ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਆਰੰਭ

Sahir Ludhianvi Library Hall start

ਪਾਠਕਾਂ ਲਈ 60 ਹਜ਼ਾਰ ਤੋਂ ਵੱਧ ਪੁਸਤਕਾਂ ਦਾ ਪ੍ਰਬੰਧ

ਲੁਧਿਆਣਾ | ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਿਖੇ ਡਾ. ਮਨੋਹਰ ਸਿੰਘ ਗਿੱਲ ਵਲੋਂ ਦਿੱਤੀ ਪੱਚੀ ਲੱਖ ਰੁਪਏ ਦੀ ਗਰਾਂਟ ਨਾਲ ਪੰਚਾਇਤੀ ਰਾਜ ਵਿਭਾਗ ਰਾਹੀਂ ਤਿਆਰ ਹੋਏ ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਨੂੰ ਅੱਜ ਪਾਠਕਾਂ ਲਈ ਖੋਲ ਦਿੱਤਾ ਗਿਆ ਹੈ। ਇਸ ਸਬੰਧੀ ਇਕ ਸੰਖੇਪ ਜਿਹਾ ਉਦਘਾਟਨੀ ਸਮਾਗਮ ਕੀਤਾ ਗਿਆ। ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਰਿਬਨ ਕੱਟ ਕੇ ਪਹਿਲੇ ਪਾਠਕ ਵਜੋਂ ਹਾਜ਼ਰੀ ਲਵਾਈ। ਹੁਣ ਇਸ ਨਵੇਂ ਬਣੇ ਲਾਇਬ੍ਰੇਰੀ ਹਾਲ ਵਿਚ ਅੱਜ ਤੋਂ ਪਾਠਕ, ਵਿਦਿਆਰਥੀ ਅਤੇ ਖੋਜਾਰਥੀ ਲਾਇਬ੍ਰੇਰੀ ਦੇ ਅਨਮੋਲ ਖ਼ਜ਼ਾਨੇ ਦਾ ਲਾਭ ਉਠਾ ਸਕਣਗੇ। 60,000 ਤੋਂ ਵੱਧ ਪੁਸਤਕਾਂ ਵਾਲੀ ਇਸ ਲਾਇਬ੍ਰੇਰੀ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਪੁਸਤਕਾਂ ਉਪਲੱਬਧ ਹਨ। ਅਕਾਦਮੀ ਦੇ ਪੰਜਾਬ ਰੈਫ਼ਰੇਂਸ ਤੇ ਖੋਜ ਕੇਂਦਰ ਵਿਚ ਪੰਜਾਬੀ ਵਿਚ ਖੋਜ ਕਰਵਾਉਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਪੀਐੱਚ.ਡੀ., ਐਮ.ਫ਼ਿਲ, ਐਮ. ਲਿਟ ਅਤੇ ਐਮ.ਏ. ਦੇ ਖੋਜ ਨਿਬੰਧ/ ਖੋਜ ਪ੍ਰਬੰਧ ਵੱਡੀ ਮਾਤਰਾ ਵਿੱਚ ਉਪਲੱਬਧ ਹਨ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਦਸਿਆ ਕਿ 1954 ਵਿਚ ਸਥਾਪਿਤ ਇਹ ਲਾਇਬ੍ਰੇਰੀ ਪਹਿਲਾਂ ਇਕ ਤਤਕਾਲੀ ਜਨਰਲ ਸਕੱਤਰ ਦੇ ਘਰ ਵਿਚ ਚਲਦੀ ਰਹੀ ਅਤੇ 1968 ਵਿਚ ਇਹ ਬਕਾਇਦਾ ਪੰਜਾਬੀ ਭਵਨ ਵਿਚ ਸਥਾਪਿਤ ਲਾਇਬ੍ਰੇਰੀ ਹਾਲ ਵਿਚ ਸਥਾਪਿਤ ਕੀਤੀ ਗਈ। 1993 ਤੋਂ ਪ੍ਰਿੰ. ਪ੍ਰੇਮ ਸਿੰਘ ਬਜਾਜ ਦੀ ਦੇਖਰੇਖ ਹੇਠ ਚੱਲਣ ਵਾਲੀ ਇਸ ਲਾਇਬ੍ਰੇਰੀ ਵਿਚ ਕਿਤਾਬਾਂ ਦੀ ਗਿਣਤੀ ਵਿਚ ਵੱਡੀ ਪੱਧਰ ਤੇ ਇਜ਼ਾਫ਼ਾ ਹੋਇਆ ਜਿਸ ਕਰਕੇ ਨਵੀਂ ਇਮਾਰਤ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਜ਼ਰੂਰਤ ਦੀ ਪੂਰਤੀ ਕਰਨ ਦਾ ਵਾਇਦਾ ਡਾ. ਮਨੋਹਰ ਸਿੰਘ ਗਿੱਲ ਹੋਰਾਂ ਕੀਤਾ ਅਤੇ ਨਵੀਂ ਇਮਾਰਤ ਦੀ ਉਸਾਰੀ ਵਿੱਚ ਵਿਸ਼ੇਸ਼ ਦਿਲਚਸਪੀ ਲਈ।
ਇਸ ਲਾਇਬ੍ਰੇਰੀ ਦੀ ਸਾਂਭ ਸੰਭਾਲ ਅਤੇ ਸੰਚਾਲਨ ਦਾ ਕਾਰਜ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੀ ਅਗਵਾਈ ਵਿਚ ਚੱਲ ਰਿਹਾ ਹੈ। ਉਨਾਂ ਤੋਂ ਇਲਾਵਾ ਦੋ ਸਿਖਲਾਈ ਯਾਫ਼ਤਾ ਲਾਇਬ੍ਰੇਰੀਅਨ ਕਾਰਜਸ਼ੀਲ ਹਨ ਜੋ ਪਾਠਕਾਂ ਨੂੰ ਭਰਪੂਰ ਸਹਿਯੋਗ ਦਿੰਦੇ ਹਨ। ਅੱਜ ਲਾਇਬ੍ਰੇਰੀ ਦੇ ਆਰੰਭ ਸਮੇਂ ਡਾ. ਆਤਮਜੀਤ ਸਿੰਘ ਹੋਰਾਂ ਦੇ ਨਾਲ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਤੋਂਇਲਾਵਾ ਹੋਰ ਲੇਖਕ ਤੇ ਸਾਹਿਤਕਾਰ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।