ਪਾਕਿਸਤਾਨ ਸਾਹਮਣੇ ਰੱਖਿਆ 337 ਦੌੜਾਂ ਦਾ ਟੀਚਾ, ਵਿਰਾਟ ਅਤੇ ਰਾਹੁਲ ਨੇ ਬਣਾਏ ਅਰਧ ਸੈਂਕੜੇ
ਏਜੰਸੀ, ਮੈਨਚੇਸਟਰ
ਵਿਸ਼ਵ ਕੱਪ ਦੇ 22ਵੇਂ ਮੈਚ ‘ਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੇ ਪਾਕਿਸਤਾਨ ਸਾਹਮਣੇ 337 ਦੌੜਾਂ ਦਾ ਟੀਚਾ ਰੱਖਿਆ ਹੈ। ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਨੇ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਰੋਹਿਤ ਨੇ 140 ਅਤੇ ਰਾਹੁਲ ਨੇ 57 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਨੇ 77 ਦੌੜਾਂ ਦਾ ਯੋਗਦਾਨ ਦਿੱਤਾ। ਰੋਹਿਤ ਸ਼ਰਮਾ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 113 ਗੇਂਦਾਂ ‘ਚ 14 ਚੌਕੇ ਅਤੇ ਤਿੰਨ ਛੱਕੇ ਲਾਏ। ਪਾਕਿਸਤਾਨ ਵੱਲੋਂ ਮੁਹੰਮਦ ਆਮਿਰ ਸਭ ਤੋਂ ਸਫਲ ਗੇਂਦਬਾਜ਼ ਰਹੇ ਉਨ੍ਹਾਂ ਨੇ 3 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਭਾਰਤ ਦੀ ਓਪਨਿੰਗ ਸਾਂਝੇਦਾਰੀ ਵਹਾਬ ਰਿਆਜ ਨੇ ਤੋੜੀ ਉਨ੍ਹਾਂ ਨੇ ਵਿਸ਼ਵ ਕੱਪ ‘ਚ ਆਪਣਾ ਪਹਿਲਾ ਅਰਧ ਸੈਂਕੜਾ ਲਾਉਣ ਵਾਲੇ ਕੇ.ਐਲ ਰਾਹੁਲ ਨੂੰ ਪਵੇਲੀਅਨ ਭੇਜਿਆ ਰੋਹਿਤ-ਰਾਹੁਲ ਨੇ ਪਹਿਲੀ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ ਪਾਂਡਿਆ 26 ਦੌੜਾਂ ਬਣਾ ਕੇ ਆਊਟ ਹੋਏ ਉਨ੍ਹਾਂ ਨੂੰ ਮੁਹੰਮਦ ਆਮਿਰ ਨੇ ਬਾਬਰ ਆਜਮ ਹੱਥੋਂ ਕੈਚ ਆਉੂਟ ਕਰਵਾਇਆ। ਮਹਿੰਦਰ ਸਿੰਘ ਧੋਨੀ ਸਿਰਫ ਇੱਕ ਦੌੜ ਬਣਾ ਕੇ ਆਮਿਰ ਦੀ ਗੇਂਦ ‘ਤੇ ਆਊਟ ਹੋ ਗਏ। ਕੇਦਾਰ ਜਾਧਵ 9 ਅਤੇ ਵਿਜੈ ਸ਼ੰਕਰ 15 ਦੌੜਾਂ ਬਣਾ ਕੇ ਨਾਬਾਦ ਰਹੇ।
ਰੋਹਿਤ ਦਾ 24ਵਾਂ ਸੈਂਕੜਾ, ਸਚਿਨ ਅਤੇ ਵਿਰਾਟ ਨੂੰ ਪਿੱਛੇ ਛੱਡਿਆ
ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਸ਼ਰਮਾ (140) ਨੇ ਆਪਣੇ ਕਰੀਅਰ ਦਾ 24ਵਾਂ ਵੰਨਡੇ ਸੈਂਕੜਾ ਬਣਾ ਲਿਆ ਹੈ। ਰੋਹਿਤ ਨੇ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਮੁਕਾਬਲੇ ‘ਚ ਆਪਣਾ 24ਵਾਂ ਵੰਨਡੇ ਸੈਂਕੜਾ ਬਣਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਹਮਵਤਨ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। 32 ਸਾਲ ਰੋਹਿਤ ਆਪਣੇ 209ਵੇਂ ਮੈਚ ‘ਚ ਇਸ ਉਪਲੱਬਧੀ ‘ਤੇ ਪਹੁੰਚੇ ਹਨ। ਉਹ ਇਸ ਸਮੇਂ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਨੌਵੇਂ ਸਥਾਨ ‘ਤੇ ਹਨ।
ਰੋਹਿਤ ਦਾ ਇਸ ਵਿਸ਼ਵ ਕੱਪ ‘ਚ ਇਹ ਦੂਜਾ ਸੈਂਕੜਾ ਹੈ। ਰੋਹਿਤ ਨੇ 5 ਜੂਨ ਨੂੰ ਸਾਊਥੈਂਪਟਨ ‘ਚ ਦੱਖਣੀ ਅਫਰੀਕਾ ਖਿਲਾਫ ਮੈਚ ਜੇਤੂ ਨਾਬਾਦ 122 ਦੌੜਾਂ ਬਣਾਈਆਂ ਸਨ। 24 ਵੰਨਡੇ ਸੈਂਕੜੇ ਬਣਾਉਣ ‘ਚ ਸਭ ਤੋਂ ਘੱਟ ਪਾਰੀਆਂ ਲੈਣ ਦੇ ਮਾਮਲੇ ‘ਚ ਰੋਹਿਤ ਹਮਵਤਨ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਇਸ ਸੈਂਕੜੇ ਨਾਲ ਉਹ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵ ਕੱਪ ‘ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਖਿਡਾਰੀ ਬਣ ਗਏ ਹਨ ਅਤੇ ਇਸ ਮਾਮਲੇ ‘ਚ ਉਨ੍ਹਾਂ ਨੇ ਆਪਣੇ ਕਪਤਾਨ ਵਿਰਾਟ ਦੇ 107 ਦੌੜਾਂ ਨੂੰ ਪਿੱਛੇ ਛੱਡਿਆ ਹੈ।
ਵਿਰਟ ਬਣੇ ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਤੇਜ਼ 11 ਹਜ਼ਾਰੀ ਬਣ ਗਏ ਹਨ ਅਤੇ ਇਸ ਮਾਮਲੇ ‘ਚ ਉਨ੍ਹਾਂ ਨੇ ਆਪਣੇ ਦੇਸ਼ ਦੇ ਹੀ ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। 11 ਸਾਲ ਤੋਂ ਇੱਕ ਰੋਜ਼ਾ ਕ੍ਰਿਕਟ ਖੇਡ ਰਹੇ ਵਿਰਾਟ ਨੇ ਇੰਗਲੈਂਡ ‘ਚ ਚੱਲ ਰਹੇ ਇੱਕ ਰੋਜ਼ਾ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਮੁਕਾਬਲੇ ‘ਚ ਆਪਣੀ ਪਾਰੀ ਦੀ 57ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਪ੍ਰਾਪਤੀ ਆਪਣੇ ਨਾਂਅ ਕਰ ਲਈ। ਵਿਰਾਟ 222ਵੀਂ ਪਾਰੀ ‘ਚ ਇਸ ਮੁਕਾਮ ‘ਤੇ ਪਹੁੰਚੇ ਜਦੋਂਕਿ ਸਚਿਨ ਨੇ 11 ਹਜ਼ਾਰ ਦੌੜਾਂ ਲਈ 276 ਪਾਰੀਆਂ ਖੇਡੀਆਂ ਸਨ। ਵਿਰਾਟ ਵੰਨਡੇ ‘ਚ 11 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਭਾਰਤ ਦੇ ਤੀਜੇ ਅਤੇ ਦੁਨੀਆਂ ਦੇ ਨੌਵੇਂ ਬੱਲੇਬਾਜ ਬਣ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।