ਵਿਧਾਇਕ ਅਮਨ ਅਰੋੜਾ ਨੇ ਤੋੜੀ ਸ਼ਬਦਾਂ ਦੀ ਮਰਿਆਦਾ, ਪ੍ਰੈਸ ਕਾਨਫਰੰਸ ‘ਚ ਗਲਤ ਸ਼ਬਦਾਂ ਦੀ ਕੀਤੀ ਵਰਤੋਂ
ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਸਵਾਲ ਤੋਂ ਬਾਅਦ ਭੜਕੇ ਅਰੋੜਾ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀਰਵਾਰ ਨੂੰ ਸ਼ਬਦਾਂ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਖ਼ਿਲਾਫ਼ ਜੰਮ ਕੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਹਾਲਾਂਕਿ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਵਿੱਚ ਸਭ ਤੋਂ ਸਿਆਣੇ ਲੀਡਰ ਵਜੋਂ ਜਾਣਿਆ ਜਾਂਦਾ ਹੈ ਪਰ ਵੀਰਵਾਰ ਨੂੰ ਜਿਹੜੇ ਸ਼ਬਦਾਂ ਦੀ ਵਰਤੋਂ ਅਮਨ ਅਰੋੜਾ ਨੇ ਕੀਤੀ ਹੈ, ਉਹ ਸ਼ਾਇਦ ਹੀ ਕਿਸੇ ਲੀਡਰ ਨੇ ਸਿੱਧੇ ਤੌਰ ‘ਤੇ ਕਿਸੇ ਪਾਰਟੀ ਜਾਂ ਫਿਰ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਕੀਤੀ ਹੋਏਗੀ।
ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਤਾਂ ‘ਗੰਦ’ ਹੀ ਪਾਇਆ ਹੋਇਆ ਹੈ। ਪਹਿਲਾਂ ਇਹ ਦੋਵੇਂ ਪਾਰਟੀਆਂ ‘ਗੰਦ ਸੁੱਟਦੀਆਂ ਹਨ ਤੇ ਮੁੜ ਤੋਂ ਉਸ ਨੂੰ ਲੈ ਕੇ ਹੀ ਸਪੱਸ਼ਟੀਕਰਨ ਦਿੰਦੀਆਂ ਰਹਿੰਦੀਆਂ ਹਨ। ਅਮਨ ਅਰੋੜਾ ਇੱਥੇ ਹੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਅਕਾਲੀ ਤੇ ਕਾਂਗਰਸ ਨੇ ਤਾਂ ਘਰ-ਘਰ ਜਾ ਕੇ ਗੰਦ ਪਾਇਆ ਹੈ।
ਹੋਇਆ ਇੰਜ ਕਿ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਅਮਨ ਅਰੋੜਾ ਤੋਂ ਪੁੱਛਿਆ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਦਿੱਤੀ ਹੈ ਤਾਂ ਇਸ ਨੂੰ ਵੱਡੀ ਉਪਲੱਬਧੀ ਮੰਨਦੇ ਹੋਏ ਆਮ ਆਦਮੀ ਪਾਰਟੀ ਪ੍ਰਚਾਰ ਕਰਨ ‘ਚ ਕਿਉਂ ਲੱਗੀ ਪਈ ਹੈ ਤੇ ਜੇਕਰ ਇਸ ਨੂੰ ਪਾਰਟੀ ਉਪਲੱਬਧੀ ਮੰਨਦੀ ਹੈ ਤਾਂ ਇਹ ਕੀ ਗਲਤ ਨਹੀਂ ਹੈ? ਇਸ ਸਵਾਲ ਨੂੰ ਸੁਣ ਕੇ ਉਹ ਕਾਫ਼ੀ ਜਿਆਦਾ ਭੜਕ ਪਏ। ਪਹਿਲਾਂ ਤਾਂ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਹੀ ਸ਼ਰਾਬ ਹਰ ਕਿਸੇ ਨੂੰ ਕਿਉਂ ਦਿਖਾਈ ਦਿੰਦੀ ਹੈ, ਇਹ ਤਾਂ ਮੀਡੀਆ ਹੀ ਜ਼ਿਆਦਾ ਚੁੱਕ ਰਹੀ ਹੈ।
ਮੀਡੀਆ ਨੂੰ ਦੋਸ਼ ਦੇਣ ਤੋਂ ਬਾਅਦ ਅਮਨ ਅਰੋੜਾ ਨੇ ਅਕਾਲੀ ਦਲ ਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਗੰਦਾ ਪ੍ਰਚਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਹੀ ‘ਗੰਦ’ ਪਾਇਆ ਹੋਇਆ ਹੈ। ਇਨ੍ਹਾਂ ਦੋਵਾਂ ਪਾਰਟੀਆਂ ਨੇ ਤਾਂ ਘਰ-ਘਰ ਜਾ ਕੇ ‘ਗੰਦ’ ਪਾਇਆ ਹੋਇਆ ਹੈ।
ਅਮਨ ਅਰੋੜਾ ਜਦੋਂ ਇਨ੍ਹਾਂ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸੰਧਵਾ ਵੀ ਨਾਲ ਬੈਠੇ ਸਨ ਪਰ ਸੰਧਵਾ ਨੇ ਵੀ ਅਮਨ ਅਰੋੜਾ ਨੂੰ ਨਾ ਹੀ ਟੋਕਿਆ ਤੇ ਨਾ ਤਾਂ ਰੋਕਿਆ, ਜਿਸ ਕਾਰਨ ਅਮਨ ਅਰੋੜਾ ਗੁੱਸੇ ਵਿੱਚ ਆ ਕੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਗਏ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਲਈ ਗਲਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਾਅਦ ਅਮਨ ਅਰੋੜਾ ਨੇ ਮੀਡੀਆ ਨੂੰ ਵੀ ਕਹਿ ਦਿੱਤਾ ਕਿ ਅੱਜ ਭਗਵੰਤ ਮਾਨ ਦੀ ਸ਼ਰਾਬ ਲਈ ਜਿੰਨੀ ਮਰਜ਼ੀ ਚਰਚਾ ਕਰਦੇ ਹੋਏ ਸਵਾਲ ਪੁੱਛੇ ਜਾ ਸਕਦੇ ਹਨ ਪਰ ਇਸ ਤੋਂ ਬਾਅਦ ਇਸ ਬਾਰੇ ਕੋਈ ਸਵਾਲ ਜਾਂ ਫਿਰ ਚਰਚਾ ਨਹੀਂ ਹੋਏਗੀ। ਸਗੋਂ ਇਸ ਟਾਪਿਕ ਨੂੰ ਹੀ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।