ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰਹਿਣਗੇ ਕਾਂਗਰਸੀ ਸੰਸਦ, ਅਮਰਿੰਦਰ ਨੇ ਸੱਦਿਆ ਚਾਹ ‘ਤੇ

Congress, MPs, Modi, Ceremony, Amarinder

ਕੈਬਨਿਟ ਦੇ ਸਾਰੇ ਮੰਤਰੀਆਂ ਸਣੇ ਕਾਂਗਰਸੀ ਵਿਧਾਇਕ ਵੀ ਹੋਣਗੇ ਸ਼ਾਮਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪੰਜਾਬ ਦੇ 8 ਕਾਂਗਰਸੀ ਸੰਸਦ ਮੈਂਬਰ ਦੂਰ ਹੀ ਰਹਿਣਗੇ। ਇਨ੍ਹਾਂ ਸੰਸਦ ਮੈਂਬਰਾਂ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਣ ਲਈ ਅਮਰਿੰਦਰ ਸਿੰਘ ਨੇ ਖ਼ੁਦ ਆਪਣੇ ਕੋਲ ਚਾਹ ਪਾਰਟੀ ‘ਤੇ ਸੱਦ ਲਿਆ ਹੈ। ਕਾਂਗਰਸ ਪਾਰਟੀ ਤੋਂ ਜਿੱਤ ਪ੍ਰਾਪਤ ਕਰਨ ਵਾਲੇ 8 ਸੰਸਦ ਮੈਂਬਰ ਦਿੱਲੀ ਦੀ ਥਾਂ ਕੱਲ੍ਹ ਸ਼ਾਮ ਚੰਡੀਗੜ੍ਹ ਵਿਖੇ ਹੀ ਬਿਤਾਉਣਗੇ ਅਤੇ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ। ਇਸ ਚਾਹ ਪਾਰਟੀ ਦੀ ਮੀਟਿੰਗ ਵਿੱਚ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਸਣੇ ਕੈਬਨਿਟ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ, ਜਿੱਥੇ ਕਿ ਰੂਟੀਨ ਮੀਟਿੰਗ ਕਰਦੇ ਹੋਏ ਉਹ ਗੁਫ਼ਤਗੂ ਕਰਨਗੇ।

ਦਿੱਲੀ ਵਿਖੇ ਦੇਰ ਸ਼ਾਮ ਹੋਣ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਖ਼ੁਦ ਅਮਰਿੰਦਰ ਸਿੰਘ ਵੀ ਭਾਗ ਲੈਣ ਲਈ ਨਹੀਂ ਜਾ ਰਹੇ ਹਨ। ਅਮਰਿੰਦਰ ਸਿੰਘ ਚੰਡੀਗੜ੍ਹ ਵਿਖੇ ਹੀ ਰਹਿੰਦੇ ਹੋਏ ਆਪਣੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਕੰਮਕਾਜ ਨੂੰ ਨਿਪਟਾਉਣਗੇ ਅਤੇ ਸ਼ਾਮ ਨੂੰ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨਾਲ ਮਿਲਣਗੇ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦੇਸ਼ ਦੇ ਲਗਭਗ ਸਾਰੇ ਮੁੱਖ ਮੰਤਰੀਆਂ ਸਣੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੱਦਾ ਪੱਤਰ ਭੇਜਿਆ ਹੈ। ਇਸ ਸੱਦੇ ਪੱਤਰ ਤੋਂ ਪੰਜਾਬ ਦੇ 8 ਕਾਂਗਰਸੀ ਸੰਸਦ ਮੈਂਬਰਾਂ ਨੂੰ ਦੂਰ ਰੱਖਣ ਲਈ ਚੰਡੀਗੜ੍ਹ ਵਿਖੇ ਸੱਦ ਲਿਆ ਗਿਆ ਹੈ। ਕੱਲ੍ਹ ਦੀ ਸ਼ਾਮ ਸਾਰੇ ਨਵੇਂ ਸੰਸਦ ਮੈਂਬਰ ਚੰਡੀਗੜ੍ਹ ਵਿਖੇ ਹੀ ਬਿਤਾਉਣਗੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਸਾਰੇ ਨਵੇਂ ਸੰਸਦ ਮੈਂਬਰਾਂ ਲਈ ਚਾਹ ਪਾਰਟੀ ਦਾ ਇੰਤਜ਼ਾਮ ਰੱਖਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਅਤੇ ਸਾਰੇ ਕਾਂਗਰਸੀ ਵਿਧਾਇਕ ਵੀ ਸੱਦੇ ਗਏ ਹਨ। ਹਾਲਾਂਕਿ ਅਮਰਿੰਦਰ ਸਿੰਘ ਇਸ ਚਾਹ ਪਾਰਟੀ ਨੂੰ ਅੱਗੇ ਪਿੱਛੇ ਵੀ ਰੱਖ ਸਕਦੇ ਸਨ ਪਰ ਉਨ੍ਹਾਂ ਵੱਲੋਂ ਇਸ ਚਾਹ ਪਾਰਟੀ ਨੂੰ ਉਸੇ ਦਿਨ ਹੀ ਰੱਖਿਆ ਗਿਆ ਹੈ, ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਗੁਪਤ ਸਹੁੰ ਚੁੱਕਣ ਦੇ ਨਾਲ ਹੀ ਸਰਕਾਰ ਬਣਾ ਰਹੇ ਹੋਣਗੇ। ਅਮਰਿੰਦਰ ਸਿੰਘ ਦੀ ਇਸ ਰਣਨੀਤੀ ਬਾਰੇ ਖ਼ੁਦ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰ ਵੀ ਹੈਰਾਨ ਹਨ ਕਿ ਉਸ ਸ਼ਾਇਦ ਵੈਸੇ ਹੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਜਾ ਰਹੇ ਸਨ ਪਰ ਉਸੇ ਦਿਨ ਅਤੇ ਉਸੇ ਸਮੇਂ ਚਾਹ ਪਾਰਟੀ ਰੱਖਣ ਦਾ ਫ਼ਾਰਮੂਲਾ ਉਨ੍ਹਾਂ ਨੂੰ ਸਮਝ ਨਹੀਂ ਆਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।