ਕਿਹਾ : ਲੋਕਾਂ ਦੇ ਰੋਹ ਤੋਂ ਡਰਦਾ ਚੋਣ ਮੈਦਾਨ ‘ਚ ਨਹੀਂ ਆਇਆ ਮਨਪ੍ਰੀਤ ਬਾਦਲ
ਬਠਿੰਡਾ (ਸੁਖਜੀਤ ਮਾਨ) | ਸ੍ਰੋਮਣੀ ਅਕਾਲੀ ਦਲ (ਬ) ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਮਗਰੋਂ ਬਠਿੰਡਾ ਦਾ ਸਿਆਸੀ ਅਖਾੜਾ ਸਿਖਰਾਂ ਨੂੰ ਛੂਹਣ ਲੱਗਿਆ ਹੈ ਦੋਵਾਂ ਹੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਇੱਕ-ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾਣ ਲੱਗੇ ਹਨ ਕੱਲ੍ਹ ਰਾਜਾ ਵੜਿੰਗ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਮੌਕੇ ਮਨਪ੍ਰੀਤ ਬਾਦਲ ਤੇ ਉਸਦੇ ਨਜਦੀਕੀ ਰਿਸ਼ਤੇਦਾਰ ਜੈਜੀਤ ਜੌਹਲ ਵੱਲੋਂ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਅੱਜ ਬਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ‘ਤੇ ਖੂਬ ਸ਼ਬਦੀ ਹਮਲੇ ਕੀਤੇ ਉਨ੍ਹਾਂ ਆਖਿਆ ਕਿ ਮਨਪ੍ਰੀਤ ਨੇ ਆਪਣੇ ਸੌੜੇ ਹਿੱਤਾਂ ਲਈ ਬਠਿੰਡਾ ਦੇ ਵਿਕਾਸ ‘ਚ ਅੜਿੱਕੇ ਪਾਏ ਹਨ
ਅੱਜ ਸ਼ਹਿਰ ਅੰਦਰ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਣ ਤੋਂ ਇਸ ਲਈ ਘਬਰਾ ਗਿਆ ਕਿਉਂਕਿ ਵਿੱਤ ਮੰਤਰੀ ਹੁੰਦਿਆਂ ਸੂਬੇ ਦਾ ਸਾਰਾ ਖਜ਼ਾਨਾ ਉਸ ਦੇ ਹੱਥਾਂ ‘ਚ ਹੋਣ ਦੇ ਬਾਵਜੂਦ ਉਸ ਨੇ ਬਠਿੰਡਾ ਸ਼ਹਿਰ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਕਾਸ ਲਈ ਕੋਈ ਵੱਡਾ ਕੰਮ ਨਹੀਂ ਕੀਤਾ ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ ਇਸ ਖੇਤਰ ਦਾ ਬੇਮਿਸਾਲ ਵਿਕਾਸ ਹੋਇਆ ਹੈ
ਉਨ੍ਹਾਂ ਕਿਹਾ ਹਲਕੇ ਦਾ ਵਿਕਾਸ ਕਰਨ ਵਿੱਚ ਬੀਬੀ ਬਾਦਲ ਦਾ ਹੱਥ ਵਟਾਉਣ ਦੀ ਥਾਂ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਨਪ੍ਰੀਤ ਦੇ ਇਸ਼ਾਰੇ ‘ਤੇ ਜਾਣ ਬੁੱਝ ਕੇ ਏਮਜ਼ ਪ੍ਰਾਜੈਕਟ ਨੂੰ ਲਟਕਾਇਆ ਗਿਆ ਇਸ ਤੋਂ ਇਲਾਵਾ ਮਨਪ੍ਰੀਤ ਨੇ ਵਾਅਦਾ ਕੀਤਾ ਸੀ ਕਿ ਉਹ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਹੀਂ ਹੋਣ ਦੇਵੇਗਾ, ਪਰੰਤੂ ਉਸ ਨੇ ਉਲਟਾ ਇਸ ਨੂੰ ਬੰਦ ਕਰਵਾਉਣ ਵਿਚ ਸਰਗਰਮ ਭੂਮਿਕਾ ਨਿਭਾਈ ਹੈ ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਆਪਣੀ ਭਰੋਸੇਯੋਗਤਾ ਖੋ ਚੁੱਕਿਆ ਹੈ, ਇਸ ਲਈ ਕਾਂਗਰਸ ਪ੍ਰਧਾਨ ਵੱਲੋਂ ਜ਼ੋਰ ਪਾਉਣ ਦੇ ਬਾਵਜੂਦ ਉਸ ਨੇ ਬਠਿੰਡਾ ਤੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਰਟੀ ਨੂੰ ਮਜ਼ਬੂਰ ਹੋ ਕੇ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਉਣਾ ਪਿਆ, ਜਿਸ ਦੀ ਇਲਾਕੇ ਵਿਚ ਜ਼ਿਆਦਾ ਪੁੱਛ-ਪ੍ਰਤੀਤ ਨਹੀਂ ਹੈ ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।