ਮਾਰੇ ਗਏ ਅੱਤਵਾਦੀ ਗਜਵਾਤੁਲ-ਅੰਸਾਰ ਸੰਗਠਨ ਦੇ
ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ ਪੁਲਵਾਮਾ ਜਿਲ੍ਹੇ ਦੇ ਤਰਾਲ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਨਾਲ ਹੋਏ ਭਿਆਨਕ ਮੁਕਾਬਲੇ ‘ਚ ਛੇ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਅਨੁਸਾਰ ਮਾਰੇ ਗਏ ਸਾਰੇ ਅੱਤਵਾਦੀ ਗਜਵਾਤੁਲ-ਅੰਸਾਰ ਸੰਗਠਨ ਦੇ ਹਨ। ਅੰਤਿਮ ਰਿਪੋਰਟ ਮਿਲਣ ਤੱਕ ਸੁਰੱਖਿਆ ਬਲਾਂ ਦਾ ਅਭਿਆਨ ਜਾਰੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼ (ਆਰਆਰ), ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਅਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਨੇ ਪੁਲਵਾਮਾ ਜਿਲ੍ਹੇ ‘ਚ ਤਰਾਲ ਦੇ ਆਰਮਪੋਰਾ ਇਲਾਕੇ ‘ਚ ਸ਼ਨਿੱਚਰਵਾਰ ਦੀ ਸਵੇਰ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ।
ਸੁਰੱਖਿਆ ਬਲਾਂ ਦੀ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਵਿਸ਼ੇਸ਼ ਖੇਤਰ ਵੱਲ ਵਧ ਰਹੇ ਸਨ ਤਾਂ ਉਥੇ ਲੁਕੇ ਹੋਏ ਅੱਤਵਾਦੀਆਂ ਨੇ ਉਹਨਾਂ ‘ਤੇ ਸਵੈ ਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਨਾਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਨੇ ਮੁਕਾਬਲੇ ਦੀ ਸ਼ਕਲ ਅਖਤਿਆਰ ਕਰ ਲਈ।ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ 6 ਅੱਤਵਾਦੀ ਮਾਰੇ ਗਏ। ਇਹ ਸਾਰੇ ਅੱਤਵਾਦੀ ਸੰਗਠਨ ਗਜਵਾਤੁਲ-ਅੰਸਾਰ ਦੇ ਦੱਸੇ ਜਾ ਰਹੇ ਹਨ।
ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਲਈ ਅਹਿਤੀਆਤ ਦੇ ਤੌਰ ‘ਤੇ ਭਾਰਤ ਸੰਚਾਰ ਨਿਗਮ ਲਿਮਟਿਡ ਸਮੇਤ ਸਾਰੀਆਂ ਮੋਬਾਇਲ ਇੰਟਰਨੈਟ ਸੇਵਾ ਪ੍ਰਦਾਤਾ ਕੰਪਨੀਆਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁਕਾਬਲੇ ਵਾਲੇ ਸਥਾਨ ‘ਤੇ ਨੇੜੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।