ਰੌਕੀ ਦੀ ਭੈਣ ਰਾਜਦੀਪ ਤੇ ਵੈਰੋਕੇ ਕਾਂਗਰਸ ‘ਚ ਸ਼ਾਮਲ

Rocky, Sister, Rajdeep Kaur, Joins, Congress

ਰੌਕੀ ਦੀ ਭੈਣ ਰਾਜਦੀਪ ਤੇ ਵੈਰੋਕੇ ਕਾਂਗਰਸ ‘ਚ ਸ਼ਾਮਲ

ਫਿਰੋਜ਼ਪੁਰ, ਸੱਚ ਕਹੂੰ ਨਿਊਜ਼। ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਨਤਕ ਚੋਣ ਰੈਲੀ ਨੂੰ ਫਾਜ਼ਿਲਕਾ ਵਿਖੇ ਸੰਬੋਧਨ ਕੀਤਾ। ਇਸ ਰੈਲੀ ਦੌਰਾਨ ਕਾਂਗਰਸ ਉਮੀਦਵਾਰ ਦੀ ਚੋਣ ਮਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ‘ਚ ਸ਼ਮੂਲੀਅਤ ਕਰ ਲਈ। ਰਾਜਦੀਪ ਕੌਰ ਦਾ ਕਾਂਗਰਸ ਵਿੱਚ ਸਵਾਗਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਸ ਨਾਲ ਕਾਫੀ ਸਮਰਥਕ ਵੀ ਕਾਂਗਰਸ ਵਿੱਚ ਸ਼ਾਮਲ ਹੋਏ।

ਰਾਜਦੀਪ ਕੌਰ ਨੇ ਫ਼ਾਜ਼ਿਲਕਾ ਤੋਂ ਸਾਲ 2017 ਦੀਆਂ ਵਿਧਾਨ ਸਭਾ ਦੀ ਆਜ਼ਾਦ ਚੋਣ ਲਡ਼ ਸੀ ਤੇ 38 ਹਜ਼ਾਰ ਤੋਂ ਵੱਧ ਵੋਟਾਂ ਵੀ ਹਾਸਲ ਕੀਤੀਆਂ ਸਨ। ਫਿਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ।ਇਸ ਮੌਕੇ ਸ਼ੇਰਬਾਜ ਸਿੰਘ ਵੈਰੋਕੇ ਨੇ ਵੀ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ‘ਚ ਸ਼ਮੂਲੀਅਤ ਕੀਤੀ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁੱਟ ਘਸੁੱਟ ਕਰਨ ਵਾਲੇ ਬਾਦਲਾਂ ਤੇ ਕੋਲਿਆਂ ਵਾਲੀ ਨੂੰ ਬਖ਼ਸ਼ਾਂਗੇ ਨਹੀਂ। ਇਸ ਰੈਲੀ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੂੰ ਇੱਕ ਕਰਕੇ ਮੈਨੂੰ ਜਿਤਾ ਸਕਦੇ ਹੋ ਤੇ ਜਿੱਤ ਦੋ ਲੱਖ ‘ਤੇ ਹੋਵੇਗੀ।

ਜੀਰਾ ਨੇ ਪਵਾਈ ਸਾਰਿਆਂ ਤੋ ਸਹੁੰ

ਇਸ ਰੈਲੀ ਦੌਰਾਨ ਘੁਬਾਇਆ ਤੋਂ ਬਾਅਦ ਇੰਦਰਜੀਤ ਸਿੰਘ ਜ਼ੀਰਾ ਨੇ ਮੌਕਾ ਸੰਭਾਲਦਿਆਂ ਸ਼ੇਰ ਸਿੰਘ ਘੁਬਾਇਆ ਦੀ ਵਿਰੋਧਤਾ ਕਰਦੇ ਸਾਰੇ ਲੀਡਰ ਜੋ ਸਟੇਜ ‘ਤੇ ਬੈਠੇ ਸਨ, ਉਸ ਸਮੇਂ ਕਸੂਤੇ ਫਸਾ ਦਿੱਤੇ ਜਦੋਂ ਸਾਰਿਆਂ ਦੇ ਹੱਥ ਖੜ੍ਹੇ ਕਰਕੇ ਸਹੁੰ ਪਵਾ ਕੇ ਜ਼ੀਰਾ ਨੇ ਕਿਹਾ ਕਿ ਪੰਜ ਵਜੇ ਤੋਂ ਲੈ ਕੇ ਦਸ ਵਜੇ ਰਾਤ ਤੱਕ ਸਾਰੇ ਲੀਡਰ ਤੇ ਵਰਕਰ ਸਰਪੰਚ ਇਲੈਕਸ਼ਨ ਦੀ ਤਰ੍ਹਾਂ ਜ਼ੋਰ ਲਗਾਉਣਗੇ ਤੇ ਘੁਬਾਇਆ ਦੀ ਮਦਦ ਕਰਨਗੇ।ਜ਼ੀਰਾ ਦੇ ਦੋ ਵਾਰ ਅਜਿਹੀ ਗੱਲ ਕਹਿਣ ਕਰਕੇ ਸਾਰੇ ਲੀਡਰਾਂ ਨੂੰ ਮਜਬੂਰੀ ਵੱਸ ਹੱਥ ਖੜ੍ਹੇ ਕਰਨੇ ਪਏ ਜਦ ਕਿ ਸਟੇਜ ‘ਤੇ ਬਿਰਾਜਮਾਨ ਲੀਡਰਾਂ ਦੇ ਇਸ ਗੱਲ ਤੋਂ ਚਿਹਰੇ ਉਤਰੇ ਹੋਏ ਸਨ। ਦੱਸਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦੇ ਕਈ ਦਿੱਗਜ਼ ਲੀਡਰ ਨਾਰਾਜ਼ ਚੱਲ ਰਹੇ ਸਨ ਪਰ ਕਈ ਦਿਨਾਂ ਤੋਂ ਉਨ੍ਹਾਂ ਨੇ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਜ਼ੀਰਾ ਦੇ ਇਸ ਨਵੇਂ ਪੈਂਤੜੇ ਨੇ ਕਾਂਗਰਸੀਆਂ ਨੂੰ ਕਿਸੇ ਨਵੇਂ ਤਰੀਕੇ ‘ਤੇ ਮੁੜ ‘ਕੱਠਾ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।