ਨਵ ਵਿਆਹੁਤਾ ਦਾ ਪੇਕੇ ਘਰ ‘ਚ ਹੀ ਕਤਲ ਕਰਕੇ ਪਤੀ ਮੌਕੇ ਤੋਂ ਫਰਾਰ
ਮੋਗਾ (ਲਖਵੀਰ ਸਿੰਘ/ਵਿੱਕੀ ਕੁਮਾਰ/ ਭੁਪਿੰਦਰ ਸਿੰਘ) | ਸਥਾਨਕ ਜ਼ੀਰਾ ਰੋਡ ‘ਤੇ ਪੇਕੇ ਘਰ ‘ਚ ਹੀ ਰਹਿ ਰਹੀ ਨਵ ਵਿਆਹੁਤਾ ਲੜਕੀ ਦਾ ਉਸ ਦੇ ਪਤੀ ਵੱਲੋਂ ਹੀ ਰਾਤ ਨੂੰ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ।
ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੀ ਭੂਆ ਮਨਪ੍ਰੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਪਿੰਡ ਸਾਫੂਵਾਲਾ ਨੇ ਦੱਸਿਆ ਕਿ ਉਸ ਦੀ ਭਤੀਜੀ ਗੁਰਪ੍ਰੀਤ ਕੌਰ (19) ਪੁੱਤਰੀ ਰਜਿੰਦਰ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ ਜ਼ੀਰਾ ਰੋਡ ਮੋਗਾ ਦੇ ਓਮ ਪ੍ਰਕਾਸ਼ ਨਾਂਅ ਦੇ ਕਰੀਬ 60 ਸਾਲ ਦੇ ਵਿਅਕਤੀ ਨਾਲ 3 ਸਾਲ ਪਹਿਲਾਂ ਫੇਸਬੁੱਕ ‘ਤੇ ਦੋਸਤੀ ਹੋਈ ਸੀ ਤੇ ਅਕਸਰ ਹੀ ਉਹ ਗੱਲਬਾਤ ਕਰਦੇ ਰਹਿੰਦੇ ਸਨ। ਓਮ ਪ੍ਰਕਾਸ਼ ਆਪਣੇ ਆਪ ਨੂੰ ਐਨਆਰਆਈ ਦੱਸਦਾ ਸੀ ਤੇ ਉਹ ਗੁਰਪ੍ਰੀਤ ‘ਤੇ ਸ਼ਾਦੀ ਲਈ ਦਬਾਅ ਪਾਉਂਦਾ ਸੀ। ਪਰ ਪਰਿਵਾਰ ਨੇ ਸਤੰਬਰ 2018 ‘ਚ ਗੁਰਪ੍ਰੀਤ ਕੌਰ ਦੀ ਸ਼ਾਦੀ ਜਗਰਾਓਂ ਨਿਵਾਸੀ ਰਿੰਪਲ ਨਾਲ ਕਰ ਦਿੱਤੀ। ਇਸ ਤੋਂ ਬਾਅਦ ਉਕਤ ਓਮ ਪ੍ਰਕਾਸ਼ ਮੋਗਾ ਵਿਖੇ ਉਨ੍ਹਾਂ ਦੇ ਘਰ ਤੇ ਗੁਰਪ੍ਰੀਤ ਕੌਰ ਦੇ ਜਗਰਾਓਂ ਸਹੁਰਾ ਘਰ ਪਿੱਛਾ ਕਰਦਾ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਕੇ ਜਗਰਾਓਂ ਸਹੁਰਾ ਘਰ ਤੇ ਮੋਗਾ ਪੇਕਾ ਘਰ ਨੇੜੇ ਆਪਣੇ ਅਫੇਅਰ ਦੇ ਪੋਸਟਰ ਲਗਾ ਕੇ ਬਦਨਾਮ ਕਰਦਾ ਰਿਹਾ। ਇਨ੍ਹਾਂ ਹਲਾਤਾਂ ਦੇ ਚਲਦਿਆਂ ਗੁਰਪ੍ਰੀਤ ਕੌਰ ਦੀ ਸ਼ਾਦੀ ਤੋਂ ਇੱਕ ਮਹੀਨੇ ਬਾਅਦ ਹੀ ਆਪਣੇ ਪਤੀ ਨਾਲ ਤਲਾਕ ਹੋ ਗਿਆ ਤੇ ਉਹ ਮੋਗਾ ਵਿਖੇ ਆਪਣੇ ਪੇਕੇ ਘਰ ਰਹਿਣ ਲੱਗੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਦੀ ਸ਼ਾਦੀ ਉਕਤ ਓਮ ਪ੍ਰਕਾਸ਼ ਨਾਲ ਕਰ ਦਿੱਤੀ। ਇਸ ਤੋਂ ਬਾਅਦ ਓਮ ਪ੍ਰਕਾਸ਼ ਵੀ ਮੋਗਾ ਵਿਖੇ ਉਸੇ ਘਰ ‘ਚ ਹੀ ਰਹਿਣ
ਲੱਗ ਪਿਆ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਓਮ ਪ੍ਰਕਾਸ਼ ਮੰਗਲਵਾਰ ਦੀ ਰਾਤ ਨੂੰ ਕਰੀਬ 10 ਵਜੇ ਆਪਣੀ ਪਤਨੀ ਵਾਸਤੇ ਜੂਸ ਤੇ ਆਈਸਕ੍ਰੀਮ ਲੈ ਕੇ ਆਇਆ ਤੇ ਉਹ ਆਪਣੇ ਕਮਰੇ ‘ਚ ਜਾ ਕੇ ਸੌਂ ਗਏ। ਬੁੱਧਵਾਰ ਦੀ ਸਵੇਰੇ ਕਰੀਬ 6 ਵਜੇ ਉਸ ਦੀ ਭਰਜਾਈ (ਮ੍ਰਿਤਕਾ ਦੀ ਮਾਂ) ਜਸਵਿੰਦਰ ਕੌਰ ਨੇ ਉਠ ਕੇ ਦੇਖਿਆ ਤਾਂ ਓਮ ਪ੍ਰਕਾਸ਼ ਆਪਣੇ ਕਮਰੇ ‘ਚੋਂ ਗਾਇਬ ਸੀ ਉਸ ਨੇ ਆਪਣੀ ਲੜਕੀ ਗੁਰਪ੍ਰੀਤ ਕੌਰ ਨੂੰ ਚਾਹ ਬਣਾਉਣ ਲਈ ਉਠਾਉਣ ਲਈ ਅਵਾਜ਼ ਦਿੱਤੀ ਤਾਂ ਉਹ ਨਾ ਉੱਠੀ ਤੇ ਜਦ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਨੱਕ ‘ਚੋਂ ਖੂਨ ਨਿਕਲ ਰਿਹਾ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ‘ਤੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ (ਡੀ) ਜਸਪਾਲ ਸਿੰਘ, ਡੀਐੱਸਪੀ ਸਿਟੀ ਪਰਮਜੀਤ ਸਿੰਘ, ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਗਤਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਮਾਜ ਸੇਵਾ ਸੁਸਾਇਟੀ ਦੀ ਗੱਡੀ ਰਾਹੀਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੇ ਭਰਾ ਦਵਿੰਦਰ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਉਕਤ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਵਾਸੀ ਬੀਹਲਾ ਬੰਜੂ ਜ਼ਿਲ੍ਹਾ ਗੁਰਦਾਸਪੁਰ ਖਿਲਾਫ ਥਾਣਾ ਸਿਟੀ ਮੋਗਾ ‘ਚ ਮਾਮਲਾ ਦਰਜ ਕਰਕੇ ਮ੍ਰਿਤਕਾ ਦੀ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।