ਮੰਗਲਵਾਰ ਨੂੰ ਹੋ ਸਕਦੈ ਐੱਚ. ਐੱਸ. ਫੂਲਕਾ ਦਾ ਅਸਤੀਫ਼ਾ ਮਨਜ਼ੂਰ, ਸਪੀਕਰ ਕੋਲ ਪੇਸ਼ ਹੋਣਗੇ ਫੂਲਕਾ
ਚੰਡੀਗੜ੍ਹ । ਕਾਂਗਰਸ ਦੇ ਮੰਤਰੀਆਂ ਦੇ ਅਸਤੀਫ਼ੇ ਮੰਗਣ ਵਾਲੇ ਦਾਖ਼ਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਜਲਦ ਹੀ ਸਾਬਕਾ ਵਿਧਾਇਕ ਹੋਣ ਜਾ ਰਹੇ ਹਨ, ਕਿਉਂਕਿ ਉਮੀਦ ਲਗਾਈ ਜਾ ਰਹੀ ਹੈ ਕਿ ਫੁਲਕਾ ਦਾ ਅਸਤੀਫ਼ਾ 11 ਅਕਤੂਬਰ ਭਲਕੇ ਮਨਜ਼ੂਰ ਹੋ ਸਕਦਾ ਹੈ। ਐੱਚ. ਐੱਸ. ਫੁਲਕਾ ਖ਼ੁਦ ਸਪੀਕਰ ਕੋਲ ਪੇਸ਼ ਹੁੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਨ ਲਈ ਕਹਿਣ ਲਈ ਆ ਰਹੇ ਹਨ, ਜਿੱਥੇ ਕਿ ਵਿਧਾਨ ਸਭਾ ਸਕੱਤਰੇਤ ਅਨੁਸਾਰ ਜੇਕਰ ਫੂਲਕਾ ਨੂੰ ਅਸਤੀਫ਼ਾ ਮੁੜ ਤੋਂ ਦੋਬਾਰਾ ਸਿਰਫ਼ ਦੋ ਲਾਈਨਾਂ ਵਿੱਚ ਲਿਖ ਕੇ ਦੇਣਾ ਵੀ ਪਿਆ ਤਾਂ ਉਹ ਮੌਕੇ ‘ਤੇ ਦਿੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਵਾਉਣਗੇ। ਐੱਚ. ਐੱਸ. ਫੁਲਕਾ ਵੱਲੋਂ ਮਿਲਣ ਲਈ ਸਮਾਂ ਮੰਗਣ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਮੰਗਲਵਾਰ ਨੂੰ ਸਵੇਰੇ 10 ਵਜੇ ਦਾ ਸਮਾਂ ਦਿੱਤਾ ਹੈ। ਜਿੱਥੇ ਕਿ ਸਥਿਤੀ ਸਪੱਸ਼ਟ ਹੋ ਜਾਏਗੀ ਕਿ ਉਹ ਵਿਧਾਇਕ ਰਹਿਣਗੇ ਜਾਂ ਫਿਰ ਸਾਬਕਾ ਵਿਧਾਇਕ ਹੋ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫ਼ਾ 12 ਅਕਤੂਬਰ ਨੂੰ ਭੇਜ ਕੇ ਮਨਜ਼ੂਰ ਕਰਨ ਦੀ ਦਰਖ਼ਾਸਤ ਲਗਾਈ ਸੀ ਪਰ ਐੱਚ. ਐੱਸ. ਫੂਲਕਾ ਦੇ ਲੰਮੇ ਚੌੜੇ ਅਸਤੀਫ਼ੇ ਪਿੱਛੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨੂੰ ਸਮਝਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਇਸ ਨੂੰ ਮਨਜ਼ੂਰ ਕਰਨ ਦੀ ਬਜਾਇ ਇਸ ਨੂੰ ਵਿਚਾਰ ਚਰਚਾ ਤੇ ਘੋਖਣ ਲਈ ਰੋਕਿਆ ਹੋਇਆ ਹੈ। ਇਸੇ ਹਫ਼ਤੇ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਨੂੰ ਦੇਖਦੇ ਹੋਏ ਐੱਚ. ਐੱਸ. ਫੂਲਕਾ ਨੇ ਮੁੜ ਤੋਂ ਆਪਣਾ ਅਸਤੀਫ਼ਾ ਮਨਜ਼ੂਰ ਕਰਨ ਲਈ ਗੁਹਾਰ ਲਗਾਈ ਹੈ। ਇਸ ਲਈ ਫੂਲਕਾ ਵੱਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਮਿਲਣ ਲਈ ਸਮਾਂ ਮੰਗਿਆ ਗਿਆ ਸੀ, ਜਿਹੜਾ ਕਿ ਮੰਗਲਵਾਰ ਨੂੰ ਸਵੇਰੇ 10 ਵਜੇ ਦਾ ਤੈਅ ਹੋਇਆ ਹੈ। ਐੱਚ. ਐੱਸ. ਫੂਲਕਾ ਮੰਗਲਵਾਰ ਨੂੰ ਪੇਸ਼ ਹੁੰਦੇ ਹੋਏ ਨਾ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਸਤੀਫ਼ਾ ਮਨਜ਼ੂਰ ਕਰਨ ਲਈ ਕਹਿਣਗੇ, ਸਗੋਂ ਜੇਕਰ ਸਪੀਕਰ ਵੱਲੋਂ ਉਸ ਅਸਤੀਫ਼ੇ ਦੀ ਥਾਂ ‘ਤੇ ਸਿਰਫ਼ ਦੋ ਲਾਈਨਾਂ ਵਿੱਚ ਅਸਤੀਫ਼ਾ ਲਿਖ ਕੇ ਦੇਣ ਲਈ ਕਿਹਾ ਤਾਂ ਉਹ ਆਪਣਾ ਅਸਤੀਫ਼ਾ ਮੁੜ ਤੋਂ 2 ਸਤਰਾਂ ‘ਚ ਹੀ ਲਿਖ ਕੇ ਦੇ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।