ਮਹਾਰਾਸ਼ਟਰ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ‘ਚ ਬੁੱਧਵਾਰ ਨੂੰ ਨਕਸਲੀਆਂ ਨੇ ਇਕ ਸ਼ਕਤੀਸ਼ਾਲੀ ਬਲਾਸਟ ਕਰ ਕੇ ਪੁਲਸ ਦੇ ਇਕ ਵਾਹਨ ਨੂੰ ਉੱਡਾ ਦਿੱਤਾ, ਜਿਸ ‘ਚ 15 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਚਿਰੌਲੀ ‘ਚ ਨਕਸਲੀਆਂ ਨੇ ਪੁਲਸ ਦੇ ਵਾਹਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪੁਲਸ ਦੀ ਇਕ ਟੀਮ ਇਕ ਮੁਹਿੰਮ ‘ਤੇ ਜਾ ਰਹੀ ਸੀ। ਇਸ ਤੋਂ ਪਹਿਲਾਂ ਸਵੇਰੇ ਨਕਸਲੀਆਂ ਨੇ ਗੜ੍ਹਚਿਰੌਲੀ ਖੇਤਰ ‘ਚ ਇਕ ਸੜਕ ਬਣਾਉਣ ਵਾਲੀ ਕੰਪਨੀ ਦੇ ਘੱਟੋ-ਘੱਟ 25 ਵਾਹਨ ਸਾੜ ਦਿੱਤੇ ਸਨ। ਨਕਸਲੀਆਂ ਵੱਲੋਂ ਪੁਲਸ ਵਾਹਨ ਉਡਾਏ ਜਾਣ ਤੋਂ ਬਾਅਦ ਪੁਲਸ ਅਤੇ ਨਕਸਲੀਆਂ ਦਰਮਿਆਨ ਫਾਇਰਿੰਗ ਵੀ ਹੋਈ। ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ,”ਨਕਸਲੀਆਂ ਦੇ ਇਸ ਕਾਇਰਾਨਾ ਹਮਲੇ ‘ਚ ਸੀ-60 ਫੋਰਸ ਦੇ ਸਾਡੇ 16 ਜਵਾਨ ਸ਼ਹੀਦ ਹੋ ਗਏ ਹਨ ਅਤੇ ਮੇਰੀ ਹਮਦਰਦੀ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਹੈ। ਮੈਂ ਪੁਲਸ ਡਾਇਰੈਕਟਰ ਜਨਰਲ ਅਤੇ ਗੜ੍ਹਚਿਰੌਲੀ ਦੇ ਪੁਲਸ ਮੁਖੀ ਦੇ ਸੰਪਰਕ ‘ਚ ਹਾਂ” ਮੁੱਖ ਮੰਤਰੀ ਨੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਨਕਸਲੀ ਸਮੱਸਿਆ ਨਾਲ ਹੋਰ ਸਖਤੀ ਨਾਲ ਨਿਪਟਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।