ਪੰਜਾਬ ਭਰ ਦੇ ਜ਼ਿਲ੍ਹਿਆਂ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਪੁੱਜੀਆਂ ਵਰਦੀਆਂ ਤੇ ਕਿਤਾਬਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਨਾ ਤਾਂ ਕੋਈ ਵਿਵਾਦ ਹੋਏਗਾ ਤੇ ਨਾ ਹੀ ਕੋਈ ਝੰਜਟ ਪੈਦਾ ਹੋਏਗਾ, ਕਿਉਂਕਿ ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਤਿਆਰੀ ਕਰਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਵਰਦੀ ਤੇ ਕਿਤਾਬਾਂ ਦੀ ਸਪਲਾਈ ਤੱਕ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਤੇ ਐਸ.ਸੀ./ਬੀਪੀਐੱਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਇਹ ਮੁਫ਼ਤ ਵਰਤੀ ਤੇ ਕਿਤਾਬਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਹੁਣ 1 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਦਿਅਕ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਂ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਹੀ ਸਕੂਲ ‘ਚ ਆਉਣਗੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਸਾਲ ਅੱਠਵੀਂ ਜਮਾਤ ਤੱਕ ਦੀਆਂ ਹਰ ਬਿਰਾਦਰੀ ਨਾਲ ਸਬੰਧਿਤ ਲੜਕੀਆਂ ਤੇ ਸਿਰਫ਼ ਐੱਸ.ਸੀ./ਬੀਪੀਐਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀ ਦਿੱਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਵਰਦੀ ਤੇ ਕਿਤਾਬਾਂ ਦੀ ਵੰਡ ਨੂੰ ਲੈ ਕੇ ਹਰ ਵਾਰ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਿਹਾ ਹੈ। ਕਿਸੇ ਵਾਰ ਸਮੇਂ ਸਿਰ ਕਿਤਾਬਾਂ ਨਹੀਂ ਪੁੱਜਿਆਂ ਤਾਂ ਕਿਸੇ ਵਾਰੀ ਵਰਦੀ ਦੀ ਸਪਲਾਈ ਹੀ ਨਹੀਂ ਹੋ ਸਕੀ।
ਸਿੱਖਿਆ ਵਿਭਾਗ ਨੇ ਇਸ ਝੰਜਟ ‘ਚੋਂ ਨਿਕਲਣ ਲਈ ਕਈ ਵਾਰ ਕੋਸ਼ਿਸ਼ ਕਰਦੇ ਹੋਏ ਵੱਖ-ਵੱਖ ਤਰੀਕੇ ਵੀ ਅਪਣਾਏ ਪਰ ਸਿਸਟਮ ਠੀਕ ਨਾ ਬੈਠਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿਰੋਧ ਅੱਗੇ ਸਿੱਖਿਆ ਵਿਭਾਗ ਦੀ ਹਰ ਕੋਸ਼ਿਸ਼ ਨਾਕਾਮ ਹੀ ਰਹੀ ਹੈ, ਜਿਸ ਕਾਰਨ ਨੁਕਸਾਨ ਹਮੇਸ਼ਾ ਹੀ ਵਿਦਿਆਰਥੀਆਂ ਦਾ ਹੁੰਦਾ ਰਿਹਾ ਹੈ। ਇਸ ਸਾਲ ਕੋਈ ਦਿੱਕਤ ਨਾ ਆਏ, ਇਸ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਕਾਰਵਾਈ 6 ਮਹੀਨੇ ਪਹਿਲਾਂ ਹੀ ਉਲੀਕਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ।
ਇੱਕ ਗਲੋਬਲ ਟੈਂਡਰ ਦਿੰਦੇ ਹੋਏ ਵਰਦੀਆਂ ਤਿਆਰ ਕਰਵਾਈਆਂ ਗਈਆਂ ਤਾਂ ਕਿਤਾਬਾਂ ਦੀ ਛਪਾਈ ਦਾ ਵੀ ਸਮਾਂ ਰਹਿੰਦੇ ਹੋਏ ਧਿਆਨ ਕੀਤਾ ਗਿਆ, ਜਿਸ ਦੇ ਚਲਦੇ ਵਰਦੀਆਂ ਤਿਆਰ ਹੁੰਦੇ ਹੋਏ ਜ਼ਿਲ੍ਹਾ ਪੱਧਰ ‘ਤੇ ਪੁੱਜ ਚੁੱਕੀਆਂ ਹਨ ਤਾਂ ਕਿਤਾਬਾਂ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ ਤਾਂ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਚ ਹੀ ਇਨ੍ਹਾਂ ਦੀ ਵੰਡ ਕਰ ਦਿੱਤੀ ਜਾਵੇ, ਜਿਸ ਦੇ ਚਲਦੇ 1 ਅਪਰੈਲ ਤੋਂ ਵਿਦਿਆਰਥੀ ਸਕੂਲਾਂ ‘ਚ ਨਵੀਆਂ ਕਿਤਾਬਾਂ ਤੇ ਵਰਦੀਆਂ ਨਾਲ ਹੀ ਪੁੱਜਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।