ਪੰਜਾਬ ‘ਚ ਪੁਰਸ਼ਾਂ ਨਾਲੋਂ ਮਹਿਲਾਵਾਂ ਦੀ ਵੋਟ ਪਾਉਣ ‘ਚ ਰੁਚੀ ਜ਼ਿਆਦਾ
ਪਿਛਲੀਆਂ ਲੋਕ ਸਭਾ ਚੋਣਾਂ ‘ਚ 70.93 ਫੀਸਦੀ ਮਹਿਲਾਵਾਂ ਪੁੱਜੀਆਂ ਸਨ ਵੋਟ ਪਾਉਣ
ਕਾਂਗਰਸ ਨੇ ਨਗਰੀ ਤੇ ਪੰਚਾਇਤੀ ਚੋਣਾਂ ‘ਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਕੇ ਆਪਣਾ ਇੱਕ ਵਾਅਦਾ ਨਿਭਾਇਆ ਸੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਆਮ ਚੋਣਾਂ ‘ਚ ਹਮੇਸ਼ਾ ਹੀ ਅੱਗੇ ਰਹਿਣ ਵਾਲੀ ਮਹਿਲਾਵਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਸਾਰ ਦਿੱਤਾ ਹੈ। ਕਾਂਗਰਸ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਮਹਿਲਾਵਾਂ ਨਾਲ 10 ਵਾਅਦੇ ਕੀਤੇ ਸਨ, ਜਿਨ੍ਹਾਂ ‘ਚੋਂ ਸਿਰਫ਼ 1 ਵਾਅਦਾ ਹੀ ਪੰਜਾਬ ਦੀ ਕਾਂਗਰਸ ਸਰਕਾਰ ਪੂਰਾ ਕਰ ਸਕੀ ਹੈ, ਜਦੋਂ ਕਿ ਬਾਕੀ 9 ਵਾਅਦਿਆਂ ਨੂੰ ਪੂਰਾ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ
ਪਿਛਲੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੇ ਪੁਰਸ਼ਾਂ ਨੂੰ ਪਿੱਛੇ ਛੱਡਦੇ ਹੋਏ 70.93 ਫੀਸਦੀ ਵੋਟਾਂ ਪਾ ਕੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਲੋਕ ਸਭਾ ਵਿੱਚ ਭੇਜਿਆ ਸੀ ਅਤੇ ਇਸ ਸਮੇਂ ਵੀ ਪੰਜਾਬ ਦੀਆਂ ਕੁਲ ਵੋਟਾਂ ਵਿੱਚ 48 ਫੀਸਦੀ ਵੋਟ ਸਿਰਫ਼ ਮਹਿਲਾਵਾਂ ਦੀ ਹੀ ਹੈ। ਪਿਛਲੀ ਲੋਕ ਸਭਾ ਚੋਣਾਂ ਵਿੱਚ 92 ਲੱਖ 80 ਹਜ਼ਾਰ 892 ਮਹਿਲਾਵਾਂ ਦੀ ਵੋਟ ਸੀ, ਜਿਨ੍ਹਾਂ ‘ਚੋਂ 70.93 ਫੀਸਦੀ ਦਰ ਨਾਲ 65 ਲੱਖ 82 ਹਜ਼ਾਰ 507 ਮਹਿਲਾਵਾਂ ਨੇ ਵੋਟ ਪਾਉਂਦੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਸਭ ਤੋਂ ਜਿਆਦਾ ਯੋਗਦਾਨ ਦਿੱਤਾ ਸੀ, ਜਦੋਂ ਕਿ ਇਸ ਮਾਮਲੇ ਵਿੱਚ ਪੁਰਸ਼ ਮਹਿਲਾਵਾਂ ਤੋਂ ਪਿੱਛੇ ਰਹਿੰਦੇ ਹੋਏ ਸਿਰਫ਼ 70.33 ਫੀਸਦੀ ਵੋਟ ਪਾਉਣ ਲਈ ਹੀ ਬੂਥ ਤੱਕ ਪੁੱਜ ਸਕੇ ਸਨ।
ਲੋਕ ਸਭਾ ਚੋਣਾਂ ਵਿੱਚ ਇੰਨੀ ਜ਼ਿਆਦਾ ਵੋਟ ਪਾਉਣ ਵਾਲੀਆਂ ਮਹਿਲਾਵਾਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਕਾਂਗਰਸ ਸਰਕਾਰ ਨੇ ਵੱਡੇ ਪੱਧਰ ‘ਤੇ ਵਾਅਦੇ ਕੀਤੇ ਸਨ ਪਰ ਇਨ੍ਹਾਂ ‘ਚੋਂ ਸਿਰਫ਼ 1 ਹੀ ਪੂਰਾ ਕੀਤਾ ਗਿਆ ਹੈ। ਕਾਂਗਰਸ ਨੇ ਨਗਰੀ ਤੇ ਪੰਚਾਇਤੀ ਚੋਣਾਂ ‘ਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਕੇ ਆਪਣਾ ਵਾਅਦਾ ਨਿਭਾਇਆ ਸੀ ਜਦੋਂ ਕਿ ਜ਼ਿਆਦਾਤਰ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਵਿਚਾਰ ਤੱਕ ਨਹੀਂ ਕੀਤਾ ਗਿਆ ਹੈ। ਮਹਿਲਾਵਾਂ ਦੀ ਨਰਾਜ਼ਗੀ ਕਾਂਗਰਸ ਚੋਣਾਂ ‘ਚ ਕਾਂਗਰਸ ਲਈ ਮੁਸ਼ਕਲ ਬਣ ਸਕਦੀ ਹੈ
ਮੰਤਰੀਆਂ ਤੇ ਵਿਧਾਇਕਾਂ ‘ਤੇ ਲੱਗੇ ਮਹਿਲਾਵਾਂ ਨਾਲ ਬਦਸਲੂਕੀ ਦੇ ਦੋਸ਼
ਭਾਰਤ ਭੂਸ਼ਣ ਆਸ਼ੂ ਤੋਂ ਲੈ ਕੇ ਸਾਧੂ ਸਿੰਘ ਧਰਮਸੋਤ ਵੱਲੋਂ ਮਹਿਲਾ ਅਧਿਕਾਰੀ ਨਾਲ ਬਦਸਲੂਕੀ ਕੀਤੀ ਗਈ, ਜਿਸ ਦੀ ਵੀਡੀਓ ਵਾਈਰਲ ਹੋਈ ਤੇ ਇਸ ਨਾਲ ਹੀ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਮਹਿਲਾ ਅਧਿਕਾਰੀ ਨੂੰ ਗਲਤ ਮੈਸੇਜ਼ ਭੇਜਦੇ ਹੋਏ ਮੀ-ਟੂ ਦੇ ਮਾਮਲੇ ‘ਚ ਫਸੇ ਸਨ। ਇਨ੍ਹਾਂ ਮੰਤਰੀਆਂ ਤੋਂ ਇਲਾਵਾ ਵਿਧਾਇਕ ਦਵਿੰਦਰ ਘੁਬਾਇਆ ਨੂੰ ਸ਼ਰੇਆਮ ਇੱਕ ਮਹਿਲਾ ਇੰਸਪੈਕਟਰ ਨੂੰ ਫੋਨ ‘ਤੇ ਧਮਕੀ ਦਿੰਦੇ ਹੋਏ ਉਨ੍ਹਾਂ ਨੂੰ ਕਾਫ਼ੀ ਕੁਝ ਗਲਤ ਵੀ ਬੋਲਿਆ ਸੀ। ਜਿਹੜਾ ਕਿ ਮਾਮਲਾ ਕਾਫ਼ੀ ਜ਼ਿਆਦਾ ਚਰਚਾ ‘ਚ ਰਿਹਾ ਸੀ।
ਸ਼ਰਾਬ ਦਾ ਕੋਟਾ ਘਟਾਉਣਾ ਮਹਿਲਾਵਾਂ ਦੀ ਮੁੱਖ ਮੰਗ, ਕਾਂਗਰਸ ਨੇ ਇਸ ਸਾਲ ਵਧਾਇਆ
ਪੰਜਾਬ ਦੀਆਂ ਮਹਿਲਾਵਾਂ ਵੱਲੋਂ ਹਮੇਸ਼ਾ ਹੀ ਸ਼ਰਾਬ ਦਾ ਕੋਟਾ ਘਟਾਉਣ ਦੀ ਮੰਗ ਕਰਦੇ ਹੋਏ ਸ਼ਰਾਬ ‘ਤੇ ਪਾਬੰਦੀ ਤੱਕ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ, ਇਸ ਮੰਗ ਦੀ ਅਹਿਮੀਅਤ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਕਾਰਜਕਾਲ ਵਿੱਚ 25 ਫੀਸਦੀ ਤੱਕ ਸ਼ਰਾਬ ਦਾ ਕੋਟਾ ਘਟਾਉਣਗੇ ਤੇ ਇਸ ਦੀ ਸ਼ੁਰੂਆਤ 5-5 ਫੀਸਦੀ ਨਾਲ ਕੀਤੀ ਜਾਏਗੀ। ਕਾਂਗਰਸ ਸਰਕਾਰ ਨੇ ਆਪਣੇ ਪਹਿਲੇ 2 ਸਾਲ ਦੌਰਾਨ 5-5 ਫੀਸਦੀ ਕੋਟੇ ‘ਚ ਕਟੌਤੀ ਵੀ ਕੀਤੀ ਪਰ ਤੀਜੇ ਸਾਲ ਲਈ ਸ਼ਰਾਬ ਦੀ ਅਲਾਟਮੈਂਟ ‘ਚ ਸਿੱਧੇ 16 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ, ਜਿਸ ਨਾਲ ਹੁਣ ਤੱਕ ਦੇ ਕਾਰਜਕਾਲ ‘ਚ ਸ਼ਰਾਬ ਦਾ ਕੋਟਾ ਘਟਣ ਦੀ ਬਜਾਇ 6 ਫੀਸਦੀ ਦਾ ਵਾਧਾ ਹੀ ਹੋਇਆ ਹੈ।
ਕਾਂਗਰਸ ਦੇ ਵਾਅਦੇ, ਜਿਹੜੇ ਨਹੀਂ ਹੋਏ ਵਫ਼ਾ
- ਸਰਕਾਰੀ ਨੌਕਰੀਆਂ ‘ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ
- ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਵਿਧਵਾਵਾਂ ਨੂੰ ਮਿਆਰੀ ਰੁਜ਼ਗਾਰ ਦੇਣਾ
- ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਹੋਸਟਲ ਤੇ ਪੜ੍ਹਾਈ
- ਸਾਰੀਆਂ ਔਰਤਾਂ ਲਈ ਸੁਰੱਖਿਅਤ ਸ਼ਹਿਰ ਪੁਖ਼ਤਾ ਕਰਨਾ
- ਪਹਿਲੀ ਜਮਾਤ ਤੋਂ ਲੈ ਕੇ ਪੀਐੱਚਡੀ ਤੱਕ ਮੁਫ਼ਤ ਪੜ੍ਹਾਈ
- ਔਰਤਾਂ ਨੂੰ ਸ਼ਕਤੀਕਰਨ ਲਈ ਨਵੀਂ ਯੋਜਨਾ ਤੇ ਵਸੀਲੇ ਜਾਰੀ ਕਰਨਾ
- ਘਰੇਲੂ ਹਿੰਸਾ ਤੋਂ ਬਚਾਉਣ ਲਈ ਸਾਰੇ ਜ਼ਿਲ੍ਹਿਆਂ ‘ਚ ਸੰਕਟ ਕੇਂਦਰ ਬਣਾਉਣਾ
- ਔਰਤਾਂ ਨੂੰ ਮੁਫ਼ਤੀ ਕਾਨੂੰਨੀ ਤੇ ਮੈਡੀਕਲ ਸਹੂਲਤ ਦੇਣਾ
- ਮਹਿਲਾ ਕਮਿਸ਼ਨ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।