ਸਦਨ ਦੀ ਕਾਰਵਾਈ ਛੱਡ ਅਮਰਿੰਦਰ ਸਿੰਘ ਨੂੰ ਆਪਣੇ ਕੰਮਾਂ ਲਈ ਮਿਲਦੇ ਰਹੇ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਣ ਆਏ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਨੇ ਸਾਹ ਹੀ ਨਹੀਂ ਆਉਣ ਦਿੱਤਾ। ਸਦਨ ਦੇ ਅੰਦਰ 10 ਵਜੇ ਪੁੱਜੇ ਅਮਰਿੰਦਰ ਸਿੰਘ ਕੋਲ ਵਿਧਾਇਕ ਇੱਕ ਤੋਂ ਬਾਅਦ ਇੱਕ ਲਾਈਨ ਲਾ ਕੇ ਆਉਂਦੇ ਰਹੇ ਤੇ ਆਪਣਾ ਕੰਮ ਦੱਸ ਕੇ ਵਾਪਸ ਜਾਂਦੇ ਰਹੇ। ਅਮਰਿੰਦਰ ਸਿੰਘ ਵਿਧਾਨ ਸਭਾ ਦੇ ਅੰਦਰ ਲਗਭਗ ਡੇਢ ਘੰਟਾ ਰੁਕੇ ਸਨ ਤੇ ਇਸ ਦੌਰਾਨ ਮੁਸ਼ਕਿਲ ਨਾਲ ਹੀ ਅਮਰਿੰਦਰ ਸਿੰਘ 5-10 ਮਿੰਟ ਹੀ ਸਦਨ ਦੀ ਕਾਰਵਾਈ ਨੂੰ ਦੇਖਦੇ ਨਜ਼ਰ ਆਏ, ਜਦੋਂ ਕਿ ਬਾਕੀ ਸਮਾਂ ਤਾਂ ਵਿਧਾਇਕਾਂ ਨੇ ਹੀ ਆਪਣੇ ਕੰਮ ਦੱਸ ਕਹਿ ਕੇ ਟਪਾ ਦਿੱਤਾ।
ਅਮਰਿੰਦਰ ਸਿੰਘ ਕੋਲ ਲੱਗੀ ਵਿਧਾਇਕਾਂ ਦੀ ਲਾਈਨ ਨੂੰ ਦੇਖ ਕੇ ਵਿਰੋਧੀ ਧਿਰ ‘ਚ ਬੈਠੇ ਵਿਧਾਇਕਾਂ ਨੇ ਵੀ ਵਿਅੰਗ ਕਸਦੇ ਹੋਏ ਕਿਹਾ ਕਿ ਅਮਰਿੰਦਰ ਸਿੰਘ ਸਦਨ ਤੋਂ ਬਾਹਰ ਤਾਂ ਕਿਸੇ ਵਿਧਾਇਕ ਨੂੰ ਮਿਲਦੇ ਨਹੀਂ ਹਨ, ਜਿਸ ਕਾਰਨ ਇੱਥੇ ਉਨ੍ਹਾਂ ਨੂੰ ਬੈਠੇ ਦੇਖ ਕੇ ਵਿਧਾਇਕ ਆਪਣਾ ਆਪਣਾ ਕੰਮ ਲੈ ਕੇ ਮੌਕੇ ਦਾ ਫਾਇਦਾ ਲੈਣ ਵਿੱਚ ਲੱਗੇ ਹੋਏ ਹਨ। ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅਮਰਿੰਦਰ ਸਿੰਘ ਸਮੇਂ ਸਿਰ ਹੀ ਸਦਨ ‘ਚ ਪੁੱਜ ਗਏ ਸਨ।
ਜਿੱਥੇ ਕਿ ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਵਿਧਾਇਕਾਂ ਨੇ ਉਨ੍ਹਾਂ ਕੋਲ ਆਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਮਿਲਣ ਲਈ ਆਏ ਵਿਧਾਇਕਾਂ ਨੂੰ ਖੜ੍ਹੇ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ ਹੈ, ਜਿਸ ਕਾਰਨ ਕਈ ਵਿਧਾਇਕ ਅਮਰਿੰਦਰ ਸਿੰਘ ਦੇ ਪਿੱਛੇ ਬੈਠੇ ਮੰਤਰੀਆਂ ਜਾਂ ਫਿਰ ਵਿਧਾਇਕਾਂ ਨਾਲ ਬੈਠ ਕੇ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰਨ ‘ਚ ਲੱਗ ਪਏ। ਇਸੇ ਦੌਰਾਨ 2-3 ਮੈਂਬਰਾਂ ਨੇ ਤਾਂ ਪਹਿਲਾਂ ਤੋਂ ਮਿਲਣ ਦਾ ਇੰਤਜ਼ਾਰ ਕਰ ਰਹੇ ਵਿਧਾਇਕਾਂ ਨੂੰ ਕ੍ਰਾਸ ਕਰਦੇ ਹੋਏ ਸਿੱਧਾ ਹੀ ਮੁਲਾਕਾਤ ਕਰਦੇ ਹੋਏ ਵਾਪਸੀ ਪਾ ਲਈ।
ਅਮਰਿੰਦਰ ਸਿੰਘ ਨੂੰ ਕੁਲਬੀਰ ਜ਼ੀਰਾ, ਰਾਣਾ ਗੁਰਜੀਤ ਸਿੰਘ ਸੋਢੀ, ਹਰਪ੍ਰਤਾਪ ਸਿੰਘ ਅਜਨਾਲਾ, ਦਰਸ਼ਨ ਬਰਾੜ, ਅਮਿਤ ਵਿੱਜ, ਨਵਤੇਜ ਚੀਮਾ, ਪਰਗਟ ਸਿੰਘ, ਹਰਮਿੰਦਰ ਗਿੱਲ, ਅੰਗਤ ਸੈਣੀ, ਕੁਸ਼ਲਦੀਪ ਢਿੱਲੋਂ ਤੇ ਧਰਮਵੀਰ ਅਗਨੀਹੋਤਰੀ ਤੋਂ ਇਲਾਵਾ ਵੀ ਕਈ ਕਾਂਗਰਸੀ ਵਿਧਾਇਕਾਂ ਨੇ ਮੁਲਾਕਾਤ ਕਰਦੇ ਹੋਏ ਆਪਣਾ ਆਪਣਾ ਕੰਮ ਕਿਹਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਵੀ ਅਮਰਿੰਦਰ ਸਿੰਘ ਕੋਲ ਪੁੱਜੇ ਤੇ ਉਨ੍ਹਾਂ ਨੇ ਆਪਣਾ ਕੁਝ ਕੰਮ ਕਹਿੰਦੇ ਹੋਏ ਵਾਪਸੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।