ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰਨਗੇ ਪੰਜਾਬ ਵੱਲ ਰੁੱਖ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ ਦੇ 6ਵੇਂ ਦੌਰ ਦਾ ਪ੍ਰਚਾਰ ਵੀ ਬੰਦ ਹੋ ਗਿਆ ਹੈ। ਜਿਸ ਕਾਰਨ ਦੇਸ਼ ਭਰ ਦੇ ਵੱਡੇ ਲੀਡਰ ਹੁਣ ਲਗਭਗ ਵਿਹਲੇ ਹੋ ਗਏ ਹਨ ਅਤੇ ਹੁਣ ਉਹ ਪੰਜਾਬ ਵੱਲ ਨੂੰ ਰੁੱਖ ਕਰਨ ਜਾ ਰਹੇ ਹਨ, ਜਿਥੇ ਕਿ ਆਖਰੀ 7ਵੇਂ ਗੇੜ ਵਿੱਚ ਚੋਣਾਂ ਹੋਣਗੀਆਂ। ਪੰਜਾਬ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਪ੍ਰਚਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਨਰਿੰਦਰ ਮੋਦੀ ਵੱਲੋਂ 2 ਰੈਲੀਆਂ ਪੰਜਾਬ ਵਿੱਚ ਕਰਨ ਲਈ ਹਾਮੀ ਭਰ ਦਿੱਤੀ ਗਈ ਹੈ, ਜਦੋਂ ਕਿ ਅਮਿਤ ਸ਼ਾਹ ਇੱਕ ਰੈਲੀ ਪੰਜਾਬ ਵਿੱਚ ਕਰ ਚੁੱਕੇ ਹਨ ਅਤੇ 2 ਰੈਲੀਆਂ ਹੋਰ ਕਰਨ ਦੀ ਤਿਆਰੀ ਵਿੱਚ ਹਨ।
ਇਥੇ ਹੀ ਕਾਂਗਰਸ ਲਈ ਦੇਸ਼ ਭਰ ਵਿੱਚ ਪ੍ਰਚਾਰ ਕਰਨ ਵਿੱਚ ਲਗੇ ਹੋਏ ਪੰਜਾਬ ਦੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਪੰਜਾਬ ਵਿੱਚ ਪ੍ਰਚਾਰ ਕਰਨਗੇ ਜਾਂ ਨਹੀਂ ਕਰਨਗੇ, ਇਸ ਸਬੰਧੀ ਕਾਂਗਰਸ ਪਾਰਟੀ ਸਣੇ ਖ਼ੁਦ ਨਵਜੋਤ ਸਿੱਧੂ ਨੇ ਚੁੱਪ ਵੱਟੀ ਹੋਈ ਹੈ। ਇਥੇ ਹੀ ਗੁਰਦਾਸਪੁਰ ਵਿਖੇ ਚੋਣ ਲੜ ਰਹੇ ਸੰਨੀ ਦਿਓਲ ਲਈ ਹੁਣ ਫਿਲਮੀ ਸਿਤਾਰੇ ਮੇਲਾ ਲਾਉਣ ਲਈ ਜਲਦ ਹੀ ਗੁਰਦਾਸਪੁਰ ਦੀ ਧਰਤੀ ‘ਤੇ ਦਿਖਾਈ ਦੇਣਗੇ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਗੁਰਦਾਸਪੁਰ ਪੁੱਜ ਗਏ ਹਨ, ਜਦੋਂ ਕਿ ਇਸ ਤੋਂ ਬਾਅਦ ਹੇਮਾ ਮਾਲਿਨੀ ਦੇ ਆਉਣ ਦੇ ਵੀ ਚਰਚੇ ਹਨ।
ਇਨਾਂ ਵੱਡੇ ਲੀਡਰਾਂ ਅਤੇ ਸਿਤਾਰਿਆਂ ਦੇ ਆਉਣ ਨਾਲ ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਜੰਮ ਕੇ ਪ੍ਰਚਾਰ ਹੋਣ ਦੀ ਉਮੀਦ ਲਗਾਈ ਜਾ ਰਹੀਂ ਹੈ। ਪੰਜਾਬ ਵਿੱਚ ਵੀ ਉਮੀਦਵਾਰ ਆਪਣੇ ਆਖਰੀ ਗੇੜ ਦੇ ਪ੍ਰਚਾਰ ਨੂੰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। ਹਰ ਉਮੀਦਵਾਰ ਨੇ ਇੱਕ ਇੱਕ ਵਾਰ ਹਰ ਵਿਧਾਨ ਸਭਾ ਹਲਕੇ ਵਿੱਚ ਗੇੜਾ ਮਾਰ ਦਿੱਤਾ ਹੈ, ਜਦੋਂ ਕਿ ਹੁਣ ਉਹ ਆਪਣੇ ਆਖਰੀ ਗੇੜ ਦਾ ਪ੍ਰਚਾਰ ਕਰਨਗੇ।
ਹਰਿਆਣਾ ਦੇ ਮੁੱਖ ਮੰਤਰੀ ਸਣੇ ਮੰਤਰੀ ਪੁੱਜਣਗੇ ਪੰਜਾਬ
ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਨਾਂ ਦੇ ਮੰਤਰੀ ਪੰਜਾਬ ਦਾ ਰੁੱਖ ਕਰਨ ਦੀ ਤਿਆਰੀ ਵਿੱਚ ਹਨ। ਹਰਿਆਣਾ ਦੇ ਕੈਬਨਿਟ ਮੰਤਰੀ ਡਿਮਾਂਡ ਅਨੁਸਾਰ ਪੰਜਾਬ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ, ਜਦੋਂ ਕਿ ਮਨੋਹਰ ਲਾਲ ਖੱਟਰ ਸਿਰਫ ਵੱਡੀ ਰੈਲੀਆਂ ਵਿੱਚ ਹੀ ਭਾਗ ਲੈਣ ਲਈ ਆਉਣਗੇ। ਪੰਜਾਬ ਵਿੱਚ ਪ੍ਰਚਾਰ ਲਈ ਪ੍ਰੋਗਰਾਮ ਕੈਪਟਨ ਅਭਿਮੰਨਿਊ ਤਿਆਰ ਕਰਨ ਵਿੱਚ ਲਗੇ ਹੋਏ ਹਨ। ਅਭਿਮੰਊ ਵਲੋਂ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਹੀ ਪ੍ਰਚਾਰ ਕੀਤਾ ਜਾਏਗਾ। ਇਹ ਸਾਰੇ ਭਾਜਪਾ ਲੀਡਰ ਸੋਮਵਾਰ ਤੋਂ ਬਾਅਦ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।