ਮੋਤੀ ਮਹਿਲ ਵੱਲ ਰੋਸ ਮਾਰਚ ਕਰਦਿਆਂ ਨੂੰ ਫੁਹਾਰਾ ਚੌਕ ‘ਤੇ ਰੋਕਿਆ, ਪਾਂਡਵ ਨੇ ਧਰਨੇ ਵਿੱਚ ਆਕੇ ਲਿਆ ਮੰਗ ਪੱਤਰ
ਪਟਿਆਲਾ। ਸੂਬਾ ਭਰ ਦੇ ਪੈਨਸ਼ਨਰਜ਼ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਹ ਭਰਪੂਰ ਰੋਸ ਪ੍ਰਰਦਸ਼ਨ ਕਰਦਿਆ ਧਰਨਾ ਦਿੱਤਾ ਗਿਆ। ਧਰਨੇ ਦੇ ਕਾਰਨ ਅੱਜ ਮਾਲ ਰੋਡ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਵੱਲੋਂ ਫੁਹਾਰਾ ਚੌਕ ਕੋਲ ਰੋਕ ਕੇ ਉੱੋਥੋਂ ਮੰਗ ਪੱਤਰ ਹਾਸਲ ਕੀਤਾ ਗਿਆ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਵੱਲੋਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿੱਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕਨਸ਼ੈਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਯੂਨਿਟਾਂ ਲਈ ਯੋਗ ਸਥਾਨ ਡੀ.ਏ. ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਜਨਵਰੀ 2017 ਅਤੇ ਜੁਲਾਈ 2017 ਦੀ ਕਿਸ਼ਤ ਨਾ ਦੇਣਾ, 23 ਸਾਲਾ ਸਲਾਨਾ ਤਰੱਕੀ ਸਾਰੇ ਸਬੰਧਤ ਮੁਲਾਜਮਾਂ ਨੂੰ ਬਿਨ੍ਹਾਂ ਸ਼ਰਤ ਦੇਣਾ ਆਦਿ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ, ਪੰਜਾਬ ਸਰਕਾਰ ਪੱਧਰ ਤੇ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਯੂ.ਪੀ., ਛੱਤਿਸਗੜ੍ਹ, ਉਤਰਾਖੰਡ ਅਤੇ ਦਿੱਲੀ ਪਾਵਰ ਕਾਰਪੋਰੇਸ਼ਨਾਂ ਵੱਲੋਂ ਉਨ੍ਹਾਂ ਦੇ ਬਿਜਲੀ ਰਿਟਾਇਰੀਆਂ ਨੂੰ ਇਹ ਰਿਆਇਤ ਮਿਲ ਰਹੀ ਹੈ ਪਰੰਤੂ ਸਾਡੀ ਮੰਗ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਾਵਰਕੌਮ ਦੇ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੋਸ ਧਰਨੇ ਉਪਰੰਤ ਪੈਨਸ਼ਨਰਜ਼ ਵੱਲੋਂ ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ ਗਿਆ। ਜਿਸ ਨੂੰ ਫੁਆਰਾ ਚੌਂਕ ਦੇ ਕੋਲ ਪ੍ਰਸ਼ਾਸ਼ਨ ਵੱਲੋਂ ਰੋਕ ਦਿੱਤਾ ਗਿਆ। ਉੱਥੇ ਹੀ ਪੈਨਸ਼ਨਰਜ਼ ਨੇ ਆਪਣਾ ਰੋਸ ਮੁਜਾਹਰਾ ਸ਼ੁਰੂ ਕਰ ਦਿੱਤਾ। ਇਸ ਰੋਸ ਮੁਜਾਹਰੇ ਵਿੱਚ ਪ੍ਰਸ਼ਾਸ਼ਨ ਵੱਲੋਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਬਿਜਲੀ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਂਡਵ ਵੱਲੋਂ ਇਸ ਧਰਨੇ ਵਿੱਚ ਪਹੁੰਚ ਕੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਮੂੰਹ ਪੈਨਸ਼ਨਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਕੋਡ ਆਫ ਕੰਡਕਟ ਖਤਮ ਹੋਣ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਿੱਤੀ ਜਾਵੇਗੀ । ਇਸ ਭਰੋਸੇ ਤੋਂ ਬਾਅਦ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਨਿਯਮਤ ਸਮੇਂ ਤੇ ਕਾਰਵਾਈ ਨਾ ਹੋਈ ਤਾਂ ਫਿਰ ਸੰਘਰਸ਼ ਕੀਤਾ ਜਾਵੇਗਾ।
ਇਸ ਰੋਸ ਧਰਨੇ ਵਿੱਚ ਗੁਰਨਾਮ ਸਿੰਘ ਗਿੱਲ ਲੁਧਿਆਣਾ, ਰਾਧੇ ਸਿਆਮ ਰੋਪੜ, ਪ੍ਰਕਾਸ਼ ਚੰਦਰ ਮੁਕਤਸਰ, ਪ੍ਰੇਮ ਸੁੱਖ ਹੁਸ਼ਿਆਰਪੁਰ, ਐਸ.ਐਸ.ਟੀਨਾ ਮੀਤ ਪ੍ਰਧਾਨ, ਸੰਤੋਖ ਸਿੰਘ ਬੋਪਾਰਾਏ , ਹਰਬੰਸ ਸਿੰਘ ਰੰਧਾਵਾ, ਹੰਸ ਰਾਜ , ਜਗੀਰ ਸਿੰਘ, ਚੇਤ ਸਿੰਘ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਪੈਨਸਰਜ਼ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।