ਭਗਵੰਤ ਮਾਨ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਲਾਏ ਦੋਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ) | ਇੱਕ ਸਾਲ ਲੰਬੇ ਬਣਵਾਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਆਪਣਾ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਪ੍ਰਧਾਨਗੀ ਦੀ ਕਮਾਨ ਸੰਭਾਲਨ ਮੌਕੇ ਭਗਵੰਤ ਮਾਨ ਪੱਤਰਕਾਰਾਂ ਦੇ ਉਨ੍ਹਾਂ ਸੁਆਲਾਂ ਦਾ ਜੁਆਬ ਨਹੀਂ ਦੇ ਸਕੇ, ਜਿਹੜੇ ਕਿ ਭਗਵੰਤ ਮਾਨ ਨੇ ਖ਼ੁਦ ਕੇਜਰੀਵਾਲ ਤੋਂ ਪੁੱਛਣੇ ਸਨ ਕਿ ਆਖ਼ਰਕਾਰ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਪੰਜਾਬ ਨਾਲ ਸਲਾਹ ਕੀਤੇ ਬਿਨਾਂ ਕਿਉਂ ਮੰਗੀ।
ਭਗਵੰਤ ਮਾਨ ਨੇ ਸਿਰਫ਼ ਇਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਮਜਬੂਰੀ ਬਣ ਗਈ ਸੀ ਕਿ ਉਨ੍ਹਾਂ ਨੂੰ ਆਪਣੀ ਦਿੱਲੀ ਸਰਕਾਰ ਦੇ ਕੰਮ ਕਰਨ ਲਈ ਸਮਾਂ ਤੱਕ ਨਹੀਂ ਮਿਲ ਰਿਹਾ ਸੀ, ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਸਮਾਂ ਮਾਣ-ਹਾਨੀ ਦੇ ਕੇਸਾਂ ਵਿੱਚ ਅਦਾਲਤਾਂ ਦੇ ਚੱਕਰ ਹੀ ਕੱਟਣੇ ਪੈ ਰਹੇ ਸਨ, ਜਿਨ੍ਹਾਂ ਤੋਂ ਛੁਟਕਾਰਾ ਲੈਣ ਲਈ ਮੁਆਫ਼ੀ ਹੀ ਇੱਕ ਜ਼ਰੀਆ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਸੰਜੇ ਸਿੰਘ ਮਜੀਠੀਆ ਖ਼ਿਲਾਫ਼ ਕੇਸ ਲੜ ਰਹੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਮੁਆਫ਼ੀ ਵੀ ਨਹੀਂ ਮੰਗੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਮੁਆਫ਼ੀ ਇਕੱਲੇ ਬਿਕਰਮ ਮਜੀਠੀਆ ਤੋਂ ਨਹੀਂ ਬਲਕਿ 34 ਦੇ ਕਰੀਬ ਕੇਸਾਂ ‘ਚੋਂ ਮੰਗੀ ਹੈ। ਕੇਜਰੀਵਾਲ ਨੇ ਰਾਜਨੀਤਕ ਕੂਟਨੀਤੀ ਤਹਿਤ ਮਜੀਠੀਆ ਤੋਂ ਮੁਆਫ਼ੀ ਜ਼ਰੂਰ ਮੰਗੀ ਪਰ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ। ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਯੂਨਿਟ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਉਦੋਂ ਤੱਕ ਫਰੰਟ ਖੁੱਲ੍ਹਾ ਰੱਖਣ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਜਦੋਂ ਤੱਕ ਨਸ਼ਿਆਂ ਦੇ ਇਸ ਸਮੁੰਦਰ ‘ਤੇ ਜਿੱਤ ਨਹੀਂ ਹਾਸਲ ਕਰ ਲੈਂਦੇ ‘ਆਪ’ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਨਾਲ ਸਬੰਧਿਤ ਇੱਕ ਸਵਾਲ ਦੇ ਜਵਾਬ ‘ਚ ਭਗਵੰਤ ਮਾਨ ਨੇ ਕਿਹਾ ਕਿ ਉਹ ਅਜੇ ਵੀ ਛਾਤੀ ਠੋਕ ਕੇ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦੇ ਸੌਦਾਗਰ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ‘ਤੇ ਲਗਾਉਣ ਦੇ ਦੋਸ਼ ਹਨ। ਦਾਰੂ ਛੱਡਣ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਸ਼ਰਾਰਤੀ ਤੇ ਸਾਜ਼ਿਸ਼ੀ ਤਰੀਕੇ ਨਾਲ ਮੇਰੇ ਬਾਰੇ ਗ਼ਲਤ ਧਾਰਨਾ ਫੈਲਾਈ ਜਾ ਰਹੀ ਸੀ। ਜਿਸ ਦੇ ਜਵਾਬ ਲਈ ਮੈਂ ਇਹ ਐਲਾਨ ਬਰਨਾਲਾ ਰੈਲੀ ‘ਚ ਜਨਤਕ ਤੌਰ ‘ਤੇ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਸਾਲਾਂ ਤੋਂ ਦੋਸ਼ ਲਗਾਉਂਦੇ ਆ ਰਹੇ ਹਨ ਕਿ ਬਾਦਲਾ ਨੇ ਨਸ਼ੇ ਦੇ ਕਾਰੋਬਾਰੀਆਂ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ, ਹੋਰ ਵੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾ ਦੇ ਪਦ-ਚਿੰਨਾਂ ‘ਤੇ ਚੱਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦੇ ਤੋਂ ਭੱਜ ਚੁੱਕੇ ਹਨ। ਖ਼ੁਦ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਕੋਲ ਫ਼ਰਿਆਦਾਂ ਕਰ ਰਹੇ ਹਨ। ਬਾਦਲਾ ਅਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ (ਕਾਂਗਰਸੀ) ਪਿੰਡਾਂ ‘ਚ ਜਾਣ ਜੋਗੇ ਰਹਿ ਸਕਣ। ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਨ ਹਿਤ ਲਈ ਲੜੇ ਗਏ ਅੰਦੋਲਨ ‘ਚੋਂ ਨਿਕਲੀ ਹੋਈ ਪਾਰਟੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ‘ਚ ਵੱਡੇ ਅਹੁਦੇ ਹਾਸਲ ਕਰਨ ਲਈ ਦਾਖਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਅਹੁਦੇ ਨਾਲ ਪਿਆਰ ਹੈ ਤਾਂ ਉਹ ਜਿਨਾਂ ਜਲਦੀ ਹੋ ਸਕੇ ਪਾਰਟੀ ਛੱਡ ਦੇਵੇ, ਕਿਉਂਕਿ ਪਾਰਟੀ ‘ਚ ਅਜਿਹੇ ਲਾਲਚੀ ਲੋਕਾਂ ਲਈ ਕੋਈ ਜਗਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।