ਨਵਜੋਤ ਕੌਰ ਟਿਕਟ ਨਾ ਮਿਲਣ ਤੋਂ ਬਾਅਦ ਆਈ ਨਰਾਜ਼ ਨਜ਼ਰ, ਪ੍ਰਚਾਰ ਕਰਨ ਤੋਂ ਵੱਟਣਗੇ ਟਾਲ਼ਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਨਵਜੋਤ ਕੌਰ ਕਾਫ਼ੀ ਜਿਆਦਾ ਨਰਾਜ਼ ਨਜ਼ਰ ਆ ਰਹੇ ਹਨ ਹਾਲਾਂਕਿ ਉਨ੍ਹਾਂ ਨੇ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਚੰਡੀਗੜ੍ਹ ਵਿਖੇ ਆਪਣਾ ਅਸਰ ਕਾਇਮ ਰੱਖਣ ਲਈ ਪਹਿਲਾਂ ਵਾਂਗ ਹੀ ਮੀਟਿੰਗਾਂ ਵਿੱਚ ਭਾਗ ਲੈਣਾ ਜਾਰੀ ਰੱਖਣਗੇ। ਨਵਜੋਤ ਕੌਰ ਨੇ ਕਿਹਾ ਕਿ ਟਿਕਟ ਨਾ ਮਿਲਣ ਦਾ ਦੁੱਖ ਉਨ੍ਹਾਂ ਨੂੰ ਹੈ ਪਰ ਉਹ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਰਾਜ਼ ਨਹੀਂ ਹਨ, ਕਿਉਂਕਿ ਪਾਰਟੀ ਨੇ ਕਿਤੇ ਨਾ ਕਿਤੇ ਪਵਨ ਬਾਂਸਲ ਦਾ ਤਜ਼ਰਬਾ ਦੇਖਦੇ ਹੋਏ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਇੱਥੇ ਹੀ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਹੱਕ ‘ਚ ਹਾ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਲੋਕਲ ਲੀਡਰਸ਼ਿਪ ਸ਼ੁਰੂ ਤੋਂ ਹੀ ਪਵਨ ਬਾਂਸਲ ਨਾਲ ਕੰਮ ਕਰਦੀ ਆਈ ਹੈ, ਜਿਸ ਕਾਰਨ ਲੋਕਲ ਲੀਡਰਸ਼ਿਪ ਵੱਲੋਂ ਦਿੱਲੀ ਦਰਬਾਰ ਵਿੱਚ ਪਵਨ ਬਾਂਸਲ ਦੇ ਹੱਕ ਵਿੱਚ ਹੀ ਫੀਡਬੈਕ ਦਿੱਤਾ ਹੈ ਤੇ ਉਨ੍ਹਾਂ ਦੇ ਹੱਕ ‘ਚ ਗੱਲ ਕਰਨ ਵਾਲਾ ਦਿੱਲੀ ਦਰਬਾਰ ਵਿਖੇ ਕੋਈ ਵੀ ਨਹੀਂ ਸੀ। ਜਿਹੜਾ ਕਿ ਟਿਕਟ ਨਾ ਮਿਲਣ ਦਾ ਅਸਲ ਕਾਰਨ ਰਿਹਾ ਹੈ। ਇੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਨੇ ਵੀ ਟਿਕਟ ਦਿਵਾਉਣ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਉਸ ਸਮੇਂ ਤੱਕ ਦੀ ਸੀ, ਜਦੋਂ ਤੱਕ ਟਿਕਟ ਨਹੀਂ ਮਿਲੀ ਸੀ, ਇਸ ਲਈ ਹੁਣ ਸਾਡੀ (ਪਵਨ ਬਾਂਸਲ) ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪਵਨ ਬਾਂਸਲ ਸੀਨੀਅਰ ਲੀਡਰ ਹਨ ਤੇ ਉਹ ਉਨ੍ਹਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਵੀ ਤਿਆਰ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਉਹ ਪੰਜਾਬ ‘ਚ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨਗੇ, ਜਿੱਥੇ ਵੀ ਉਨ੍ਹਾਂ ਦੀ ਡਿਊਟੀ ਕਾਂਗਰਸ ਵੱਲੋਂ ਲਗਾਈ ਜਾਏਗੀ। ਇੱਥੇ ਹੀ ਅਸਿੱਧੇ ਢੰਗ ਨਾਲ ਨਵਜੋਤ ਕੌਰ ਨੇ ਚੰਡੀਗੜ੍ਹ ਵਿਖੇ ਜ਼ਿਆਦਾ ਪ੍ਰਚਾਰ ਕਰਨ ਤੋਂ ਟਾਲ਼ਾ ਵੱਟਣ ਦਾ ਇਸ਼ਾਰਾ ਵੀ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।