ਚੋਣਾਂ ਦੌਰਾਨ ਧਨ, ਬਲ ਤੇ ਨਸ਼ਿਆਂ ਦੇ ਪ੍ਰਵਾਹ ਨੂੰ ਸਖਤੀ ਨਾਲ ਰੋਕਿਆ ਜਾਵੇਗਾ
ਮਲੋਟ (ਮਨੋਜ)। ਪੰਜਾਬ ‘ਚ 19 ਮਈ ਅਤੇ ਰਾਜਸਥਾਨ ‘ਚ 6 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੇ ਮੱਦੇਨਜ਼ਰ ਅੱਜ ਪੰਜਾਬ ਅਤੇ ਰਾਜਸਥਾਨ ਤੇ ਅੰਤਰਰਾਜੀ ਸਰਹੱਦ ਦੇ ਦੋਹਾਂ ਪਾਸਿਆਂ ਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਬੈਠਕ ਕਰਕੇ ਚੋਣਾਂ ਦੌਰਾਨ ਧਨ, ਬਲ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਸਖ਼ਤੀ ਨਾਲ ਰੋਕਣ ਲਈ ਵਿਊਤਬੰਦੀ ਕਰਦਿਆਂ ਸਾਂਝੀ ਯੋਜਨਾਬੰਦੀ ਕੀਤੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਈ ਇਸ ਮੀਟਿੰਗ ‘ਚ ਪੰਜਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਦੇ ਸਿਵਲ, ਪੁਲਿਸ ਅਤੇ ਐਕਸਾਇਜ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਬਿਹਤਰ ਤਾਲਮੇਲ ਨਾਲ ਚੋਣਾਂ ਦੌਰਾਨ ਗੜਬੜੀ ਕਰਨ ਵਾਲੇ ਲੋਕਾਂ ਖਿਲਾਫ ਸਖ਼ਤੀ ਨਾਲ ਨਿਪਟਣਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਚੋਣ ਅਮਲ ਦੌਰਾਨ ਵੋਟਰਾਂ ਨੂੰ ਨਜਾਇਜ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਨ ਦਿੱਤਾ ਜਾਵੇਗਾ।
ਬੈਠਕ ਦੌਰਾਨ ਫੈਸਲਾ ਕੀਤਾ ਗਿਆ ਕਿ ਅੰਤਰਰਾਜੀ ਸਰਹੱਦਾਂ ਤੇ ਦੋਹਾਂ ਰਾਜਾਂ ਨੂੰ ਜੋੜਦੇ ਕੱਚੇ ਪੱਕੇ ਰਸਤਿਆਂ ਤੇ ਨਾਕਾਬੰਦੀ ਕੀਤੀ ਜਾਵੇਗੀ ਅਤੇ ਇੰਨਾਂ ਨਾਕਿਆਾਂ ਦੀ ਸੀਸੀਟੀਵੀ ਕੈਮਰਿਆਂ ਨਾਲ ਉੱਚ ਅਧਿਕਾਰੀਆਂ ਵੱਲੋਂ ਵੀ ਨਿਗਰਾਨੀ ਕੀਤੀ ਜਾਵੇਗੀ। ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੰਜਾਬ ਵਾਲੇ ਇਸ ਤਰ੍ਹਾਂ ਦੇ ਨਾਕਿਆਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਬੈਠਕ ਦੌਰਾਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਰਾਜਸਥਾਨ ਵਿਚ ਦੋਹਰੀ ਵੋਟ ਰੱਖਣ ਵਾਲੇ ਵੋਟਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਅਜਿਹਾ ਕੇਸ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਦੋਹਰੀ ਵੋਟ ਹੈ ਤਾਂ ਉਹ ਤਰੰਤ ਇਕ ਥਾਂ ਤੋਂ ਆਪਣੀ ਵੋਟ ਕਟਵਾ ਲਵੇ।
ਸ੍ਰੀ ਗੰਗਾਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਪ੍ਰਸਾਦ ਨਾਕਾਟੇ ਨੇ ਕਿਹਾ ਕਿ ਰਾਜਸਥਾਨ ਵਿਚ ਮਤਦਾਨ ਵਾਲੇ ਦਿਨ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਚੌਕਸੀ ਰੱਖੇ ਅਤੇ ਪੰਜਾਬ ਵਿਚ ਮਤਦਾਨ ਵਾਲੇ ਦਿਨ ਰਾਜਸਥਾਨ ਵੱਲੋਂ ਬਾਰਡਰ ਤੇ ਪੂਰੀ ਚੌਕਸੀ ਰੱਖੀ ਜਾਵੇਗੀ।
ਫਾਜ਼ਿਲਕਾ ਦੇ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਨੇ ਕਿਹਾ ਕਿ ਬਿਹਤਰ ਤਾਲਮੇਲ ਨਾਲ ਚੌਣਾਂ ਦੌਰਾਨ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਦੋਹਾਂ ਰਾਜਾਂ ਦੇ ਅਧਿਕਾਰੀਆਂ ਵੱਲੋਂ ਸੁਚਨਾਵਾਂ ਦੇ ਵਟਾਂਦਰੇ ਦੀ ਵਿਵਸਥਾ ਨੂੰ ਪ੍ਰਵਾਨ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।