ਅਸਤੀਫਾ ਕਰਨ ਦੀ ਸ਼ਰਤ ਪ੍ਰਵਾਨ ਹੋਈ ਔਖੀ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਸਿਆਸੀ ਦਾਅ-ਪੇਚ ‘ਚ ਵਿਰੋਧੀਆਂ ਨੂੰ ਫਸਾਉਣ ਵਾਲੇ ਵਿਰੋਧੀ ਧਿਰ ਦੇ ਲੀਡਰ ਅਭੈ ਚੌਟਾਲਾ ਨੇ ਇੱਕ ਵੱਡਾ ਦਾਅ ਖੇਡਦੇ ਹੋਏ ਵਿਰੋਧੀ ਪਾਰਟੀਆਂ ਦੇ ਨਾਲ ਹੀ ਸਪੀਕਰ ਕੰਵਰਪਾਲ ਗੁਜ਼ਰ ਨੂੰ ਵੀ ਫਸਾ ਲਿਆ ਹੈ। ਚੌਟਾਲਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵੀ ਦੇ ਦਿੱਤਾ ਹੈ ਤੇ ਉਸ ਦੀ ਪ੍ਰਵਾਨਗੀ ਸਬੰਧੀ ਇੱਕ ਸ਼ਰਤ ਵੀ ਰੱਖ ਦਿੱਤੀ ਹੈ, ਜਿਹੜੀ ਮੰਨਣੀ ਔਖੀ ਹੈ ਅਤੇ ਅਭੈ ਚੌਟਾਲਾ ਦਾ ਅਸਤੀਫ਼ਾ ਵਿਧਾਨ ਸਭਾ ਦੇ ਨਿਯਮਾਂ ‘ਤੇ ਖਰਾ ਵੀ ਨਹੀਂ ਉਤਰਦਾ ਹੈ, ਜਿਸ ਕਾਰਨ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਅਸਤੀਫ਼ੇ ਦੀ ਭਾਸ਼ਾ ‘ਚ ਹੀ ਅਭੈ ਚੌਟਾਲਾ ਨੇ ਆਪਣੇ ਅਹੁਦੇ ਨੂੰ ਅਭੈ-ਦਾਨ ਦੇ ਦਿੱਤਾ ਹੈ। ਹਾਲਾਂਕਿ ਹੁਣ ਗੇਂਦ ਸਪੀਕਰ ਕੰਵਰਪਾਲ ਗੁੱਜਰ ਦੇ ਪਾਲੇ ਵਿੱਚ ਹੈ ਪਰ ਇਸ ਅਸਤੀਫ਼ੇ ਨੂੰ ਪ੍ਰਵਾਨ ਕਰਨਾ ਕਾਫ਼ੀ ਜਿਆਦਾ ਔਖਾ ਸਾਬਤ ਹੋਣ ਵਾਲਾ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਵਿਧਾਨ ਸਭਾ ਵਿੱਚ ਇਸ ਸਮੇਂ ਕਾਂਗਰਸ ਪਾਰਟੀ ਅਤੇ ਇਨੈਲੋ ਕੋਲ 17-17 ਵਿਧਾਇਕਾਂ ਦੀ ਗਿਣਤੀ ਹੈ ਪਰ ਪਹਿਲਾਂ ਇਨੈਲੋ ਕੋਲ 19 ਵਿਧਾਇਕ ਹੋਣ ਦੇ ਕਾਰਨ ਵਿਰੋਧੀ ਧਿਰ ਦਾ ਅਹੁਦਾ ਇਨੈਲੋ ਨੂੰ ਹੀ ਮਿਲਿਆ ਸੀ, ਜਿਸ ਕਾਰਨ ਹੁਣ ਬਰਾਬਰ ਵਿਧਾਇਕ ਹੋਣ ਕਾਰਨ ਵੀ ਇਨੈਲੋ ਕੋਲ ਹੀ ਵਿਰੋਧੀ ਧਿਰ ਦਾ ਲੀਡਰ ਦਾ ਅਹੁਦਾ ਹੈ ਪਰ ਬੀਤੇ ਦਿਨੀਂ ਇਨੈਲੋ ਆਗੂ ਰਣਬੀਰ ਸਿੰਘ ਗੰਗਵਾ ਦੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਇਨੈਲੋ ਦੀ ਗਿਣਤੀ ਘਟ ਕੇ 16 ਰਹਿ ਗਈ ਹੈ, ਇਸੇ ਤਰ੍ਹਾਂ 4 ਵਿਧਾਇਕ ਅਭੈ ਚੌਟਾਲਾ ਨੂੰ ਛੱਡ ਕੇ ਜੇ.ਜੇ.ਪੀ. ਨਾਲ ਚੱਲ ਰਹੇ ਹਨ, ਜਿਸ ਕਾਰਨ ਅਭੈ ਚੌਟਾਲਾ ਕੋਲ ਅਸਲ ਗਿਣਤੀ ਸਿਰਫ਼ 12 ਵਿਧਾਇਕਾਂ ਦੀ ਹੀ ਹੈ। ਜਿਸ ਨੂੰ ਦੇਖਦੇ ਹੋਏ ਸ਼ਨਿੱਚਰਵਾਰ ਨੂੰ ਅਭੈ ਚੌਟਾਲਾ ਨੇ ਆਪਣੇ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਇਹ ਸ਼ਰਤ ਰੱਖ ਦਿੱਤੀ ਹੈ ਕਿ ਵਿਧਾਨ ਸਭਾ ਸਪੀਕਰ ਕੰਵਰਪਾਲ ਸਿੰਘ ਗੁੱਜਰ ਪਹਿਲਾਂ ਪਾਰਟੀ ਤੋਂ ਬਾਗੀ ਹੋਏ 5 ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕਰਨ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇ।
ਅਭੈ ਚੌਟਾਲਾ ਦੀ ਇਹ ਸ਼ਰਤ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਹੋ ਸਕਦੀ ਹੈ ਤੇ ਇੱਥੇ ਹੀ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਵੀ ਇਹ ਅਸਤੀਫ਼ਾ ਨਹੀਂ ਹੈ। ਅਭੈ ਚੌਟਾਲਾ ਨੇ ਭਾਵੇਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਸ ਦੇ ਸਵੀਕਾਰ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।