ਐੱਸਐੱਸਪੀ ਸਿੱਧੂ ਨੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਮਾਪਿਆਂ ਹਵਾਲੇ ਕਰਨ ਦਾ ਕੀਤਾ ਫੈਸਲਾ: ਐੱਸਪੀ ਸਿਟੀ
ਮਾਪੇ ਆਪਣੇ ਬੱਚਿਆਂ ਦੀ ਸੰਗਤ ਤੇ ਰਹਿਣ-ਸਹਿਣ ਵੱਲ ਖਾਸ ਧਿਆਨ ਦੇਣ : ਕੇਸਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਬੀਤੀ ਸ਼ਾਮ ਇੱਥੇ ਰਣਜੀਤ ਨਗਰ ਇਲਾਕੇ ਵਿੱਚੋਂ ਇੱਕ ਘਰ ‘ਚ ਆ ਕੇ ਠਹਿਰੇ ਦੋ ਗੈਂਗਸਟਰਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਸੀ ਤੇ ਇਨ੍ਹਾਂ ਦੇ ਨਾਲ ਹੀ ਇਸੇ ਘਰ ‘ਚ ਪੀਜੀ ਵਜੋਂ ਰਹਿ ਰਹੇ 11 ਨੌਜਵਾਨ ਵਿਦਿਆਰਥੀਆਂ ਨੂੰ ਵੀ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਸੀ। ਇਸ ਮੁਕਾਬਲੇ ਦੌਰਾਨ ਤਿੰਨ ਜਣੇ ਫ਼ਰਾਰ ਹੋ ਗਏ ਸਨ। ਪਟਿਆਲਾ ਪੁਲਿਸ ਨੇ ਇਨ੍ਹਾਂ ਦੇ ਭਵਿੱਖ ਨੂੰ ਦੇਖਦਿਆਂ ਅੱਜ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਨ੍ਹਾਂ ਨੌਜਵਾਨਾਂ ਨੂੰ ਮੁੱਢਲੀ ਪੁੱਛਗਿੱਛ ਤੇ ਤਫ਼ਤੀਸ਼ ਤੋਂ ਬਾਅਦ ਇਨ੍ਹਾਂ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਦੇ ਹਵਾਲੇ ਕਰਨ ਦੀ ਰਸਮ ਐੱਸਪੀ ਸਿਟੀ ਕੇਸਰ ਸਿੰਘ ਨੇ ਇੱਥੇ ਥਾਣਾ ਸਿਵਲ ਲਾਈਨ ਵਿਖੇ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀਐੱਸਪੀ ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ੍ਰ. ਸਵਰਨਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਨੌਜਵਾਨਾਂ ਤੇ ਇਨ੍ਹਾਂ ਦੇ ਮਾਪਿਆਂ ਨੇ ਭਾਵੁਕ ਹੁੰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਆਲੇ-ਦੁਆਲੇ ਕਿਸ ਤਰ੍ਹਾਂ ਦੇ ਲੋਕ ਆਉਂਦੇ ਤੇ ਰਹਿੰਦੇ ਹਨ। ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਅਤੇ ਆਪਣਾ ਭਵਿੱਖ ਸੰਵਾਰਨ ਦਾ ਅਹਿਦ ਲੈਂਦਿਆਂ ਕਿਹਾ ਕਿ ਉਹ ਚੰਗੇ ਨਾਗਰਿਕ ਬਣਨ ਦਾ ਯਤਨ ਕਰਨਗੇ। ਇਸ ਮੌਕੇ ਕੇਸਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਸਿੱਧੂ ਨੇ ਇਨ੍ਹਾਂ ਨੌਜਵਾਨਾਂ ਦੇ ਸੁਨਹਿਰੇ ਭਵਿਖ ਤੇ ਅਗਲੇਰੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦਾ ਪਿਛਲਾ ਰਿਕਾਰਡ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਹੈ ਅਤੇ ਇਨ੍ਹਾਂ ਨੂੰ ਇਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਐੱਸਪੀ ਸਿਟੀ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਉਸਦੀ ਸੰਗਤ ਵੱਲ ਖਾਸ ਧਿਆਨ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।