ਕਰਨਾ ਸੀ ਹਾਰ ‘ਤੇ ਮੰਥਨ, ਕੁਰਸੀ ਬਚਾਉਣ ‘ਤੇ ਮੰਥਨ ਕਰਦੀ ਨਜ਼ਰ ਆਈ ‘ਆਪ’

Chanting, Chair, Aap

ਬਾਗੀ ਵਿਧਾਇਕਾਂ ਨੂੰ ਨਾਲ ਲੈ ਕੇ ਬਚਾਉਣਾ ਚਾਹੁੰਦੀ ਐ ‘ਆਪ’ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਕੁਰਸੀ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਕੁਰਸੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਇੰਨੀ ਜ਼ਿਆਦਾ ਚਿੰਤਤ ਹੈ ਕਿ ਦਿੱਲੀ ਵਿਖੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਹੋਈਆਂ 12 ਸੀਟਾਂ ‘ਤੇ ਹਾਰ ਨੂੰ ਲੈ ਕੇ ਸੱਦੀ ਗਈ ਮੰਥਨ ਮੀਟਿੰਗ ਦੌਰਾਨ ਸਿਰਫ਼ ਵਿਰੋਧੀ ਧਿਰ ਦੀ ਕੁਰਸੀ ਨੂੰ ਲੈ ਕੇ ਹੀ ਚਰਚਾ ਕੀਤੀ ਗਈ ਕਿ ਕਿਵੇਂ ਇਸ ਨੂੰ ਬਚਾਇਆ ਜਾਵੇ। ਮੀਟਿੰਗ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਇਸ ਕੁਰਸੀ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹਨ, ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਗੀ ਹੋਏ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ‘ਚ ਜੁਟੇਗੀ ਤਾਂ ਕਿ ਕਿਸੇ ਵੀ ਹਾਲਤ ਵਿੱਚ ਇਸ ਕੁਰਸੀ ਨੂੰ ਬਚਾਇਆ ਜਾ ਸਕੇ। ਇਸ ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਗੈਰ ਹਾਜ਼ਰ ਰਹੇ।
ਅਰਵਿੰਦ ਕੇਜਰੀਵਾਲ ਦੀ ਕੋਠੀ ਵਿਖੇ ਹੋਈ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ‘ਚ ਹੋਈ ਹਾਰ ਬਾਰੇ ਚਰਚਾ ਤਾਂ ਦੂਰ ਹੋਈ ਪਰ ਕੁਝ ਹੀ ਮਿੰਟ ਵਿੱਚ ਇਸ ਚਰਚਾ ਨੂੰ ਖਤਮ ਕਰਦੇ ਹੋਏ ਇਸ ਹਾਰ ਦੇ ਮੰਥਨ ਲਈ ਮੁੜ ਤੋਂ ਵੱਖਰੀ ਮੀਟਿੰਗ ਸੱਦਣ ਦਾ ਫੈਸਲਾ ਲਿਆ ਗਿਆ ਤੇ ਅੱਜ ਦੀ ਮੀਟਿੰਗ ‘ਚ ਕਿਹੜੇ ਕਿਹੜੇ ਨਰਾਜ਼ ਤੇ ਬਾਗੀ ਵਿਧਾਇਕ ਨੂੰ ਮਨਾਉਣਾ ਹੈ, ਇਸ ਨੂੰ ਲੈ ਕੇ ਹੀ ਰਣਨੀਤੀ ਬਣਾਈ ਗਈ। ਆਪ ਦੀ ਕੌਮੀ ਲੀਡਰਸ਼ਿਪ ਜਿਹੜੀ ਪਹਿਲਾਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦਾ ਨਾਂਅ ਵੀ ਲੈਣ ਤੋਂ ਗੁਰੇਜ਼ ਕਰਦੀ ਸੀ, ਉਹ ਹੀ ਲੀਡਰਸ਼ਿਪ ਹੁਣ ਪੰਜਾਬ ਦੇ ਵਿਧਾਇਕਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਮਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਵਿਧਾਨ ਸਭਾ ‘ਚ ਵਿਧਾਇਕਾਂ ਦੀ ਗਿਣਤੀ ਘਟਣ ਕਾਰਨ ਵਿਰੋਧੀ ਧਿਰ ਦੀ ਕੁਰਸੀ ਕਿਸੇ ਵੀ ਹੀਲੇ ਆਮ ਆਦਮੀ ਪਾਰਟੀ ਦੇ ਹੱਥੋਂ ਨਹੀਂ ਜਾਣੀ ਚਾਹੀਦੀ।
ਮੀਟਿੰਗ ਤੋਂ ਬਾਅਦ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਸਾਰੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਉਨ੍ਹਾਂ ਦੀ ਪਾਰਟੀ ਕਰੇਗੀ ਤੇ ਉਮੀਦ ਹੈ ਕਿ ਸਾਰੇ ਨਰਾਜ਼ ਵਿਧਾਇਕ ਮੁੜ ਤੋਂ ਆਪਣੀ ਪਾਰਟੀ ਨਾਲ ਆਉਂਦੇ ਹੋਏ ਇਕਜੁਟਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਸਣੇ ਸਾਰੇ ਵਿਧਾਇਕਾਂ ਤੱਕ ਪਹੁੰਚ ਕੀਤੀ ਜਾਏਗੀ। ਇੱਥੇ ਹੀ ਉਨ੍ਹਾਂ ਦੱਸਿਆ ਕਿ ਹਾਰ ਦੇ ਮੰਥਨ ਲਈ ਸਾਰੇ ਲੋਕ ਸਭਾ ਦੇ ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਣੇ ਪੂਰੀ ਯੂਨਿਟ ਦੀ ਇੱਕ ਸਾਂਝੀ ਮੀਟਿੰਗ ਸੱਦੀ ਜਾਏਗੀ, ਜਿਸ ‘ਚ ਇਸ ਸਬੰਧੀ ਵਿਚਾਰਾਂ ਕੀਤੀ ਜਾਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ