ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜਿੰਦਗੀ ‘ਚ ਰੁੱਖਾਂ ਦਾ ਬੜਾ ਅਹਿਮ ਸਥਾਨ ਹੈ। ਇਨਸਾਨ ਦੇ ਜਨਮ ਤੋਂ ਲੈ ਕੇ ਅੰਤ ਤੱਕ ਰੁੱਖ ਸਾਥ ਨਿਭਾਉਂਦੇ ਹਨ। ਰੁੱਖ ਅਨੇਕਾਂ ਤਰੀਕਿਆਂ ਨਾਲ ਇਨਸਾਨ ਦੀ ਮੱਦਦ ਕਰਦੇ ਹਨ। ਠੰਢੀਆਂ ਛਾਵਾਂ ਦੇਣ ਤੋਂ ਲੈ ਕੇ ਦੇਹ ਅਰੋਗਤਾ ਲਈ ਦਵਾਈਆਂ ਅਤੇ ਸ਼੍ਰਿਸਟੀ ਦੀ ਸੁੰਦਰਤਾ ਦੇ ਇਜ਼ਾਫੇ ‘ਚ ਰੁੱਖ ਜਿਕਰਯੋਗ ਭੂਮਿਕਾ ਨਿਭਾਉਂਦੇ ਹਨ। ਇਨਸਾਨੀ ਜਿੰਦਗੀ ‘ਚ ਰੁੱਖਾਂ ਦਾ ਇੰਨਾ ਜਿਆਦਾ ਮਹੱਤ ਹੋਣ ਦੇ ਬਾਵਜ਼ੂਦ ਮਨੁੱਖ ਰੁੱਖਾਂ ਪ੍ਰਤੀ ਆਪਣੇ ਰੁੱਖੇ ਵਤੀਰੇ ਤੋਂ ਬਾਜ਼ ਨਹੀਂ ਆ ਰਿਹਾ। ਪਹਿਲਾਂ ਤੋਂ ਹੀ ਵਣਾਂ ਦੀ ਘਾਟ ਨਾਲ ਜੂਝਦੇ ਸਾਡੇ ਸੂਬੇ ‘ਚ ਵਣਾਂ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਬਦਲਦੇ ਖੇਤੀ ਢੰਗਾਂ ਨੇ ਖੇਤਾਂ ‘ਚੋਂ ਰੁੱਖ ਅਲੋਪ ਹੀ ਕਰ ਦਿੱਤੇ ਹਨ। ਕਦੇ ਹਰੇ -ਭਰੇ ਰੁੱਖਾਂ ਨਾਲ ਲਹਿਰਾਉਂਦੇ ਖੇਤ ਅੱਜ-ਕੱਲ੍ਹ ਰੇਗਿਸਤਾਨ ਬਣੇ ਪਏ ਹਨ। ਦੂਰ-ਦੂਰ ਤੱਕ ਰੁੱਖਾਂ ਦਾ ਨਾਂਅ ਨਿਸ਼ਾਨ ਨਜ਼ਰ ਨਹੀਂ ਆਉਂਦਾ। ਪੁਰਾਣੇ ਬਜ਼ੁਰਗ ਰੁੱਖ ਲਾ ਕੇ ਤੇ ਉਸ ਦੀ ਸੰਭਾਲ ਕਰਕੇ ਰਾਹਗੀਰਾਂ ਲਈ ਛਾਂ ਦਾ ਬੰਦੋਬਸਤ ਕਰਨ ਨੂੰ ਪੁੰਨ ਦਾ ਕੰਮ ਸਮਝਦੇ ਸਨ। ਪਰ ਸਮੇਂ ਦੀ ਚਾਲ ਵੇਖੋ ਅੱਜ-ਕੱਲ੍ਹ ਕੋਈ ਕਿਸੇ ਨੂੰ ਰੁੱਖ ਲਾਉਣ ਨਹੀਂ ਦਿੰਦਾ। ਰਸਤਿਆਂ ਦੇ ਕਿਨਾਰਿਆਂ ‘ਤੇ ਰੁੱਖ ਲਾਉਣ ‘ਤੇ ਖੇਤਾਂ ਦੇ ਮਾਲਕ ਸਖ਼ਤ ਇਤਰਾਜ਼ ਪ੍ਰਗਟਾਉਂਦੇ ਹਨ। ਪਿਛਲੇ ਦਿਨੀਂ ਅਖਬਾਰ ‘ਚ ਇੱਕ ਖਬਰ ਪੜ੍ਹੀ ਕਿ ਕਿਸੇ ਨੇ ਰੰਜਿਸ਼ ਤਹਿਤ ਰੁੱਖ ਦੀਆਂ ਜੜ੍ਹਾਂ ‘ਚ ਤੇਜ਼ਾਬ ਪਾ ਦਿੱਤਾ ਤੇ ਰੁੱਖ ਵਿਚਾਰਾ ਸੁੱਕ ਗਿਆ। ਆਪਸੀ ਰੰਜਿਸ਼ ਲਈ ਰੁੱਖਾਂ ਨੂੰ ਨਿਸ਼ਾਨਾ ਬਣਾਉਣਾ ਇਨਸਾਨੀ ਗਿਰਾਵਟ ਦੀ ਨਿਸ਼ਾਨੀ ਹੈ। ਵਿਕਾਸ ਵੀ ਰੁੱਖਾਂ ‘ਤੇ ਭਾਰੂ ਪੈ ਰਿਹਾ ਹੈ। ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਸਦੀਆਂ ਪੁਰਾਣੇ ਦਰੱਖਤਾਂ ਦੀ ਮਿੰਟਾਂ-ਸਕਿੰਟਾਂ ‘ਚ ਬਲੀ ਲੈ ਲਈ ਜਾਂਦੀ ਹੈ। ਰੁੱਖ ਕੱਟਣ ਦੀ ਮਨਜੂਰੀ ਸ਼ਾਇਦ ਸਭ ਤੋਂ ਸੌਖੀ ਤੇ ਜਲਦੀ ਪ੍ਰਕਿਰਿਆ ਹੈ।
ਪਿਛਲੇ ਦਿਨੀਂ ਸੂਬੇ ‘ਚ ਹੋਏ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਹੋਇਆ ਰੁੱਖਾਂ ਦਾ ਉਜਾੜਾ ਅੱਜ ਤੱਕ ਦਾ ਸਭ ਤੋਂ ਵੱਡਾ ਰੁੱਖ ਉਜਾੜਾ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪੁਰਾਣੇ ਦਰੱਖਤਾਂ ਦੇ ਉਜਾੜੇ ਉਪਰੰਤ ਨਵੇਂ ਦਰੱਖਤ ਲਾਉਣ ਦੀ ਪ੍ਰਕਿਰਿਆ ਬਹੁਤ ਹੌਲੀ ਹੈ। ਪੁਰਾਣੇ ਦਰੱਖਤਾਂ ਦੀ ਕਟਾਈ ਦੇ ਇਵਜ਼ ‘ਚ ਨਵੇਂ ਦਰੱਖਤ ਲਾਉਣ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਰੱਤੀ ਭਰ ਵੀ ਗੰਭੀਰ ਨਜ਼ਰ ਨਹੀਂ ਆਉਂਦੇ। ਅਸੀਂ ਵਿਕਾਸ ਮਾਡਲ ਤਾਂ ਵਿਦੇਸ਼ਾਂ ਵਾਲਾ ਅਪਣਾਉਣ ਦੀ ਤਾਂਘ ਵਿੱਚ ਹਾਂ ਪਰ ਕੁਦਰਤ ਪ੍ਰਤੀ ਵਿਦੇਸ਼ਾਂ ਵਾਲੀ ਪਹੁੰਚ ਸਾਡੇ ਏਜੰਡੇ ‘ਤੇ ਨਹੀਂ ਹੈ। ਵਿਦੇਸ਼ਾਂ ‘ਚ ਰੁੱਖਾਂ ਦੀਆਂ ਭਾਵਨਾਵਾਂ ਦੀ ਇਨਸਾਨਾਂ ਵਾਂਗ ਕਦਰ ਕੀਤੀ ਜਾਂਦੀ ਹੈ। ਰੁੱਖ ਕੱਟਣ ਦੀ ਮਨਜੂਰੀ ਇੱਕ ਲੰਮੀ ਪ੍ਰਕਿਰਿਆ ਉਪਰੰਤ ਮਿਲਦੀ ਹੈ। ਕੋਈ ਵੀ ਆਪਣਾ ਨਿੱਜੀ ਰੁੱਖ ਵੀ ਪ੍ਰਸ਼ਾਸਨਿਕ ਮਨਜ਼ੂਰੀ ਤੋਂ ਬਿਨਾਂ ਨਹੀਂ ਕੱਟ ਸਕਦਾ। ਰੁੱਖ ਕੱਟਣ ਦੀ ਮਨਜੂਰੀ ਉਪਰੰਤ ਵੀ ਨਵੇਂ ਦਰੱਖਤ ਲਾਉਣ ਦਾ ਹਲਫਨਾਮਾ ਲਿਆ ਜਾਂਦਾ ਹੈ ਤੇ ਨਵੇਂ ਦਰੱਖਤ ਲਾਉਣ ਦਾ ਹਲਫਨਾਮਾ ਨਿਭਾਇਆ ਜਾਂ ਨਹੀਂ, ਦਾ ਬਕਾਇਦਾ ਨਿਰੀਖਣ ਹੁੰਦਾ ਹੈ। ਸੂਬੇ ‘ਚ ਘਟ ਰਹੇ ਵਣਾਂ ਹੇਠਲੇ ਰਕਬੇ ਦੀ ਬਦੌਲਤ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਵਾਤਾਵਰਨ ਇੱਕ ਤਰ੍ਹਾਂ ਨਾਲ ਅੱਗ ਦੀ ਭੱਠੀ ਬਣਿਆ ਪਿਆ ਹੈ। ਚਾਲ੍ਹੀ-ਪੰਤਾਲੀ ਡਿਗਰੀ ਤਾਪਮਾਨ ਆਮ ਰਹਿਣ ਲੱਗ ਪਿਆ ਹੈ। ਪਰ ਅਫਸੋਸ ਅਸੀਂ ਗਰਮੀ ਨਾਲ ਨਜਿੱਠਣ ਲਈ ਤਪਸ਼ ਵਿੱਚ ਇਜ਼ਾਫਾ ਕਰਨ ਵਾਲੇ ਤਰੀਕਿਆਂ ਦਾ ਹੀ ਇਸਤੇਮਾਲ ਕਰਨ ‘ਚ ਮਸ਼ਰੂਫ ਹਾਂ। ਅਸੀਂ ਏਅਰ ਕੰਡੀਸ਼ਨਰਾਂ ਨਾਲ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ‘ਚ ਆਲੇ-ਦੁਆਲੇ ਨੂੰ ਹੋਰ ਗਰਮ ਕਰ ਲਿਆ ਹੈ। ਕਮਰਿਆਂ ਅੰਦਰ ਠੰਢਕ ਪੈਦਾ ਕਰਨ ਵਾਲੇ ਇਹ ਯੰਤਰ ਬਾਹਰ ਵਾਤਾਵਰਨ ‘ਚ ਕਿੰਨੀ ਤਪਸ਼ ਪੈਦਾ ਕਰਦੇ ਹਨ, ਦਾ ਸਾਨੂੰ ਇਲਮ ਹੀ ਨਹੀਂ।
ਤਪਸ਼ ਵਿੱਚ ਹੋ ਰਿਹਾ ਇਜ਼ਾਫਾ ਤੇ ਰੁੱਖਾਂ ਦੀ ਘਟ ਰਹੀ ਗਿਣਤੀ ਪ੍ਰਤੀ ਸਾਡੀ ਫਿਕਰਮੰਦੀ ਸਿਰਫ ਸੋਸ਼ਲ ਮੀਡੀਆ ਅਤੇ ਅਖਬਾਰਾਂ ਤੱਕ ਮਹਿਦੂਦ ਹੁੰਦੀ ਜਾ ਰਹੀ ਹੈ। ਰੁੱਖ ਲਗਾਉਣ ਪ੍ਰਤੀ ਅਸੀਂ ਮਹਿਜ਼ ਡਰਾਮੇਬਾਜ਼ੀਆਂ ‘ਚ ਮਸ਼ਰੂਫ ਹਾਂ। ਪਿਛਲੇ ਦਿਨੀਂ ਮਨਾਏ ਵਾਤਾਵਰਨ ਦਿਵਸ ਦੌਰਾਨ ਰੁੱਖ ਲਾਉਣ ਦੀਆਂ ਹੋਈਆਂ ਗਤੀਵਿਧੀਆਂ ਨੂੰ ਵੇਖਦਿਆਂ ਜਾਪਦਾ ਹੈ ਕਿ ਜੇਕਰ ਸੱਚਮੁੱਚ ਹੀ ਇੰਨੇ ਰੁੱਖ ਲਾਏ ਗਏ ਹੋਣ ਤਾਂ ਸੂਬੇ ਨੂੰ ਹਰਿਆ-ਭਰਿਆ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਰੁੱਖ ਲਾਉਣ ਦੀਆਂ ਗਤੀਵਧੀਆਂ ਸਿਰਫ ਵਿਖਾਵਾ ਸਨ। ਰੁੱਖ ਲਾ ਕੇ ਉਹਨਾਂ ਦੀਆਂ ਫੋਟੋਆਂ ਅਖਬਾਰਾਂ ‘ਚ ਛਪਵਾ ਕੇ ਖੁਸ਼ ਹੋਣ ਨਾਲ ਤਪਸ਼ ਤੋਂ ਰਾਹਤ ਨਹੀਂ ਮਿਲਣ ਵਾਲੀ। ਹਕੀਕਤ ਹੈ ਕਿ ਲਾਏ ਰੁੱਖਾਂ ਦੀ ਸੰਭਾਲ ਕੋਈ ਨਹੀਂ ਕਰਦਾ। ਲੱਖਾਂ ਦੀ ਗਿਣਤੀ ‘ਚ ਲਾਏ ਰੁੱਖਾਂ ‘ਚੋਂ ਸੈਂਕੜੇ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਸਾਡਾ ਮਨੋਰਥ ਤਾਂ ਪੌਦੇ ਲਾ ਕੇ ਫੋਟੋ ਅਖਬਾਰ ‘ਚ ਛਪਣ ਨਾਲ ਪੂਰਾ ਹੋ ਗਿਆ ਫਿਰ ਰੁੱਖਾਂ ਦੀ ਮੁੜ ਕੇ ਸਾਰ ਲੈਣ ਦੀ ਕੀ ਜਰੂਰਤ ਹੈ।
ਤਪਸ਼ ਦੇ ਇਜ਼ਾਫੇ ਪ੍ਰਤੀ ਫਿਕਰਮੰਦੀ ਦਾ ਦੌਰ ਸੋਸ਼ਲ ਮੀਡੀਆ ‘ਤੇ ਵੀ ਬੜੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਵਧਦੀ ਤਪਸ਼, ਰੁੱਖਾਂ ਦੀ ਘਾਟ ਤੇ ਰੁੱਖਾਂ ਦੀ ਸੰਭਾਲ ਨਾ ਹੋਣ ਤੋਂ ਲੈ ਕੇ ਰੁੱਖਾਂ ਦੀ ਬੇਝਿਜਕ ਕਟਾਈ ਪ੍ਰਤੀ ਹਰ ਕੋਈ ਇੱਕ-ਦੂਜੇ ਤੋਂ ਜਿਆਦਾ ਫਿਕਰਮੰਦ ਜਾਪਦਾ ਹੈ। ਵਿਦੇਸ਼ਾਂ ਦੀਆਂ ਉਦਾਹਰਨਾਂ ਦੇ-ਦੇ ਕੇ ਉਪਦੇਸ਼ ਦਿੱਤੇ ਜਾ ਰਹੇ ਹਨ। ਕੈਨੇਡਾ ‘ਚ ਰੁੱਖਾਂ ਦੀ ਕਿੰਨੀ ਕਦਰ ਹੈ ਤੇ ਅਮਰੀਕਾ ‘ਚ ਕਿੰਨੀ ਆਦਿ ਬੜੇ ਵਿਸਥਾਰ ਨਾਲ ਪੋਸਟਾਂ ਪਾ ਕੇ ਦੱਸਿਆ ਜਾ ਰਿਹਾ ਹੈ। ਇੱਕ ਰੁੱਖ ਕਿੰਨੀ ਆਕਸੀਜਨ ਦਿੰਦਾ ਹੈ? ਇੱਕ ਏਅਰ ਕੰਡੀਸ਼ਨ ਵਾਤਾਵਰਨ ‘ਚ ਕਿੰਨੀ ਤਪਸ਼ ਦਿੰਦਾ ਹੈ? ਸਭ ਕੁੱਝ ਬੜੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਪਰ ਸੋਸ਼ਲ ਮੀਡੀਆਂ ‘ਤੇ ਫਿਕਰੰੰਦੀ ਦੇ ਇਹ ਅਲੰਬਰਦਾਰ ਹਕੀਕਤ ‘ਚ ਵਾਤਾਵਰਨ ਪ੍ਰਤੀ ਕਿੰਨੇ ਕੁ ਫਿਕਰਮੰਦ ਹਨ ਦਾ ਪਤਾ ਤਾਂ ਇਹਨਾਂ ਦੀਆਂ ਹਰਕਤਾਂ ਤੋਂ ਹੀ ਲੱਗਦਾ ਹੈ। ਸੋਸ਼ਲ ਮੀਡੀਆ ਦੇ ਇਹਨਾਂ ਅਖੌਤੀ ਵਾਤਾਵਰਨ ਰਖਵਾਲਿਆਂ ਨੇ ਹਕੀਕਤ ‘ਚ ਸ਼ਾਇਦ ਕਦੇ ਕੋਈ ਰੁੱਖ ਲਾਇਆ ਨਹੀਂ ਹੋਣਾ ਅਤੇ ਰੁੱਖ ਨੂੰ ਪਾਣੀ ਆਦਿ ਦੇ ਕੇ ਸੰਭਾਲ ਕਰਨਾ ਤਾਂ ਦੂਰ ਰਿਹਾ। ਵਾਤਾਵਰਨ ਦੀ ਸੰਭਾਲ ਪ੍ਰਤੀ ਫਿਕਰਮੰਦੀ ਤੇ ਰੁੱਖ ਲਾ ਕੇ ਅਖਬਾਰਾਂ ਅਤੇ ਸੋਸ਼ਲ ਮੀਡੀਆ ਨੂੰ ਹਰਿਆ-ਭਰਿਆ ਬਣਾਉਣ ਨਾਲ ਤਪਸ਼ ਨਹੀਂ ਘਟਣ ਲੱਗੀ। ਖਤਰੇ ਵੱਲ ਵਧ ਰਹੇ ਤਪਸ਼ ਦੇ ਇਜ਼ਾਫੇ ਨੂੰ ਠੱਲ੍ਹਣ ਲਈ ਹੁਣ ਡਰਾਮਿਆਂ ਦੀ ਬਜਾਏ ਹਕੀਕਤ ਵਿੱਚ ਅਮਲਾਂ ਦੀ ਜਰੂਰਤ ਹੈ। ਸੜਕਾਂ, ਰਸਤਿਆਂ ਦੇ ਦੁਆਲੇ ਖਾਲੀ ਥਾਵਾਂ ਤੋਂ ਲੈ ਕੇ ਨਹਿਰਾਂ, ਸੂਇਆਂ ਅਤੇ ਪੰਚਾਇਤੀ/ਸ਼ਾਮਲਾਟੀ ਥਾਵਾਂ ਨੂੰ ਤੁਰੰਤ ਰੁੱਖ ਲਾ ਕੇ ਹਰਿਆ-ਭਰਿਆ ਬਣਾਉਣ ਨਾਲ ਹੀ ਵਾਤਾਵਰਨ ਦੀ ਸੰਭਾਲ ਦਾ ਹਕੀਕਤ ਭਰਪੂਰ ਹੋਕਾ ਦਿੱਤਾ ਜਾ ਸਕਦਾ ਹੈ।
ਸ਼ਕਤੀ ਨਗਰ,ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।