ਹਮਲਾਵਰ ਵੱਲੋਂ ਔਰਤ ਦੇ ਪੇਟ ‘ਚ ਕਿਰਚ ਨਾਲ ਵਾਰ
ਪੁਲਿਸ ‘ਤੇ ਲਾਪਰਵਾਹੀ ਦੇ ਦੋਸ਼
ਗੁਰਦਾਸਪੁਰ, ਸਰਬਜੀਤ ਸਾਗਰ
ਨੇੜਲੇ ਪਿੰਡ ਨਿਆਮਤਾ ‘ਚ ਅੱਜ ਇੱਕ ਵਿਅਕਤੀ ਵੱਲੋਂ ਘਰ ‘ਚ ਦਾਖ਼ਲ ਹੋ ਕੇ ਪਰਿਵਾਰ ਦੀ ਇੱਕ ਨੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਹਮਲਾਵਰ ਨੇ ਘਰ ‘ਚ ਦਾਖ਼ਲ ਹੁੰਦਿਆਂ ਹੀ ਕਿਰਚ ਔਰਤ ਦੇ ਪੇਟ ਵਿੱਚ ਮਾਰ ਦਿੱਤੀ, ਜਿਸ ਨਾਲ ਔਰਤ ਦੇ ਪੇਟ ਦੀਆਂ ਅੰਤੜੀਆਂ ਬਾਹਰ ਆ ਗਈਆਂ ਤੇ ਹਮਲਾਵਰ ਉਸ ਨੂੰ ਮ੍ਰਿਤਕ ਸਮਝ ਕੇ ਘਰ ਦੇ ਬਾਹਰ ਖੜ੍ਹੇ ਆਪਣੇ ਇੱਕ ਹੋਰ ਸਾਥੀ ਦੀ ਮੱਦਦ ਨਾਲ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਔਰਤ ਦੀ ਪਛਾਣ ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਜੋਤੀ ਦਾ ਸਹੁਰਾ ਸੇਵਾਮੁਕਤ ਫ਼ੌਜੀ ਪ੍ਰੇਮ ਚੰਦ ਵੀ ਉਸ ਨੂੰ ਬਚਾਉਣ ਮੌਕੇ ਹਮਲਾਵਰ ਦਾ ਸ਼ਿਕਾਰ ਬਣ ਕੇ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਪੰਚਾਇਤ ਮੈਂਬਰ ਮਲਕੀਤ ਸਿੰਘ ਤੇ ਹੋਰਨਾਂ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਕਰੀਬ 8:15 ਵਜੇ ਸਾਬਕਾ ਫ਼ੌਜੀ ਪ੍ਰੇਮ ਸਿੰਘ ਦੇ ਘਰ ਦੇ ਬਾਹਰ ਅਚਾਨਕ ਇੱਕ ਮੋਟਰਸਾਈਕਲ ਆਣ ਖਲੋਤਾ ਤੇ ਇੱਕ ਅਣਪਛਾਤੇ ਵਿਅਕਤੀ ਨੇ ਘਰ ‘ਚ ਦਾਖ਼ਲ ਹੋ ਕੇ ਰਸੋਈ ‘ਚ ਰੋਟੀ ਬਣਾ ਰਹੀ ਉਨ੍ਹਾਂ ਦੀ ਨੂੰਹ ਜੋਤੀ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਘਰ ਵਿੱਚ ਜੋਤੀ ਤੋਂ ਇਲਾਵਾ ਉਸ ਦੀ ਦਰਾਣੀ ਅਤੇ ਸਹੁਰਾ ਪ੍ਰੇਮ ਸਿੰਘ ਮੌਜ਼ੂਦ ਸਨ। ਦਰਾਣੀ ਦੇ ਰੌਲਾ ਪਾਉਣ ‘ਤੇ ਪ੍ਰੇਮ ਸਿੰਘ ਨੇ ਹਮਲਾਵਰ ਦਾ ਮੁਕਾਬਲਾ ਕੀਤਾ ਪਰ ਉਹ ਉਸ ਨੂੰ ਵੀ ਜ਼ਖ਼ਮੀ ਕਰਕੇ ਫ਼ਰਾਰ ਹੋ ਗਿਆ। ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਰੌਲਾ ਪੈਣ ‘ਤੇ ਪਿੰਡ ਦੇ ਲੋਕਾਂ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸਾਥੀ ਨਾਲ ਭੱਜ ਨਿਕਲਿਆ। ਉਨ੍ਹਾਂ ਦੱਸਿਆ ਕਿ ਜੋਤੀ ਦੇਵੀ ਦਾ ਪਤੀ ਸਾਊਦੀ ਅਰਬ ਰਹਿੰਦਾ ਹੈ ਅਤੇ ਕਰੀਬ ਚਾਰ ਪੰਜ ਸਾਲ ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਹਮਲੇ ਦੇ ਕਾਰਨਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ।
ਪੌਣੇ ਦੋ ਘੰਟੇ ਬਾਅਦ ਪੁੱਜੀ ਪੁਲਿਸ, ਲੋਕਾਂ ‘ਚ ਗੁੱਸਾ
ਪਿੰਡ ਨਿਆਮਤਾ ‘ਚ ਵਾਪਰੀ ਘਟਨਾ ਨੂੰ ਲੈ ਕੇ ਜਿੱਥੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਲੋਕਾਂ ‘ਚ ਪੁਲਿਸ ਦੀ ਲਾਪਰਵਾਹੀ ਨੂੰ ਲੈ ਕੇ ਭਾਰੀ ਗੁੱਸਾ ਵੀ ਪਾਇਆ ਗਿਆ। ਪਿੰਡ ਵਾਸੀਆਂ ਅਨੁਸਾਰ ਬਹਿਰਾਮਪੁਰ ਥਾਣਾ ਤੋਂ ਪੁਲਿਸ ਘਟਨਾ ਵਾਪਰਨ ਦੇ ਪੌਣੇ ਦੋ ਘੰਟੇ ਬਾਅਦ ਪੁੱਜੀ ਜਦਕਿ ਪਿੰਡ ਤੋਂ ਥਾਣੇ ਦੀ ਦੂਰੀ ਮਹਿਜ਼ ਕੁਝ ਹੀ ਕਿੱਲੋਮੀਟਰ ਦੂਰ ਹੈ। ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਵਾਪਰਨ ਦੇ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤੇ ਅਨੇਕਾਂ ਵਾਰ ਫ਼ੋਨ ਕਰਨੇ ਪਏ ਪਰ ਇਸ ਦੇ ਬਾਵਜ਼ੂਦ ਪੁਲਿਸ ਕਛੂਆ ਚਾਲ ਨਾਲ ਚੱਲਦੀ ਹੋਈ ਪੌਣੇ ਦੋ ਘੰਟੇ ਬਾਅਦ ਪੁੱਜੀ। ਜਿਸ ਕਾਰਨ ਲੋਕਾਂ ਨੇ ਗੁੱਸੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਖ਼ਰੀਆਂ-ਖ਼ਰੀਆਂ ਵੀ ਸੁਣਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।