ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਰਹਿਬਰ : ਧਰਮਸੋਤ
ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨ, 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 6ਵੀਂ ਦੱਖਣੀ ਏਸ਼ੀਅਨ ਇਤਿਹਾਸ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕੁੱਲ ਦੁਨੀਆਂ ਤੱਕ ਪੁੱਜਦਾ ਕਰਨ ਦਾ ਅਹਿਦ ਕਰਨ ਦੇ ਨਾਲ ਅੱਜ ਇੱਥੇ ਸਮਾਪਤ ਹੋ ਗਈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨਾਂ ਵੱਲੋਂ 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਸੁਨੇਹੇ ਸਮੇਤ ਉਨ੍ਹਾਂ ਵੱਲੋਂ ਦੱਬੇ-ਕੁਚਲੇ ਲੋਕਾਂ ਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਦਿੱਤੇ ਉਪਦੇਸ਼ ਤੇ ਫ਼ਿਲਾਸਫ਼ੀ ਉੱਪਰ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਸਮਾਗਮਾਂ ਦੀ ਲੜੀ ਤਹਿਤ ਕਰਵਾਈ ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਇੱਕ ਧਰਮ, ਫਿਰਕੇ ਜਾਂ ਇੱਕ ਇਨਸਾਨ ਲਈ ਨਹੀਂ, ਸਗੋਂ ਇਹ ਪੂਰੀ ਕਾਇਨਾਤ ਲਈ ਸਰਬ ਸਾਂਝਾ ਉਪਦੇਸ਼ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਰਹਿਬਰ ਸਨ। ਇਸ ਮੌਕੇ ਧਰਮਸੋਤ ਨੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਵਿਧਾਨ ਸਭਾ ‘ਚ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਸੰਬੋਧਨ ਮੌਕੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਦਿੱਤੇ ਹੋਕੇ ‘ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਰ ਪਿੰਡ ਵਿਖੇ 550 ਬੂਟੇ ਲਾਏ ਜਾ ਰਹੇ ਹਨ। ਪੰਜਾਬ ਆਰਟ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਇਸ ਕਾਨਫਰੰਸ ਦੀ ਵਿਦਾਇਗੀ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਇਸ ਕਾਨਫਰੰਸ ‘ਚ ਹੋਈ ਵਿਚਾਰ ਚਰਚਾ ‘ਚ ਇਹ ਸਾਹਮਣੇ ਆਇਆ ਹੈ ਕਿ ਗੁਰੂ ਨਾਨਕ ਦੇਵ ਜੀ ਕੁਲ ਦੁਨੀਆਂ ਦੇ ਰਹਿਬਰ ਸਨ ਤੇ ਉਨ੍ਹਾਂ ਦਾ ਉਪਦੇਸ਼ ਵਿਸ਼ਵ ਸ਼ਾਂਤੀ ਲਈ ਆਪਣਾ ਖਾਸ ਮਹੱਤਵ ਰੱਖਦਾ ਹੈ। ਕਾਨਫਰੰਸ ਦੌਰਾਨ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਤੇ ਇਤਿਹਾਸ ਵਿਭਾਗ ਦੇ ਮੁਖੀ ਤੇ ਕਾਨਫਰੰਸ ਦੇ ਡਾਇਰੈਕਟਰ ਡਾ. ਮੁਹੰਮਦ ਇਦਰੀਸ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੌਮਾਂਤਰੀ ਕਾਨਫਰੰਸ ਦਾ ਆਗ਼ਾਜ਼ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਇਆ ਸੀ। ਇਸ ਮੌਕੇ ਪ੍ਰੋ. ਬੀ. ਐੱਸ. ਘੁੰਮਣ ਨੇ ਸ. ਧਰਮਸੋਤ, ਸ. ਕੰਬੋਜ, ਸ੍ਰੀ ਰਾਜ ਕੁਮਾਰ ਹੰਸ, ਨੇਪਾਲ ਤੋਂ ਆਏ ਯੋਗੇਸ਼ ਰਾਜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।