ਫੁਲਕਾ ਨੇ ਅਸਤੀਫ਼ਾ ਦਿੰਦੇ ਹੋਏ 13 ਦਸੰਬਰ ਤੋਂ ਪਹਿਲਾਂ ਮਨਜ਼ੂਰ ਕਰਨ ਦੀ ਕੀਤੀ ਮੰਗ
ਅਸਤੀਫ਼ਾ ਮਿਲ ਚੁੱਕਿਆ ਐ, ਜਲਦ ਹੀ ਲਿਆ ਜਾਏਗਾ ਫੈਸਲਾ : ਰਾਣਾ ਕੇ.ਪੀ. ਸਿੰਘ
ਚੰਡੀਗੜ । ਦਾਖ਼ਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਐਚ.ਐਸ. ਫੂਲਕਾ ਨੇ ਇੱਕ ਵਾਰ ਮੁੜ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਤਾ ਗਿਆ ਅਸਤੀਫ਼ਾ ਵਿਵਾਦਗ੍ਰਸਤ ਸੀ, ਕਿਉਂਕਿ ਉਸ ਵਿੱਚ ਵਰਤੋਂ ਕੀਤੀ ਗਈ ਭਾਸ਼ਾ ਅਨੁਸਾਰ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਸੀ, ਜਿਸ ਕਾਰਨ ਫੂਲਕਾ ਨੇ ਮੁੜ ਤੋਂ ਘੱਟ ਸ਼ਬਦਾਂ ਵਿੱਚ ਅਸਤੀਫ਼ਾ ਦਿੰਦੇ ਹੋਏ ਇਸ ਨੂੰ ਨਾ ਸਿਰਫ਼ ਮਨਜ਼ੂਰ ਕਰਨ ਦੀ ਮੰਗ ਕੀਤੀ ਹੈ, ਸਗੋਂ ਇਸ ਲਈ 13 ਦਸੰਬਰ ਤੋਂ ਪਹਿਲਾਂ ਫੈਸਲਾ ਲੈਣ ਦੀ ਬੇਨਤੀ ਕੀਤੀ ਹੈ, ਕਿਉਂਕਿ 13 ਦਸੰਬਰ ਤੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।
ਐਚ ਐਸ ਫੂਲਕਾ ਨੇ ਅਸਤੀਫ਼ਾ ਦਿੰਦੇ ਹੋਏ ਕਿਹਾ ਕਿ ਉਨਾਂ ਨੇ 12 ਅਕਤੂਬਰ ਨੂੰ ਆਪਣਾ ਅਸਤੀਫ਼ਾ ਦਿੱਤਾ ਸੀ ਪਰ ਕਿਸੇ ਕਾਰਨਾਂ ਕਰਕੇ ਉਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ। ਜਿਸ ਕਾਰਨ ਉਨਾਂ ਨੇ ਅੱਜ ਮੁੜ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਨਾਲ ਹੀ ਉਹ ਐਲਾਨ ਕਰ ਰਹੇ ਹਨ ਕਿ ਉਹ 13 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਵੀ ਨਹੀਂ ਲੈਣਗੇ ਪਰ ਇਸ ਸੈਸ਼ਨ ਵਿੱਚ ਉਨਾਂ ਦੀ ਗੈਰਹਾਜ਼ਰੀ ਨਾ ਲਗੇ ਇਸ ਲਈ ਉਨਾਂ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ 13 ਦਸੰਬਰ ਤੋਂ ਪਹਿਲਾਂ ਪਹਿਲਾਂ ਅਸਤੀਫ਼ਾ ਮਨਜ਼ੂਰ ਕਰਨ ਲਈ ਬੇਨਤੀ ਕੀਤੀ ਹੈ।
ਇਥੇ ਹੀ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਦਾਖ਼ਾ ਸੀਟ ਖਾਲੀ ਹੋਣ ‘ਤੇ ਉਹ ਮੁੜ ਤੋਂ ਉਪ ਚੋਣ ਵਿੱਚ ਭਾਗ ਨਹੀਂ ਲੈਣਗੇ ਪਰ ਰਾਜਨੀਤੀ ਤੋਂ ਵੀ ਉਹ ਸਨਿਆਸ ਨਹੀਂ ਲੈਣਗੇ। ਲੁਧਿਆਣਾ ਲੋਕ ਸਭਾ ਸੀਟ ਬਾਰੇ ਉਨਾਂ ਕਿਹਾ ਕਿ ਉਨਾਂ ਦਾ ਲੋਕ ਸਭਾ ਚੋਣ ਲੜਨ ਲਈ ਅਜੇ ਕੋਈ ਵਿਚਾਰ ਨਹੀਂ ਹੈ ਪਰ ਉਹ ਇਸ ਤੋਂ ਇਨਕਾਰ ਵੀ ਨਹੀਂ ਕਰ ਰਹੇ ਹਨ, ਕਿਉਂਕਿ ਇਸ ਸਬੰਧੀ ਫੈਸਲਾ ਪਾਰਟੀ ਹਾਈ ਕਮਾਨ ਨੇ ਲੈਣਾ ਹੈ ਅਤੇ ਉਹ ਪਾਰਟੀ ਦੇ ਕਿਸੇ ਵੀ ਫੈਸਲੇ ਤੋਂ ਬਾਹਰ ਵੀ ਨਹੀਂ ਜਾਣਗੇ।
ਐਚ.ਐਸ. ਫੂਲਕਾ ਦੇ ਅਸਤੀਫ਼ੇ ਬਾਰੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਫੂਲਕਾ ਦਾ ਦੋਬਾਰਾ ਅਸਤੀਫ਼ਾ ਉਨਾਂ ਨੂੰ ਮਿਲ ਗਿਆ ਹੈ ਅਤੇ ਫੁਲਕਾ ਖ਼ੁਦ ਉਨਾਂ ਕੋਲ ਪੇਸ਼ ਹੋਏ ਸਨ ਪਰ ਉਨਾਂ ਨੇ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਹੈ। ਉਨਾਂ ਕਿਹਾ ਕਿ ਅਸਤੀਫ਼ਾ ਘੋਖਣ ਤੋਂ ਬਾਅਦ ਹੀ ਇਸ ਸਬੰਧੀ ਕੁਝ ਵੀ ਕਿਹਾ ਜਾ ਸਕਦਾ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਅਸਤੀਫ਼ੇ ਨੂੰ ਪ੍ਰਵਾਨ ਕਰਨਾ ਜਾਂ ਫਿਰ ਨਹੀਂ ਕਰਨਾ ਉਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਅਸਤੀਫ਼ੇ ਨੂੰ ਘੋਖਣ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਜਾਏਗੀ। Accepted
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।