ਕਮਲ ਬਰਾੜ
ਅਸੀਂ ਹਰ ਸਾਲ 31 ਦਸੰਬਰ ਭਾਵ ਕਿ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਚੜ੍ਹਨ ਵਾਲੇ ਨਵੇਂ ਸਾਲ ਅਰਥਾਤ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਇਸ ਮੌਕੇ ਅਸੀਂ ਆਪਣੇ ਦੋਸਤਾਂ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲੇ ਸਾਰੇ ਸੱਜਣਾਂ ਨੂੰ ਵੱਖ-ਵੱਖ ਢੰਗਾਂ ਜਿਵੇਂ ਕਿ ਮੋਬਾਇਲਾਂ , ਗਰੀਟਿੰਗ ਕਾਰਡਾਂ , ਸੋਸ਼ਲ ਸਾਇਟਸ ਰਾਹੀਂ ਨਵੇਂ ਸਾਲ ਦੀ ਵਧਾਈ ਦੇ ਨਾਲ-ਨਾਲ ਉਨ੍ਹਾਂ ਲਈ ਨਵਾਂ ਸਾਲ ਖੁਸ਼ੀਆਂ-ਖੇੜਿਆਂ ਭਰਿਆ ਹੋਵੇ, ਦੀ ਭਾਵਨਾ ਨਾਲ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਨਵਾਂ ਵਰ੍ਹਾ ਚੜ੍ਹਨ ਦੀ ਇਹ ਖੁਸ਼ੀ ਲੱਗਭਗ ਹਰ ਵਿਅਕਤੀ ਹਰ ਸਾਲ ਇਕ-ਦੂਜੇ ਨਾਲ ਸਾਂਝੀ ਕਰਦਾ ਹੈ, ਪਰੰਤੂ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਨਵਾਂ ਵਰ੍ਹਾ ਚੜ੍ਹਨ ‘ਤੇ ਦਿੱਤੀਆਂ ਖੁਸ਼ੀਆਂ- ਖੇੜੇ ਭਰਪੂਰ ਜ਼ਿੰਦਗੀ ਜਿਊਣ ਦੀਆਂ ਸ਼ੁਭ ਇੱਛਾਵਾਂ ਦੂਜਿਆਂ ਲਈ ਜਾਂ ਸਾਡੇ ਲਈ ਕਿੰਨੀਆਂ ਕੁ ਸਾਰਥਕ ਸਿੱਧ ਹੁੰਦੀਆਂ ਹਨ ?
ਅਸਲੀਅਤ ਵਿਚ ਸਾਡੀ ਜ਼ਿੰਦਗੀ ‘ਚ ਨਵੇਂ ਸਾਲ ਦਾ ਬਦਲਾਅ ਕੇਵਲ ਦੀਵਾਰ ‘ਤੇ ਟੰਗੇ ਕੈਲੰਡਰ ਨੂੰ ਬਦਲਾਉਣ ਤੱਕ ਹੀ ਸੀਮਤ ਹੁੰਦਾ ਹੈ, ਬਾਕੀ ਜੀਵਨ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ ਜਿਵੇਂ ਅਸੀਂ ਬੀਤ ਚੁੱਕੇ ਸਾਲਾਂ ਵਿਚ ਹੰਢਾਅ ਚੁੱਕੇ ਹੁੰਦੇ ਹਾਂ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਨਵੇਂ ਵਰ੍ਹੇ ਦੀ ਆਮਦ ‘ਤੇ ਉਹ ਕਿਹੜੇ ਕੰਮ ਕਰੀਏ ਜਾਂ ਅਰੰਭੀਏ ਜਿਨ੍ਹਾਂ ਨਾਲ ਸੱਚਮੁਚ ਹੀ ਸਾਨੂੰ ਨਵੇਂ ਵਰ੍ਹੇ ਦੇ ਚੜ੍ਹਨ ਦਾ ਅਹਿਸਾਸ ਹੋਵੇ ਜਿਨ੍ਹਾਂ ਨੂੰ ਕਰਨ ਨਾਲ ਸਾਡੇ ਘਰ, ਸਮਾਜ, ਆਲੇ-ਦੁਆਲੇ, ਵਾਤਾਵਰਨ ਬਲਕਿ ਸਮੁੱਚੇ ਚੌਗਿਰਦੇ ਵਿਚ ਕੋਈ ਨਵੀਨਤਾ ਜਾਂ ਚੰਗੀ ਤਬਦੀਲੀ ਆ ਸਕੇ ਤਾਂਕਿ ਹਰ ਵਰ੍ਹੇ ਸਮਾਜ ਵਿਚ ਵਾਪਰਨ ਵਾਲੀਆਂ ਵੱਖ-ਵੱਖ ਦੁਖਦਾਇਕ ਘਟਨਾਵਾਂ ਮੁੜ ਨਾ ਵਾਪਰਨ ਇਸ ਤਬਦੀਲੀ ਜਾਂ ਬਦਲਾਅ ਵਾਸਤੇ ਸਾਨੂੰ ਸਵੈ-ਪ੍ਰੇਰਨਾ ਕਰਦੇ ਹੋਏ ਆਪਣੇ ਮਨਾਂ ਅੰਦਰ ਕੁਝ ਨਵੇਂ ਸੰਕਲਪ ਲੈਣੇ ਪੈਣਗੇ ਜਿਨ੍ਹਾਂ ਨੂੰ ਧਾਰਨ ਕਰਨ ਨਾਲ ਸਾਡੇ ਸਮਾਜ ਜਾਂ ਦੇਸ਼ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿਚ ਅਮਨ-ਚੈਨ ਅਤੇ ਚਗਿਆਈ ਫੈਲ ਜਾਵੇ ਇਹ ਸੰਕਲਪ ਕਿਹੋ ਜਿਹੇ ਹੋਣੇ ਚਾਹੀਦੇ ਹਨ ? ਇਸ ਦੇ ਜਵਾਬ ਲਈ ਸਾਨੂੰ ਬੀਤ ਚੁੱਕੇ ਸਾਲ ਦੀਆਂ ਉਨ੍ਹਾਂ ਤਮਾਮ ਦੁੱਖਦਾਇਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੋਵੇ, ਜਿਨ੍ਹਾਂ ਮਾੜੀਆਂ ਘਟਨਾਵਾਂ ਨਾਲ ਸਾਡੇ ਸਮਾਜ , ਦੇਸ਼, ਕੌਮ ਦਾ ਅਕਸ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵਿਗੜਿਆ ਹੋਵੇ ਪਿਛਲੇ ਸਾਲ ਸਾਡੇ ਨਾਲ ਜੋ ਚੰਗਾ ਹੋਇਆ ਉਸ ਨੂੰ ਹਮੇਸ਼ਾ ਯਾਦ ਰੱਖੋ ਤੇ ਜੋ ਮਾੜਾ ਵਾਪਰਿਆ ਉਸ ਨੂੰ ਸੁਪਨਾ ਸਮਝ ਕੇ ਭੁਲ ਜਾਣਾ ਚਾਹੀਦਾ ਹੈ ਦੁੱਖ ਸੁਖ ਦਾ ਨਾਂ ਹੀ ਜਿੰਦਗੀ ਹੈ ਨਵੇਂ ਵਰ੍ਹੇ ਤੋਂ ਭਾਵ ਹੈ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਸਾਨੂੰ ਚਾਹੀਦਾ ਹੈ ਕਿ ਬੀਤੇ ਸਾਲ ਵਿਚ ਜੋ ਸਾਡੇ ਵਿਚ ਕਮੀਆਂ ਰਹਿ ਗਈਆਂ ਉਸ ਨੂੰ ਇਸ ਸਾਲ ਪੂਰਾ ਕੀਤਾ ਜਾਵੇ ਇਸ ਤੋਂ ਇਲਾਵਾ ਜੇਕਰ ਸਾਡੇ ਤੋਂ ਕਿਸੇ ਦਾ ਬੁਰਾ ਹੋਇਆ ਤਾਂ ਸਾਨੂੰ ਚਾਹੀਦਾ ਹੈ ਕਿ ਇਸ ਸਾਲ ਉਸ ਤਰ੍ਹਾਂ ਦੀ ਗਲਤੀ ਨਾ ਦੁਹਰਾਈ ਜਾਵੇ ਸਾਨੂੰ ਨਵੇਂ ਸਾਲ ਟੀਚੇ ਮਿੱਥਣੇ ਚਾਹੀਦੇ ਹਨ ਕਿ ਅਸੀਂ ਜਿੰਦਗੀ ਵਿੱਚ ਜਿਸ ਮੁਕਾਮ ਤੱਕ ਪਹੁੰਚਣਾ ਹੈ ਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਕਿ ਨਵੇਂ ਸਾਲ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਦਿੱਤਾ ਜਾਵੇ ਤੇ ਕਿਸੇ ਨਾਲ ਵੈਰ, ਈਰਖਾ ਨਾ ਰੱਖੀ ਜਾਵੇ ਕਿਉਂਕਿ ਪਿਆਰ ਵੰਡਣ ਨਾਲ ਹੀ ਵੱਧਦਾ ਹੈ ਜੇਕਰ ਅਸੀਂ ਦਿਲਾਂ ਵਿਚ ਉਹੀ ਇਕ ਦੂਸਰੇ ਪ੍ਰਤੀ ਈਰਖਾ ਕਰਨ ਲੱਗੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਨਵੇਂ ਸਾਲ ਨਾਲ ਆਪਣੀ ਸੋਚ ਨਹੀਂ ਬਦਲ ਸਕੇ ਨਵੇਂ ਵਰ੍ਹੇ ਤੇ ਇਕ ਦੂਸਰੇ ਨੂੰ ਮਠਿਆਈਆਂ ਦੇ ਦੇਣਾ, ਮਹਿੰਗੇ ਮਹਿੰਗੇ ਤੋਹਫੇ ਦੇਣ ਨਾਲੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਬੇਸਹਾਰਾ ਗਰੀਬ ਦੀ ਮੱਦਦ ਕਰ ਦੇਈਏ ਜੇਕਰ ਕਿਸੇ ਦੇ ਤਨ ਤੇ ਕੱਪੜਾ ਨਹੀਂ ਤਾਂ ਉਸ ਨੂੰ ਨਵੇਂ ਕੱਪੜੇ ਦੇ ਕੇ ਦੇਈਏ ਜੇਕਰ ਕੋਈ ਬਿਮਾਰ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇ ਇਸ ਤਰ੍ਹਾਂ ਦੇ ਲੋਕ ਭਾਲਾਈ ਦੇ ਕੰਮ ਕਰਕੇ ਵਧੀਆ ਢੰਗ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ
ਨਵੇਂ ਸਾਲ ‘ਤੇ ਸਾਡੇ ਵੱਲੋਂ ਲਏ ਜਾਣ ਵਾਲੇ ਇਨ੍ਹਾਂ ਸੰਕਲਪਾਂ ਵਿਚ ਪ੍ਰਮੱਖ ਰੂਪ ‘ਚ ਧਾਰਮਿਕ ਕੱਟੜ੍ਹਤਾ ਵਿੱਚੋਂ ਪੈਦਾ ਹੋਏ ਫਿਰਕੂ ਫਸਾਦਾਂ , ਔਰਤਾਂ ਦੀ ਕੀਤੀ ਜਾਂਦੀ ਬੇਪੱਤੀ, ਗਰੀਬ ਕਿਰਤੀਆਂ ਦਾ ਆਰਥਿਕ ਸੋਸ਼ਣ , ਲੁੱਟਾਂ-ਖੋਹਾਂ, ਪਰਿਵਾਰਕ ਝਗੜੇ, ਅਣਖ ਖਾਤਰ ਕੀਤੇ ਜਾਂਦੇ ਬੇਗਾਨੇ ਅਤੇ ਆਪਣੇ ਧੀਆਂ-ਪੁੱਤਰਾਂ ਦੇ ਕਤਲ , ਦਹੇਜ਼ ਲਈ ਰੋਜ਼ਾਨਾ ਬਲੀ ਚੜ੍ਹਦੀਆਂ ਨੂੰਹਾਂ , ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੁੰਦੇ ਹਾਦਸੇ , ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ, ਭ੍ਰਿਸ਼ਟਾਚਾਰ , ਰਿਸ਼ਵਤਖੋਰੀ , ਮਿਲਾਵਟਖੋਰੀ , ਜਮ੍ਹਾਂਖੋਰੀ, ਜਨਤਕ ਥਾਂਵਾਂ ‘ਤੇ ਗੰਦਗੀ ਫੈਲਾਉਣ ਵਰਗੀਆਂ ਕਈ ਗੱਲਾਂ ਅਤੇ ਉਨ੍ਹਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਰੋਕਣ ਵਾਸਤੇ ਅਹਿਦ ਕਰਨੇ ਚਾਹੀਦੇ ਹਨ
ਹਰੇਕ ਵਿਅਕਤੀ ਨੂੰ ਉਪਰੋਕਤ ਸਾਰੀਆਂ ਸਮਾਜਿਕ ਬੁਰਾਈਆਂ ਵਿਰੁੱਧ ਇਹ ਸੰਕਲਪ ਧਾਰਨਾ ਚਾਹੀਦਾ ਹੈ ਕਿ ਨਾ ਤਾਂ ਅਸੀਂ ਇਨ੍ਹਾਂ ਬੁਰਾਈਆਂ ਨੂੰ ਖੁਦ ਫੈਲਾਵਾਂਗੇ ਅਤੇ ਨਾ ਹੀ ਦੂਜਿਆਂ ਨੂੰ ਫੈਲਾਉਣ ਦੇਵਾਂਗੇ ਬਲਕਿ ਸਮਾਜ ਨੂੰ ਇਨ੍ਹਾਂ ਬੁਰਾਈਆਂ ਖਿਲਾਫ ਜਾਗਰੂਕ ਕਰਾਂਗੇ ਸਮਾਜਿਕ ਬੁਰਾਈਆਂ ਖਿਲਾਫ ਅਤੇ ਆਪਣੇ ਦੇਸ਼ ਦੀ ਬੇਹਤਰੀ ਲਈ ਇਨ੍ਹਾਂ ਸਾਰੇ ਸੰਕਲਪਾਂ ਨੂੰ ਅਪਣਾਅ ਕੇ ਹੀ ਅਸੀਂ ਹਰ ਸਾਲ ਆਪਣੇ ਵੱਲੋਂ ਦੂਜਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਅਤੇ ਉਨ੍ਹਾਂ ਦੁਆਰਾ ਲਈਆਂ ਜਾਣ ਵਾਲੀਆਂ ਸ਼ੁਭ ਕਾਮਨਾਵਾਂ ਨੂੰ ਸਾਰਥਕ ਬਣਾ ਸਕਦੇ ਹਾਂ
ਪਿੰਡ ਕੋਟਲੀ ਅਬਲੂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।