ਸੂਬਾ ਚੋਣ ਕਮਿਸ਼ਨ ਦਫ਼ਤਰ ‘ਚ ਮੀਡੀਆ ‘ਤੇ ਪਾਬੰਦੀ

The ban on the media in the state election commission office

ਕੇਂਦਰੀ ਚੋਣ ਕਮਿਸ਼ਨ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੀਤੀ ਜਾਏਗੀ ਸ਼ਿਕਾਇਤ

ਚੰਡੀਗੜ੍ਹ |  ਪੰਜਾਬ ‘ਚ ਪਾਰਦਰਸ਼ੀ ਤਰੀਕੇ ਨਾਲ ਪੰਚਾਇਤੀ ਚੋਣਾਂ ਕਰਵਾਉਣ ਦਾ ਜਿੰਮਾ ਲਈ ਬੈਠਾ ਸੂਬਾ ਚੋਣ ਕਮਿਸ਼ਨ ਦਾ ਦਫ਼ਤਰ ਹੀ ਖ਼ੁਦ ਪਾਰਦਰਸ਼ੀ ਤਰੀਕੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ, ਜਿਸ ਕਾਰਨ ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਮੀਡੀਆ ‘ਤੇ ਦਫ਼ਤਰ ‘ਚ ਐਂਟਰੀ ਕਰਨ ‘ਤੇ ਮੁਕੰਮਲ ਤੌਰ ‘ਤੇ ਨਾ ਸਿਰਫ਼ ਪਾਬੰਦੀ ਲਗਾ ਦਿੱਤੀ ਹੈ, ਸਗੋਂ ਦਫ਼ਤਰ ਦੇ ਬਾਹਰ ਪੁਲਿਸ ਕਰਮਚਾਰੀ ਵੀ ਤੈਨਾਤ ਕਰ ਦਿੱਤੇ ਹਨ, ਜਿਹੜੇ ਕਿ ਮੀਡੀਆ ਨੂੰ ਬੇਇੱਜ਼ਤ ਕਰਨ ਦੇ ਨਾਲ ਹੀ ਦਫ਼ਤਰ ‘ਚ ਜਾਣ ਤੋਂ ਰੋਕਣ ‘ਤੇ ਲੱਗੇ ਹੋਏ ਹਨ। ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਐਲਾਨੀ ਗਈ ਮੀਡੀਆ ਐਮਰਜੈਂਸੀ ਖ਼ਿਲਾਫ਼ ਵੀਰਵਾਰ ਨੂੰ ਮੀਡੀਆ ਕਰਮਚਾਰੀਆਂ ਨੇ ਮੌਕੇ ‘ਤੇ ਹੀ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਅਗਲੇ 12 ਘੰਟੇ ‘ਚ ਇਹ ਮੀਡੀਆ ਐਮਰਜੈਂਸੀ ਹਟਵਾਉਣ ਦੀ ਮੰਗ ਕੀਤੀ ਹੈ, ਜੇਕਰ ਸ਼ੁੱਕਰਵਾਰ ਸਵੇਰ ਤੱਕ ਇਹ ਮੀਡੀਆ ਐਮਰਜੈਂਸੀ ਨਹੀਂ ਹਟਾਈ ਗਈ ਤਾਂ ਸ਼ੁੱਕਰਵਾਰ ਨੂੰ ਮੀਡੀਆ ਕਰਮਚਾਰੀ ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਧਰਨਾ ਅਤੇ ਪ੍ਰਦਰਸ਼ਨ ਕਰਨਗੇ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਸੂਬਾ ਕਮਿਸ਼ਨ ਦਾ ਇਹ ਵਿਵਹਾਰ ਨਾ ਸਿਰਫ਼ ਮਾੜਾ ਹੈ, ਸਗੋਂ ਨਿੰਦਣਯੋਗ ਹੈ, ਕਿਉਂਕਿ ਕਮਿਸ਼ਨ ਨੇ ਪੱਤਰਕਾਰਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਂਦੇ ਹੋਏ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਦੇ ਨਾਲ ਹੀ ਉਨ੍ਹਾਂ ਨੂੰ ਬੇਇੱਜ਼ਤ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੱਤਰਕਾਰਾਂ ਵੱਲੋਂ ਇਸ ਪਾਬੰਦੀ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਲਈ ਸੂਬਾ ਚੋਣ ਕਮਿਸ਼ਨਰ ਕੋਲ ਆਪਣੇ ਕਾਰਡ ਤੱਕ ਭੇਜੇ ਤਾਂ ਉਨ੍ਹਾਂ ਨੂੰ ਸੂਬਾ ਚੋਣ ਕਮਿਸ਼ਨਰ ਵੱਲੋਂ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਦਫ਼ਤਰ ਦੇ ਬਾਹਰ ਪੁਲਿਸ ਕਰਮਚਾਰੀ ਲਗਾਉਂਦੇ ਹੋਏ ਮੀਡੀਆ ਨੂੰ ਦਫ਼ਤਰ ‘ਚ ਹੀ ਦਾਖ਼ਲ ਹੋਣ ‘ਤੇ ਧੱਕਾ ਮੁੱਕੀ ਕਰਨ ਤੱਕ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਉਨ੍ਹਾਂ ਨੇ ਪ੍ਰੈਸ ਕਾਊਂਸਿਲ ਆਫ਼ ਇੰਡੀਆ ਦੇ ਪ੍ਰਧਾਨ ਨਾਲ ਗੱਲਬਾਤ ਕਰਦੇ ਹੋਏ ਲਿਖਤੀ ਰੂਪ ‘ਚ ਸ਼ਿਕਾਇਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨ ਆਫ਼ ਇੰਡੀਆ ਤੇ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਰਹੀ ਹੈ। ਬਲਵਿੰਦਰ ਜੰਮੂ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਦੀ ਮੀਡੀਆ ਸ਼ੁੱਕਰਵਾਰ ਸਵੇਰ ਤੱਕ ਇੰਤਜ਼ਾਰ ਕਰੇਗੀ ਤੇ ਜੇਕਰ ਇਸ ਮਾਮਲੇ ਵਿੱਚ ਕਾਰਵਾਈ ਹੁੰਦੇ ਹੋਏ ਮੀਡੀਆ ‘ਤੇ ਲਗਾਈ ਗਈ ਐਮਰਜੈਂਸੀ ਨਾ ਹਟਾਈ ਗਈ ਤਾਂ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਨਾ ਮੀਡੀਆ ਕਰਮਚਾਰੀ ਧਰਨਾ ਦੇਣਗੇ, ਸਗੋਂ ਮੌਕੇ ‘ਤੇ ਪ੍ਰਦਰਸ਼ਨ ਕਰਦੇ ਹੋਏ ਸੂਬਾ ਚੋਣ ਕਮਿਸ਼ਨਰ ਨੂੰ ਹਟਾਉਣ ਤੱਕ ਦੀ ਮੰਗ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।