਰ ਲੜਕੀ ਨਹੀਂ ਲੱਭੀ

ਨਸ਼ੇ ਦਾ ਸ਼ਿਕਾਰ ਲੜਕੀ ਵੱਲੋਂ ਖੁਲਾਸਾ ਕਰਨ ਦੇ ਬਾਵਜੂਦ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੀ ਲੜਕੀ ਦਾ ਸੁਰਾਗ ਲਾਉਣਾ ਜਰੂਰੀ ਹੀ ਨਹੀਂ ਸਮਝਿਆ ਹੈ। ਪੁਲਿਸ ਨੇ ਇਸ ਖੁਲਾਸੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਸ਼ੇ ‘ਚ ਫਸੀਆਂ ਬਾਕੀ ਕੁੜੀਆਂ ਦਾ ਪਤਾ ਲਗਾਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਵੀ ਕੋਈ ਯਤਨ ਨਹੀਂ ਕੀਤੇ।

ਮ੍ਰਿਤਕਾ ਦੇ ਵਾਰਿਸਾਂ ਦਾ ਪਤਾ ਲਾ ਕੇ ਕਾਰਵਾਈ

ਵਰਧਮਾਨ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਗਣੇਸ਼ਵਰ ਕੁਮਾਰ ਦਾ ਕਹਿਣਾ ਸੀ ਕਿ ਪੁਲਿਸ ਉਸ ਨੂੰ ਹਸਪਤਾਲ ਲਿਆਉਣ ਵਾਲੀ ਸੀਮਾ ਤੋਂ ਮ੍ਰਿਤਕਾ ਦੇ ਨਾਲ ਰਹਿਣ ਵਾਲੇ ਨੌਜਵਾਨ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਮ੍ਰਿਤਕ ਲੜਕੀ ਦੇ ਵਾਰਿਸਾਂ ਦੀ ਤਲਾਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।