ਲੁਧਿਆਣਾ । ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਕੁੜੀ ‘ਤੇ ਮੁੰਡੇ ਨੂੰ ਇੱਸੋਵਾਲ ਪਿੰਡ ‘ਚ ਸੁੰਨਸਾਨ ਜਗ੍ਹਾ ‘ਤੇ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਨੌਜਵਾਨਾਂ ਨੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਕੇ ਜ਼ਬਰਨ ਕਾਰ ‘ਚੋਂ ਖਿੱਚ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਨੌਜਵਾਨ ਦੋਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ ‘ਚ ਲੈ ਗਏ।
ਉਥੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫੋਨ ਕਰਕੇ ਦੋ ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਸਾਰੀ ਜਾਣਕਾਰੀ ਦੇ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਉਕਤ ਨੌਜਵਾਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਦੌਰਾਨ ਬਦਮਾਸ਼ਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਉਥੇ ਬੁਲਾ ਲਿਆ ਅਤੇ ਰਾਤ ਲਗਭਗ ਡੇਢ ਵਜੇ ਤਕ ਲੜਕੀ ਨਾਲ ਜਬਰ-ਜ਼ਨਾਹ ਕਰਦੇ ਰਹੇ। ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ ‘ਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਗਿਆ।
ਉਸ ਨੇ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਪਰ ਲਗਭਗ ਡੇਢ ਘੰਟੇ ਤਕ ਪੁਲਸ ਉਸ ਦੇ ਨਾਲ ਨਹੀਂ ਗਈ।। ਜਦੋਂ ਰਾਤ 12 ਵਜੇ ਪੁਲਸ ਵਾਲੇ ਗਏ ਪਰ ਉਹ ਘਟਨਾ ਸਥਾਨ ਤਕ ਨਹੀਂ ਪਹੁੰਚੇ ਅਤੇ ਖਾਲੀ ਹੱਥ ਪਰਤ ਆਏ। ਦੇਰ ਰਾਤ ਲਗਭਗ ਢਾਈ ਵਜੇ ਬਦਮਾਸ਼ ਦੋਵਾਂ ਪੀੜਤਾਂ ਨੂੰ ਛੱਡ ਕੇ ਫਰਾਰ ਹੋ ਗਏ। ਬਦਮਾਸ਼ਾਂ ਨੇ ਲੜਕੀ ਤੋਂ 13 ਹਜ਼ਾਰ ਰੁਪਏ, ਦੋ ਅੰਗੂਠੀਆਂ, ਦੋਵਾਂ ਦੇ ਪਰਸ ਅਤੇ ਮੋਬਾਇਲ ਵੀ ਖੋਹ ਲਏ। ਐਤਵਾਰ ਦੁਪਹਿਰ ਪੀੜਤ ਨੌਜਵਾਨ ਆਪਣੇ ਨਾਲ ਕੁੱਟਮਾਰ ਅਤੇ ਲੁੱਟ ਦੀ ਰਿਪੋਰਟ ਲਿਖਵਾਉਣ ਥਾਣੇ ਪਹੁੰਚਿਆ। ਦੇਰ ਸ਼ਾਮ ਪੁਲਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ। ਦਾਖਾ ਥਾਣੇ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਡੀ. ਆਈ. ਜੀ. ਨੇ ਕਿਹਾ ਕਿ ਏ. ਐੱਸ. ਆਈ. ‘ਤੇ ਇਹ ਕਾਰਵਾਈ ਡਿਊਟੀ ‘ਚ ਕੋਤਾਹੀ ਵਰਤਣ ਦੇ ਚੱਲਦੇ ਕੀਤੀ ਗਈ ਹੈ।
ਡੀ. ਆਈ. ਜੀ. ਨੇ ਕਿਹਾ ਕਿ ਏ. ਐੱਸ. ਆਈ. ਵਿੱਦਿਆ ਰਤਨ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਘਟਨਾ ਸਥਾਨ ‘ਤੇ ਦੇਰ ਨਾਲ ਪਹੁੰਚੇ ਅਤੇ ਦੂਜਾ ਬਿਨਾਂ ਜਾਂਚ ਦੇ ਹੀ ਖਾਲ੍ਹੀ ਹੱਥ ਵਾਪਸ ਪਰਤ ਗਏ। ਉਨ੍ਹਾਂ ਕਿਹਾ ਕਿ ਪੀੜਤ ਲੜਕੀ ਨੇ ਵਾਰਦਾਤ ਵਿਚ 10 ਤੋਂ 12 ਨੌਜਵਾਨਾਂ ਦੇ ਹੋਣ ਦੀ ਗੱਲ ਆਖੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਕੈੱਚ ਬਨਾਉਣ ਲਈ ਅੰਮ੍ਰਿਤਸਰ ਤੋਂ ਤਿੰਨ ਟੀਮਾਂ ਬੁਲਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਦੀ ਸਕੈੱਚ ਤਿਆਰ ਕਰਕੇ ਜਾਰੀ ਕੀਤੇ ਜਾਣਗੇ। ਡੀ. ਆਈ. ਜੀ. ਨੇ ਆਖਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।