ਪੰਜਾਬ ‘ਚ ਆਪ ਦੇ ਨਾਲ ਅਕਾਲੀ ਦਲ ਦਾ ਵੀ ਭੋਗ ਪੈ ਚੁੱਕਿਐ: ਭੱਠਲ
ਖਨੌਰੀ, ਬਲਕਾਰ/ਕੁਲਵੰਤ
ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਰੈਲੀ ਅਨਾਜ ਮੰਡੀ ਖਨੌਰੀ ਵਿੱਚ ਕੀਤੀ ਗਈ, ਜਿਸ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ਇਸ ਮੌਕੇ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ ਇਸ ਲਈ ਉਸ ਨੂੰ ਬਚਾਉਣ ਲਈ ਭਾਜਪਾ ਦੀ ਸਰਕਾਰ ਨੂੰ ਬਦਲਣਾ ਜਰੂਰੀ ਹੈ। ਜੇਕਰ ਇਹ ਮੋਦੀ ਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਈ ਤਾਂ ਸੰਵਿਧਾਨ ਨੂੰ ਖਤਮ ਕਰ ਦੇਵੇਗੀ, ਜਿਸ ਦੇਸ਼ ਦਾ ਸੰਵਿਧਾਨ ਖਤਮ ਹੋ ਜਾਵੇ ਉਹ ਦੇਸ਼ ਗੁਲਾਮ ਹੋ ਜਾਂਦਾ ਹੈ। ਇਸ ਭਾਜਪਾ ਦੀ ਸਰਕਾਰ ਨੇ ਟੈਕਸ ‘ਤੇ ਟੈਕਸ ਲਾ ਕੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਖਰਚ ਵਧਿਆ ਹੈ ਆਮਦਨ ਵਿੱਚ ਕੋਈ ਵੀ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਰਾਜ ‘ਚ ਲੋਕਾਂ ਨੂੰ ਮਾੜੇ ਦਿਨ ਦੇਖਣੇ ਨਸੀਬ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨੀ ਕਰਜ਼ਾ ਮੁਕਤ ਹੋਵੇਗੀ, ਜਿਸ ਕਾਰਨ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨੀ ਪਵੇਗੀ। ਗਰੀਬਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬੋਲਦਿਆਂ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਭੋਗ ਪੈ ਚੁੱਕਿਆ ਹੈ। ਭਗਵੰਤ ਮਾਨ ਦੀ ਹਮਾਇਤ ‘ਚ ਪੰਜਾਬ ਵਿੱਚ ਆਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਹੈ, ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੀ ਹਸ਼ਰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਪਾਰਟੀ ਲਈ ਯੋਗ ਉਮੀਦਵਾਰ ਵੀ ਨਸੀਬ ਨਹੀਂ ਹੋਏ। ਇਨ੍ਹਾਂ ਪੰਜਾਬ ਵਿੱਚ ਵਿਕਾਸ ਦੀ ਥਾਂ ਨਸ਼ਿਆਂ ਦਾ ਕਾਰੋਬਾਰ ਚਲਾਇਆ ਹੈ, ਜਿਸ ਕਾਰਨ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਨੌਰੀ ‘ਚ ਸਭ ਤੋਂ ਪਹਿਲਾਂ ਕਾਲਜ ਬਣਾਇਆ ਜਾਵੇਗਾ। ਇੰਡਸਟਰੀਆਂ ਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਖਨੌਰੀ ਮੰਡੀ ਪਹੁੰਚਣ ‘ਤੇ ਨਗਰ ਪੰਚਾਇਤ ਪ੍ਰਧਾਨ ਗਿਰਧਾਰੀ ਲਾਲ ਗਰਗ ਤੇ ਰਾਮਦੀਆ ਧਾਲੀਵਾਲ, ਟੱਰਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਗੂਲਾੜੀ, ਬਾਲਾ ਸਿੰਘ ਠਸਕਾ, ਪੋਲੋਜੀਤ ਮਕੋਰੜ ਸਾਹਿਬ ਨੇ ਹੁੱਡਾ ਸਹਿਬ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਰਘਵੀਰ ਸਿੰਘ ਬਨਾਰਸੀ, ਬਲਾਕ ਸੰਮਤੀ ਮੈਂਬਰ ਚੇਤਾ ਮੰਡਵੀ, ਵਕੀਲ ਮੁਛਾਲ, ਸੰਤ ਰੂਪ ਗੈਹਲਾਂ, ਆਤਮਾ ਕਾਲਾ, ਸੰਜੀਵ ਰੰਗਾ, ਰਾਜਪਾਲ ਸਿੰਘ ਨੈਨ ਬੌਪੁਰ, ਸਾਬਕਾ ਸਰਪੰਚ ਲੱਖੀ ਰਾਮ ਗੁਲਾੜ੍ਹੀ, ਮੀਂਹਾ ਖਾਨ ਅਨਦਾਨਾ, ਡਾ. ਸੁਰਿੰਦਰ ਸੈਣੀ, ਸਰਪੰਚ ਅਮਿਤ ਕੁਮਾਰ ਅਨਦਾਨਾ, ਸਰਪੰਚ ਰਾਜੇਸ਼ ਗੁਲਾੜੀ, ਸਰਪੰਚ ਰਾਜਪਾਲ ਬੋਪੁਰ, ਸਰਪੰਚ ਰਿਸੀਰਾਮ ਬਨਾਰਸੀ ਆਦਿ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।