ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 ਦੇ ਪਰਮਾਣੂ ਸਮਝੌਤੇ ਤੋਂ ਹੌਲੀ ਹੌਲੀ ਦੇਸ਼ ਵੱਖ ਹੋ ਰਹੇ ਹਨ ਪਰ ਉਹ ਇਰਾਨ ਦੇ ਆਗੂਆਂ ਨੂੰ ਸਲਾਹ ਦਿੰਦੇ ਹਨ ਕਿ ਅਮਰੀਕਾ ਦੀ ਪਰਵਾਹ ਕੀਤੇ ਬਿਨਾਂ ਉਹ ਇਸ ਇਤਿਹਾਸਕ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਯੂਰਪ ਨੇ ਇਸ ਸਮਝੌਤੇ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਅਤੇ ਜੇਕਰ ਹੁਣ ਇਰਾਨ ਪਰਮਾਣੂ ਸਮਝੌਤੇ ਦੇ ਅੰਤਰਗਤ ਸਾਂਝੇ ਸਮਗਰ ਕਾਰਜ ਯੋਜਨਾ (ਜੇਸੀਪੀਓਏ) ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ ਤਾਂ ਸਾਰੇ ਉਸ ਨੂੰ ਦੋਸ਼ੀ ਠਹਿਰਾਉਣਗੇ। ਇਸ ਤੋਂ ਪਹਿਲਾਂ ਇਰਾਨ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ ‘ਤੇ ਪਰਮਾਣੂ ਸਮਝੌਤੇ ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਸੀ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਸ੍ਰੀ ਪੁਤਿਨ ਨੇ ਕਿਹਾ ਕਿ ਰੂਸ ਇਸ ਪਰਮਾਣੂ ਸਮਝੌਤੇ ‘ਚ ਵਿਚੋਲਗੀ ਕਰਕੇ ਖੁਸ਼ ਹੈ ਅਤੇ ਭਵਿੱਖ ‘ਚ ਵੀ ਮਦਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।