ਕਾਂਗਰਸ ਦੇ ਮੰਤਰੀਆਂ ਨੇ ਪੱਤਰਕਾਰਾਂ ਸਾਹਮਣੇ ਅਕਾਲੀਆਂ ਖਿਲਾਫ਼ ਕੱਢੀ ਭੜਾਸ
ਸ੍ਰੀ ਮੁਕਤਸਰ ਸਾਹਿਬ | ਕਾਂਗਰਸ ਤੇ ਕੁਝ ਹੋਰ ਪਾਰਟੀਆਂ ਵੱਲੋਂ ਮਾਘੀ ਦੇ ਇਤਿਹਾਸਕ ਮੇਲੇ ‘ਤੇ ਸਿਆਸੀ ਰੈਲੀਆਂ ਨਾ ਕਰਨ ਦੇ ਬਾਵਜ਼ੂਦ ਅੱਜ ਮੇਲੇ ‘ਤੇ ਚੁਣਾਵੀ ਮਾਹੌਲ ਬਣਿਆ ਰਿਹਾ ਆਮ ਲੋਕ ਜਿੱਥੇ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇ ਕੇ ਘਰਾਂ ਨੂੰ ਮੁੜਦੇ ਰਹੇ, ਉੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇੱਕ-ਦੂਜੇ ਨੂੰ ਰਗੜੇ ਲਾਉਣ ਤੇ ਆਪਣੇ-ਆਪ ਨੂੰ ਚੰਗਾ ਗਿਣਾਉਣ ‘ਚ ਕੋਈ ਕਸਰ ਨਾ ਛੱਡੀ
ਸ਼੍ਰੋਮਣੀ ਅਕਾਲੀ ਦਲ (ਬ) ਤੇ ਅਕਾਲੀ ਦਲ (ਅ) ਨੇ ਰਵਾਇਤੀ ਅੰਦਾਜ਼ ‘ਚ ਰੈਲੀਆਂ ਕੀਤੀਆਂ ਕਾਂਗਰਸ ਪਾਰਟੀ ਵੱਲੋਂ ਦੋ ਮੰਤਰੀਆਂ ਸੁਖਜਿੰੰਦਰ ਸਿੰਘ ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੇ ਪ੍ਰੈੱਸ ਮਿਲਣੀਆਂ ਕਰਕੇ ਸਿਆਸੀ ਮਾਹੌਲ ਨੂੰ ਗਰਮਾਈ ਰੱਖਿਆ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ 40 ਸਾਲਾਂ ਦੇ ਸਿਆਸੀ ਜੀਵਨ ਵਿੱਚ ਇਹੀ ਗੱਲ ਅਨੁਭਵ ਕੀਤੀ ਹੈ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਸਿੱਖਾਂ ਨੂੰ ਇੱਕ ਦੂਜੇ ਖ਼ਿਲਾਫ ਭੜਕਾ ਕੇ ਸਾਡੇ ਗੁਰਧਾਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਮੋਦੀ ਸਰਕਾਰ ਹਰ ਸਿੱਖ ਦੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਬਿਨਾਂ ਰੁਕਾਵਟ ਦਰਸ਼ਨ ਕਰਨ ਦੀ ਚਿਰੋਕਣੀ ਤਾਂਘ ਨੂੰ ਪੂਰਾ ਕਰ ਰਹੀ ਹੈ। ਸਿੱਖਾਂ ਲਈ ਦੋ ਇਤਿਹਾਸਕ ਅਤੇ ਮਿਸਾਲੀ ਫੈਸਲੇ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਸਦਾ ਵਾਸਤੇ ਮੋਦੀ ਦਾ ਰਿਣੀ ਹੋ ਗਿਆ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਲਈ ਲਾਂਘਾ ਤਿਆਰ ਕਰਵਾਉਣ ਦਾ ਫੈਸਲਾ ਲਿਆ ਹੈ ਅਤੇ ਕਾਂਗਰਸ ਸਰਕਾਰਾਂ ਵੱਲੋਂ ਬੰਦ ਕੀਤੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਲਈ ਸਿਟ ਦਾ ਗਠਨ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿੱਖ ਪੰਥ ਨਾਲ ਹਮਦਰਦੀ ਰੱਖਦੇ ਹਨ, ਅਸੀਂ ਉਹਨਾਂ ਨੂੰ ਕਦੇ ਨਹੀਂ ਭੁਲਾਉਂਦੇ। ਆਪਣੇ ਦੋਵੇਂ ਨੇਕ ਕਾਰਜਾਂ ਰਾਹੀਂ ਮੋਦੀ ਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਅਸੀਂ ਉਹਨਾਂ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਵੇਖਣਾ ਚਾਹੁੰਦੇ ਹਾਂ। ਇਸ ਮੌਕੇ ਸੰਬੋਧਨ ਕਰਦਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਪੰਥ-ਦੋਖੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਮੇਤ ਸਿਖ ਸੰਸਥਾਨਾਂ ਉਤੇ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ ਵਿੱਚ ਅਕਾਲੀ ਦਲ ਅਤੇ ਇਸ ਦੇ ਸੀਨੀਅਰ ਆਗੂਆਂ ਨੂੰ ਬਦਨਾਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਿੱਖਾਂ ਦੇ ਨੁੰਮਾਇਦਿਆਂ ਬਾਰੇ ਚਲਾਇਆ ਜਾਂਦਾ ਹੈ, ਬਾਦਲ ਪਰਿਵਾਰ ਵੱਲੋਂ ਨਹੀਂ। ਉਹਨਾਂ ਕਿਹਾ ਕਿ ਅਖੌਤੀ ਪੰਥਕ ਧਿਰਾਂ ਕਾਂਗਰਸ ਦੀ ਬੀ-ਟੀਮ ਹਨ। ਕਾਂਗਰਸ ਦੇ ਕਹਿਣ ਉਤੇ ਇਹਨਾਂ ਨੇ ਧਰਨਾ ਲਾਇਆ ਅਤੇ ਫਿਰ ਚੁੱਕ ਦਿੱਤਾ। ਅਕਾਲੀ ਆਗੂਆਂ ਦੇ ਕਾਫਲੇ ਰੋਕੇ, ਬਾਦਲ ਪਰਿਵਾਰ ਵਿਰੁੱਧ ਝੂਠੀ ਬਿਆਨਬਾਜ਼ੀ ਕੀਤੀ, ਇਹ ਸਭ ਕੁਝ ਕਾਂਗਰਸ ਦੇ ਇਸ਼ਾਰੇ ਉਤੇ ਹੋਇਆ। ਉਹਨਾਂ ਪਹਿਲਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਨ ਲਈ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਅਤੇ ਫਿਰ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕੀਤੀ, ਜਿਸ ਕਰਕੇ ਪੀੜਤਾਂ ਨੂੰ ਇਸ ਮਨੁੱਖਤਾ ਵਿਰੁੱਧ ਕੀਤੇ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਲਾਂ ਬੱਧੀ ਦਰ-ਦਰ ਭਟਕਣਾ ਪਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਕਿਸੇ ਨੂੰ ਕੁਝ ਨਹੀਂ ਦੇ ਰਿਹਾ। ਪਰ ਬਾਦਲ ਦੇ ਸਮੇਂ ਜਦ ਤੁਸੀ 20 ਲੱਖ ਮੰਗਦੇ ਸੀ ਤਾਂ 40 ਮਿਲਦਾ ਸੀ। ਉਹਨਾਂ ਬਰਗਾੜੀ ਮੋਰਚੇ ਦੀ ਗੱਲ ਕਰਦਿਆ ਕਿਹਾ ਕਿ ਉਹਨਾਂ ਨੇ ਧਰਨਾ ਲਗਾ ਕੇ ਉਥੋਂ 22 ਕਰੋੜ ਰੁਪਏ ਕਮਾ ਲਿਆ। ਹੁਣ ਜਦ ਪੈਸੇ ਖਤਮ ਹੋ ਗਏ ਤਾਂ ਫਿਰ ਤੋਂ ਧਰਨਾ ਲਗਾ ਦੇਣਗੇ। ਮਨਪ੍ਰੀਤ ਬਾਦਲ ‘ਤੇ ਵਰਦਿਆ ਬਾਦਲ ਨੇ ਕਿਹਾ ਕਿ ਪਹਿਲਾ ਇਹ ਕਹਿੰਦਾ ਸੀ ਕਿ ਮੈਨੂੰ ਖਜ਼ਾਨਾ ਮੰਤਰੀ ਬਣਾ ਦਿਓ ਜੋ ਥਰਮਲ ਦੀ ਚਿਮਨੀ ਨਾਰਾਜ਼ ਹੈ ਉਹ ਖੁਸ਼ ਹੋ ਜਾਵੇਗੀ। ਪਰ ਹੁਣ ਚਿਮਨੀ ਤਾਂ ਦੂਰ ਵਿਭਾਗ ਦੇ ਕਰਮਚਾਰੀਆਂ ਦੇ ਮੂੰਹ ਤੋਂ ਵੀ ਖੁਸ਼ੀ ਦੂਰ ਹੋ ਗਈ ਹੈ। ਕਿਉਂਕਿ ਇਹਨਾਂ ਨੂੰ ਤਾਂ ਸਮੇਂ ‘ਤੇ ਤਨਖਾਹ ਨਹੀਂ ਮਿਲਦੀ ਅਤੇ ਨਾ ਹੀ ਡੀਏ ਜਾਰੀ ਹੁੰਦਾ ਹੈ। ਉਹਨਾਂ ਕਿਹਾ ਕਿ ਪੂਰੇ ਸੂਬੇ ‘ਚ ਲੋਕਾਂ ਨੇ ਲੋਹੜੀ ਮਨਾਈ ਹੈ, ਪਰ ਪਟਿਆਲਾ ‘ਚ ਅਧਿਆਪਕਾਂ ਨੇ ਦੁਸਹਿਰਾ ਮਨਾਇਆ ਹੈ। ਉਹਨਾਂ ਨੇ ਕੈਪਟਨ ਸਰਕਾਰ ਨੂੰ ਮੁਗਲ ਦਸਦੇ ਹੋਏ ਕਿਹਾ ਕਿ ਇਸਦੇ ਦੋ ਨੇਤਾਵਾਂ ਤੋਂ ਬਚਣ ਦੀ ਜਰੂਰਤ ਹੈ। ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਈ ਹੋਈ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ