ਰਾਹੁਲ ਨੇ ਨਹੀਂ ਦਿਖਾਈ ਸ਼ਿਕਾਇਤ ‘ਚ ਜ਼ਿਆਦਾ ਦਿਲਚਸਪੀ, ਵਿਭਾਗ ਵਾਪਸੀ ਬਾਰੇ ਨਹੀਂ ਦਿੱਤਾ ਕੋਈ ਭਰੋਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੱਧੂ ਦਾ ‘ਲੈਟਰ ਬੰਬ’ ਕੋਈ ਵੀ ਅਸਰ ਨਹੀਂ ਛੱਡ ਸਕਿਆ ਅਤੇ ਦਿੱਲੀ ਦਰਬਾਰ ਵਿੱਚ ਨਵਜੋਤ ਸਿੱਧੂ ਦੀ ਉਮੀਦਾਂ ਦੇ ਉਲਟ ਅਮਰਿੰਦਰ ਸਿੰਘ ਅੱਗੇ ਇਹ ‘ਲੈਟਰ ਬੰਬ’ ਵੀ ਫੁੱਸ ਹੋ ਗਿਆ, ਜਿਸ ਕਾਰਨ ਨਵਜੋਤ ਸਿੱਧੂ ਨੂੰ ਦਿੱਲੀ ਤੋਂ ਨਿਰਾਸ਼ ਹੋ ਕੇ ਵਾਪਸੀ ਕਰਨੀ ਪਈ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਗੱਲਬਾਤ ਸੁਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸ ਲੀਡਰ ਅਹਿਮਦ ਪਟੇਲ ਦੀ ਡਿਊਟੀ ਸਾਰੇ ਵਿਵਾਦ ਦੇ ਨਿਪਟਾਰੇ ਲਈ ਲਾ ਦਿੱਤੀ ਹੈ ਪਰ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਵਾਪਸੀ ਲਈ ਕੋਈ ਵੀ ਭਰੋਸਾ ਨਹੀਂ ਦਿੱਤਾ ਦੱਸਿਆ ਜਾ ਰਿਹਾ। ਨਵਜੋਤ ਸਿੱਧੂ ਪਿਛਲੇ 2 ਦਿਨ ਤੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ, ਸੋਮਵਾਰ ਨੂੰ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਮੁਲਾਕਾਤ ਤਾਂ ਹੋਈ ਹੈ ਪਰ ਸਿੱਧੂ ਨੂੰ ਦੋਹਾਂ ਤੋਂ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਦੀ ਇਸ਼ਾਰਾ ਮਿਲਣ ਦੀ ਥਾਂ ‘ਤੇ ਨਵੇਂ ਵਿਭਾਗ ਦਾ ਕਾਰਜਕਾਲ ਸੰਭਾਲਨ ਦੇ ਆਦੇਸ਼ ਹੀ ਜਾਰੀ ਕਰ ਦਿੱਤੇ ਗਏ ਹਨ। ਨਵਜੋਤ ਸਿੱਧੂ ਨੇ ਦਿੱਲੀ ਦਰਬਾਰ ਵਿੱਚ ਵੀ ਕੋਈ ਜਿਆਦਾ ਸੁਣਵਾਈ ਨਹੀਂ ਹੋਣ ਦੇ ਕਾਰਨ ਬਿਜਲੀ ਵਿਭਾਗ ਦਾ ਕਾਰਜਕਾਲ ਵੀ ਸੰਭਾਲਨ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਸਿੱਧੂ ਦੇ ਕਰੀਬੀ ਦੋਸਤ ਨਵਜੋਤ ਸਿੱਧੂ ਨੂੰ ਅਜੇ ਕੁਝ ਦਿਨ ਇੰਤਜ਼ਾਰ ਕਰਨ ਦੀ ਹੀ ਸਲਾਹ ਦੇ ਰਹੇ ਹਨ। ਸਿੱਧੂ ਦੇ ਕਰੀਬੀ ਚਾਹੁੰਦੇ ਹਨ ਕਿ ਅਹਿਮਦ ਪਟੇਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣ ਤੋਂ ਬਾਅਦ ਉਨਾਂ ਕੋਲ ਇਹ ਬਹਾਨਾ ਹੋਏਗਾ ਕਿ ਦਿੱਲੀ ਦਰਬਾਰ ਵਲੋਂ ਕਾਰਵਾਈ ਕੀਤੀ ਗਈ ਹੈ ਅਤੇ ਸਮਝੌਤਾ ਵੀ ਕਰਵਾ ਦਿੱਤਾ ਗਿਆ ਹੈ, ਇਸ ਲਈ ਹੀ ਉਹ ਵਿਭਾਗ ਸੰਭਾਲ ਰਹੇ ਹਨ।
ਇੱਥੇ ਦੱਸਣ ਯੋਗ ਹੈ ਕਿ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਂਹਦੇ ਹੋਏ ਬ੍ਰਹਮਮਹਿੰਦਰਾਂ ਨੂੰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਸਨ। ਦਿੱਲੀ ਵਿਖੇ ਸੋਮਵਾਰ ਨੂੰ ਗਾਂਧੀ ਪਰਿਵਾਰ ਨਾਲ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੇ ਪਿਛਲੇ 15 ਦਿਨਾਂ ਦੌਰਾਨ ਹੋਏ ਵਿਵਾਦ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਦੀ ਸ਼ਿਕਾਇਤ ਵੀ ਕੀਤੀ ਕਿ ਕਿਵੇਂ ਝੂਠੇ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਸ਼ਹਿਰੀ ਸੀਟਾਂ ‘ਚ ਹਾਰ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।