‘ਆਪ ਛੱਡਣ ਵਾਲੇ ਅਹੁਦਿਆਂ ਦੇ ਭੁੱਖੇ’
ਬਰਨਾਲਾ(ਜੀਵਨ) | ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਬਰਨਾਲਾ ਦੀ ਧਰਤੀ ਤੋਂ ਮਿਸ਼ਨ ਪੰਜਾਬ-2019 ਦਾ ਬਿਗੁਲ ਵਜਾ ਦਿੱਤਾ। ਆਪ ਵੱਲੋਂ ਅੱਜ ਬਰਨਾਲਾ ਵਿਖੇ ਭਰਵੀਂ ਚੋਣ ਰੈਲੀ ਕੀਤੀ ਗਈ, ਜਿਸ ‘ਚ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ।
ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਲੋਕ ਆਮ ਆਦਮੀ ਪਾਰਟੀ ਛੱਡ ਕੇ ਗਏ ਹਨ, ਉਹ ਲੋਕ ਆਮ ਆਦਮੀ ਪਾਰਟੀ ‘ਚ ਰਹਿਣ ਦੇ ਲਾਇਕ ਨਹੀਂ ਸਨ। ਕੇਜਰੀਵਾਲ ਨੇ ਪਾਰਟੀ ਛੱਡਣ ਵਾਲਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸਦਿਆਂ ਉਨ੍ਹਾਂ ਨੂੰ ਘਟੀਆ ਕਰਾਰ ਵੀ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਧੋਖ਼ੇਬਾਜ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਘਰ-ਘਰ ਨੌਕਰੀ, ਕਿਸਾਨੀਂ ਕਰਜ਼, ਪੈਨਸ਼ਨ ਵਾਧਾ ਆਦਿ ਵਿਸ਼ੇਸ਼ ਤੌਰ ‘ਤੇ ਯਾਦ ਕਰਵਾਏ। ਕੇਜਰੀਵਾਲ ਨੇ ਅੱਜ ਦੀ ਰੈਲੀ ‘ਚ ਦਲਿਤਾਂ ਦਾ ਵੀ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ‘ਚ ਸਭ ਤੋਂ ਜਿਆਦਾ ਦੁਖੀ ਦਲਿਤ ਤੇ ਪਛੜਿਆ ਹੋਇਆ ਕਮਜ਼ੋਰ ਵਰਗ ਹੈ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਦਿੱਲੀ ‘ਚ ਆਪ ਦੀ ਸਰਕਾਰ ਵੱਲੋਂ ਕੀਤੇ ਕਾਰਜ਼ਾਂ ਦੀ ਤਫਸੀਲ ਵੀ ਕੀਤੀ ਅਤੇ ਸਰਕਾਰੀ ਸਕੂਲਾਂ, ਹਸਪਤਾਲਾਂ ਦਾ ਵੀ ਵਿਸ਼ੇਸ਼ ਜਿਕਰ ਕੀਤਾ। ਉਨ੍ਹਾਂ ਕੈਪਟਨ ਸਰਕਾਰ ‘ਤੇ ਪੰਜਾਬ ਦੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ 2019 ਦੀਆਂ ਚੋਣਾਂ ਭਗਵੰਤ ਮਾਨ ਦੀ ਅਗਵਾਈ ‘ਚ ਲੜੇਗੀ ਅਤੇ 13 ਦੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦਰਿੰਦਾ ਗਰਦਾਨਿਆਂ ਅਤੇ ਕਾਂਗਰਸ ਅਤੇ ਅਕਾਲੀ ਦਲ (ਬ) ਦੇ ਮਿਲੇ ਹੋਣ ਦੇ ਦੋਸ਼ ਲਗਾਏ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਡਾ.ਬਲਵੀਰ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਰੁਪਿੰਦਰ ਰੂਬੀ, ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਅਮਨ ਅਰੋੜ, ਵਿਧਾਇਕ ਕੁਲਤਾਰ ਸਿੰਧਵਾਂ, ਵਿਧਾਇਕ ਮਨਜੀਤ ਬਿਲਾਸਪੁਰ, ਵਿਧਾਇਕ ਜੈ ਕਿਸ਼ਨ ਰੋੜੀ, ਵਿਧਾਇਕ ਸੰਦੋਆ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਭਗਵੰਤ ਮਾਨ ਵੱਲੋਂ ਉਮੀਦਵਾਰ ਐਲਾਨਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।