ਵਰਕਰਾਂ ਵੱਲੋਂ ਦੋਦਾ ਰੈਲੀ ਦੌਰਾਨ ਅਫੀਮ ਖਾਣ ਦੀ ਵੀਡੀਓ ਵਾਇਰਲ ਹੋਣ ‘ਤੇ ਦਰਜ ਹੋਇਆ ਪਰਚਾ
ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਸ਼੍ਰੋਮਣੀ ਅਕਾਲੀ ਦਲ ਵੱਲੋ ਦੋਦਾ ਵਿਖੇ ਕਰਵਾਈ ਗਈ ਰੈਲੀ ਵਿੱਚ ਅਕਾਲੀ ਵਰਕਰਾਂ ਵੱਲੋਂ ਅਫੀਮ, ਭੁੱਕੀ ਅਤੇ ਸ਼ਰਾਬ ਦੀ ਵਰਤੋਂ ਕਰਨ ਦੀ ਵਾਇਰਲ ਹੋਈ ਵੀਡੀਓ ‘ਤੇ ਚੋਣ ਕਮਿਸ਼ਨ ਵੱਲੋਂ ਸਖਤ ਨੋਟਿਸ ਲੈਂਦਿਆਂ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਪੰਜ ਹੋਰ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਦਾ ਵਿਖੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ -ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ‘ਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਦੋਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਹੇਠ 11 ਅਪਰੈਲ 2019 ਨੂੰ ਵੱਡੀ ਚੋਣ ਰੈਲੀ ਕੀਤੀ ਗਈ ਸੀ। ਇਸ ਰੈਲੀ ਦੌਰਾਨ ਅਕਾਲੀ ਵਰਕਰਾਂ ਦੇ ਅਫ਼ੀਮ ਖਾਣ ਦੀ ਵੀਡਿਓ ਵਾਇਰਲ ਹੋਈ ਸੀ ਤੇ ਦੂਜੇ ਪਾਸੇ ਡਿੰਪੀ ਢਿੱਲੋਂ ਟਰੈਕਟਰਾਂ ‘ਤੇ ਕਾਫ਼ਲੇ ਨਾਲ ਰੈਲੀ ਵਿੱਚ ਪੁੱਜਾ ਸੀ। ਐਫ, ਐਸ , ਟੀ, ਟੀਮ ਵਿਧਾਨ ਸਭਾ ਹਲਕਾ ’84 ਗਿੱਦੜਬਾਹਾ ਦੇ ਮੁੱਖੀ ਸੰਜੀਵ ਕੁਮਾਰ ਵੱਲੋਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨੂੰ ਲੈ ਕੇ ਐੱਸਡੀਐੱਮ -ਕਮ-ਰਿਟਰਨਿੰਗ ਅਫ਼ਸਰ ਗਿੱਦੜਬਾਹਾ ਨੇ ਨਾਇਬ ਤਹਿਸੀਲਦਾਰ ਦੋਦਾ ਦੀ ਅਗਵਾਈ ਹੇਠ ਮਾਮਲੇ ਦੀ ਪੜਤਾਲ ਲਈ ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ‘ਤੇ ਥਾਣਾ ਕੋਟਭਾਈ ਦੀ ਪੁਲਿਸ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਤੇ ਅਕਾਲੀ ਵਰਕਰਾਂ ਦੇ ਅਫੀਮ ਖਾਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਪੰਜ ਵਰਕਰਾਂ ‘ਤੇ ਧਾਰਾ 27 /61/85 ਐਨ, ਡੀ, ਪੀ, ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।