ਆਸ਼ਾ ਕੁਮਾਰੀ ਨੂੰ ਮੂੰਹ ‘ਤੇ ਸੁਣਾ ‘ਗੇ ਕਾਂਗਰਸੀ

Talking to Asha Kumari on the face Congress

ਪੈਰਾਸ਼ੂਟ ਉਮੀਦਵਾਰਾਂ ਨਾਲ ਟੁੱਟ ਰਿਹਾ ਐ ਲੋਕਲ ਕਾਂਗਰਸੀਆਂ ਦਾ ਹੌਂਸਲਾ, ਹਾਰ ਦਾ ਕਰਨਾ ਪਉਗਾ ਸਾਹਮਣਾ

ਰਾਣਾ ਸੋਢੀ ਨੇ ਪੇਸ਼ ਕੀਤਾ ਦਾਅਵਾ, ਫਿਰੋਜ਼ਪੁਰ ਤੋਂ ਮੰਗੀ ਟਿਕਟ

ਚੰਡੀਗੜ੍ਹ | ਕੋਈ ਵੀ ਲੋਕ ਸਭਾ ਦਾ ਉਮੀਦਵਾਰ ਪੈਰਾਸ਼ੂਟ ਰਾਹੀਂ ਨਾ ਆਏ ਅਤੇ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਲੋਕਲ ਲੀਡਰਾਂ ਨੂੰ ਜਰੂਰ ਪੁੱਛ ਲਿਆ ਜਾਵੇ, ਕਿਉਂਕਿ ਪਹਿਲਾਂ ਵੀ ਕਈ ਵਾਰ ਪੈਰਾਸ਼ੂਟ ਰਾਹੀਂ ਉਮੀਦਵਾਰ ਭੇਜਦੇ ਹੋਏ ਕਾਂਗਰਸ ਨੇ ਆਪਣੇ ਹੇਠਲੇ ਵਰਕਰਾਂ ਤੇ ਲੀਡਰਾਂ ਦਾ ਹੌਂਸਲਾ ਹੀ ਤੋੜਿਆ ਹੈ। ਇਹ ਸਾਰਾ ਕੁਝ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੂੰ ਚੰਡੀਗੜ੍ਹ ਵਿਖੇ 4 ਲੋਕ ਸਭਾ ਹਲਕਿਆਂ ਦੇ ਲੀਡਰ ਮੂੰਹ ‘ਤੇ ਹੀ ਸੁਣਾ ਕੇ ਚਲੇ ਗਏ। ਚੰਡੀਗੜ੍ਹ ਵਿਖੇ 4 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਲਈ ਸਲਾਹ ਮਸ਼ਵਰਾ ਕਰਨ ਲਈ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਚਾਰੇ ਲੋਕ ਸਭਾ ਹਲਕਿਆਂ ਦੇ ਲੀਡਰਾਂ ਨੇ ਸਲਾਹ ਘੱਟ ਦਿੰਦੇ ਹੋਏ ਦੋਸ਼ ਹੀ ਜ਼ਿਆਦਾ ਲਗਾਏ ਹਨ। ਚੰਡੀਗੜ੍ਹ ਵਿਖੇ ਬਠਿੰਡਾ, ਫਿਰੋਜ਼ਪੁਰ, ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਮੀਟਿੰਗ ਸੀ, ਜਿਸ ਵਿੱਚ ਸੰਸਦ ਮੈਂਬਰ, ਕੈਬਨਿਟ ਮੰਤਰੀ, ਵਿਧਾਇਕ ਤੇ ਜ਼ਿਲ੍ਹਾ ਸਣੇ ਬਲਾਕ ਪ੍ਰਧਾਨਾਂ ਨੂੰ ਸੱਦਿਆ ਹੋਇਆ ਸੀ।
ਇਸ ਮੀਟਿੰਗ ਵਿੱਚ ਕੁਝ ਲੀਡਰਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਏ ਨੂੰ 22 ਮਹੀਨਿਆਂ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਦੀ ਕੋਈ ਪੁੱਛ-ਗਿੱਛ ਹੀ ਨਹੀਂ ਹੈ। ਸਰਕਾਰ ਵਿੱਚ ਕੰਮ ਨਹੀਂ ਹੋ ਰਹੇ ਹਨ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਪੁੱਛਦਾ ਤੱਕ ਨਹੀਂ ਹੈ। ਇੱਥੇ ਤੱਕ ਕਿ ਹੁਣ ਤਾਂ ਉਮੀਦਵਾਰ ਵੀ ਲੋਕਲ ਲੀਡਰ ਹੋਣ ਦੀ ਥਾਂ ‘ਤੇ ਪੈਰਾਸ਼ੂਟ ਰਾਹੀਂ ਹੀ ਭੇਜਿਆ ਜਾਂਦਾ ਹੈ। ਜਿਸ ਨਾਲ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਲੀਡਰਾਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੇ ਹੌਂਸਲੇ ਤੱਕ ਟੁੱਟ ਰਹੇ ਹਨ। ਇੱਥੇ ਹੀ ਇਨ੍ਹਾਂ ਲੀਡਰਾਂ ਨੇ ਸਾਫ਼ ਕਿਹਾ ਕਿ ਕਾਂਗਰਸ ਪਾਰਟੀ ਹੁਣ ਸੋਚ ਸਮਝ ਕੇ ਹੀ ਫੈਸਲੇ ਕਰੇ, ਕਿਉਂਕਿ ਕੋਈ ਇੱਕ ਵੀ ਗਲਤ ਫੈਸਲਾ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਵਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਹਰ ਲੀਡਰ ਨੂੰ ਇੱਕ ਇੱਕ ਪਰਚੀ ਦਿੰਦੇ ਹੋਏ ਆਪਣੇ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਉਮੀਦਵਾਰ ਲਈ ਸਭ ਤੋਂ ਚੰਗਾ ਤੇ ਤਾਕਤਵਰ ਲੀਡਰ ਦਾ ਨਾਂਅ ਲਿਖ ਕੇ ਦੇਣ ਲਈ ਕਿਹਾ ਗਿਆ ਸੀ, ਇਹ ਪਰਚੀ ਇੱਕ ਬਕਸੇ ਵਿੱਚ ਪਾਈ ਗਈ, ਜਿਸ ਨੂੰ ਕਿ ਖੋਲ੍ਹ ਕੇ ਬਾਅਦ ਵਿੱਚ ਕਾਂਗਰਸ ਪਾਰਟੀ ਆਪਣਾ ਫੈਸਲਾ ਕਰੇਗੀ। ਇੱਥੇ ਹੀ ਫਿਰੋਜ਼ਪੁਰ ਲੋਕ ਸਭਾ ਤੋਂ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਇਸ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਅਤੇ ਉਹ ਇਸ ਸੀਟ ਨੂੰ ਜਿੱਤ ਕੇ ਵੀ ਦੇਣਗੇ। ਇੱਥੇ ਹੀ ਕੁਝ ਮੀਟਿੰਗ ਵਿੱਚ ਬਠਿੰਡਾ ਤੋਂ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੂੰ ਵੀ ਚੋਣ ‘ਚ ਉਤਾਰਨ ਦੀ ਮੰਗ ਕਰ ਦਿੱਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।