ਸਰਕਾਰੀ ਸਕੂਲਾਂ ਦੇ 88.21 ਫੀਸਦੀ ਬੱਚੇ ਪਾਸ ਹੋਏ, ਮੈਰਿਟ ਲਿਸਟ ‘ਚ ਵੀ ਕੀਤੀ ਵਾਪਸੀ
ਚੰਡੀਗੜ੍ਹ(ਅਸ਼ਵਨੀ ਚਾਵਲਾ) | ਪਿਛਲੇ ਕਈ ਸਾਲਾਂ ਤੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮਾੜੇ ਨਤੀਜਿਆਂ ਲਈ ਚਰਚਾ ‘ਚ ਰਹੇ ਸਰਕਾਰੀ ਸਕੂਲਾਂ ਨੇ ਆਪਣੀ ਗੁਆਚੀ ਸ਼ਾਨ ਫਿਰ ਬਹਾਲ ਕਰ ਲਈ ਹੈ ਦਸਵੀਂ ਦੀ ਪ੍ਰੀਖਿਆ 2019 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਪਾਸ ਫੀਸਦੀ ਦਰ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ, ਸਗੋਂ ਮੈਰਿਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਵੱਡੇ ਪੱਧਰ ‘ਤੇ ਸਫ਼ਲਤਾ ਹਾਸਲ ਕੀਤੀ ਹੈ।ਇਸ ਸਫਲਤਾ ਤੋਂ ਗਦਗਦ ਹੋਏ ਸਰਕਾਰ ਦੇ ਉੱਚ ਅਧਿਕਾਰੀ ਵੀ ਸਿੱਖਿਆ ਵਿਭਾਗ ਨੂੰ ਸ਼ਾਬਾਸ਼ ਦਿੰਦੇ ਹੋਏ ਨਹੀਂ ਥੱਕ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਨਤੀਜੇ ਆਉਣ ਤੋਂ ਤੁਰੰਤ ਬਾਅਦ ਪੰਜਾਬ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦੇ ਹੋਏ ਸਾਰੀਆਂ ਨੂੰ ਜੰਮ ਕੇ ਸ਼ਾਬਾਸੀ ਦਿੱਤੀ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ 88.21 ਫੀਸਦੀ ਵਿਦਿਆਰਥੀਆਂ ਨੇ ਇਸ ਸਾਲ ਦਸਵੀਂ ਦੀ ਪ੍ਰੀਖਿਆ ਪਾਸ ਕਰਦੇ ਹੋਏ ਰਿਕਾਰਡ ਕਾਇਮ ਕੀਤਾ ਹੈ ਤੇ ਪ੍ਰਾਈਵੇਟ ਸਕੂਲ ਇਸ ਮਾਮਲੇ ਵਿੱਚ ਸਰਕਾਰੀ ਸਕੂਲਾਂ ਤੋਂ ਪਿੱਛੇ ਰਹਿ ਗਏ ਹਨ। ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ ਦਰ 83.23 ਹੈ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ ਕਈ ਸਾਲਾ ਤੋਂ ਪ੍ਰਾਈਵੇਟ ਸਕੂਲ ਹੀ ਪਾਸ ਫ਼ੀਸਦੀ ਦਰ ਵਿੱਚ ਅੱਗੇ ਰਹੇ ਹਨ
ਸਰਕਾਰੀ ਸਕੂਲਾਂ ਨੇ ਪਿਛਲੇ ਸਾਲ 58.14 ਫੀਸਦੀ ਪਾਸ ਦਰ ਨਾਲ ਹੀ ਕੰਮ ਚਲਾਇਆ ਸੀ, ਜਦੋਂ ਕਿ ਪ੍ਰਾਈਵੇਟ ਸਕੂਲ ਪਿਛਲੇ ਸਾਲ 72.66 ਫੀਸਦੀ ਨਾਲ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਪਿਛਲੇ 3 ਸਾਲਾ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਦੇ ਨਤੀਜੇ ਵੀ ਕੋਈ ਜਿਆਦਾ ਚੰਗੇ ਨਹੀਂ ਆ ਰਹੇ ਹਨ। ਪਿਛਲੇ 3 ਸਾਲਾ ਦੌਰਾਨ 2016 ਵਿੱਚ 72.25, ਸਾਲ 2017 ਵਿੱਚ 57.50 ਅਤੇ ਸਾਲ 2018 ਵਿੱਚ 59.47 ਫੀਸਦੀ ਦਰ ਨਾਲ ਹੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਾਸ ਹੋਏ ਸਨ ਪਰ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਕਾਫ਼ੀ ਜਿਆਦਾ ਚੰਗੇ ਆਉਣ ਦੇ ਕਾਰਨ ਪਾਸ ਫ਼ੀਸਦੀ ਦਰ 85.56 ਤੱਕ ਪੁੱਜ ਗਈ ਹੈ। ਜਿਸ ਵਿੱਚ ਸਰਕਾਰੀ ਸਕੂਲਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।