ਸਰਪੰਚੀ ਚੋਣਾਂ : ਔਰਤਾਂ ਦੇ ਕੋਟੇ ਨੇ ਸਰਪੰਚੀ ਦੀ ਇੱਛਾ ਰੱਖਣ ਵਾਲੇ ਭਲਵਾਨਾਂ ਦੇ ਦੰਦੇ ਕੀਤੇ ਖੱਟੇ

Sarpanchi, Elections, Women, Sarpanchi, Wrestlers

ਪਿਛਲੇ ਕਈ ਮਹੀਨਿਆਂ ਤੋਂ ਕਰ ਰਹੇ ਸਨ ਸਰਪੰਚੀ ਲਈ ਜੱਦੋ-ਜ਼ਹਿਦ

ਪਟਿਆਲਾ। ਪੰਜਾਬ ਸਰਕਾਰ ਵੱਲੋਂ ਇਸ ਵਾਰ ਪੰਚਾਇਤੀ ਚੋਣਾਂ ‘ਚ ਔਰਤਾਂ ਲਈ 50 ਫੀਸਦੀ ਕੋਟਾ ਰੱਖਣ ਕਾਰਨ ਸਰਪੰਚੀ ਦੀ ਚਾਹ ਰੱਖਣ ਵਾਲੇ ਜ਼ਿਆਦਾਤਾਰ ਪੁਰਸ਼ ਭਲਵਾਨਾਂ ਦੇ ਦੰਦ ਖੱਟੇ ਹੋਏ ਹਨ। ਹੋਰ ਤਾਂ ਹੋਰ ਕਈ ਪਿੰਡਾਂ ਅੰਦਰ ਸਰਪੰਚੀ ਰਿਜ਼ਰਵ ਹੋਣ ਕਾਰਨ ਸਰਪੰਚੀ ਦੇ ਚਾਹਵਾਨਾਂ ਦੇ ਹੌਸਲੇ ਪਸਤ ਹੋਏ ਹਨ, ਜੋ ਕਈ ਮਹੀਨਿਆਂ ਤੋਂ ਖਰਚਾ ਕਰਨ ‘ਤੇ ਲੱਗੇ ਹੋਏ ਸਨ। ਇੱਧਰ ਔਰਤਾਂ ਦੇ 50 ਫੀਸਦੀ ਕੋਟੇ ਕਾਰਨ ਔਰਤਾਂ ਦੀ ਪੁੱਛ-ਪ੍ਰਤੀਤ ਵਧੀ ਹੈ।
ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਪੰਚਾਇਤ ਚੋਣਾਂ ਦਾ ਲੰਮਾ ਇੰਤਜਾਰ ਕਰਨਾ ਪਿਆ ਹੈ। ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਸਰਪੰਚੀ ਦੇ ਚਾਹਵਾਨਾਂ ਵੱਲੋਂ ਸਰਕਾਰ ‘ਤੇ ਟੇਕ ਰੱਖੀ ਹੋਈ ਸੀ, ਪਰ ਕਾਂਗਰਸ ਸਰਕਾਰ ਜਲਦੀ ਚੋਣਾਂ ਕਰਵਾਉਣ ਦੇ ਬਿਆਨ ਦੇਣ ਤੋਂ ਬਾਅਦ ਫਿਰ ਚੁੱਪ ਕਰ ਜਾਂਦੀ ਸੀ। ਬੀਤੇ ਦਿਨੀਂ ਪੰਚਾਇਤੀ ਚੋਣਾਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਲਈ 30 ਦਸਬੰਰ ਦੀ ਤਾਰੀਖ ਐਲਾਨ ਦਿੱਤੀ ਹੈ। ਲਗਭਗ ਦੋ ਦਿਨ ਪਹਿਲਾਂ ਹੀ ਸਬੰਧਿਤ ਵਿਭਾਗ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਪਿੰਡਾਂ ਦੇ ਜਨਰਲ ਜਾਂ ਰਾਖਵੇ ਕੋਟੇ ਬਾਰੇ ਸੂਚੀ ਆਊਟ ਕੀਤੀ ਗਈ ਹੈ। ਇਸ ਸੂਚੀ ਤੋਂ ਬਾਅਦ ਤਾ ਪੰਚਾਇਤ ਚੋਣਾਂ ਦਾ ਵਿਆਹ ਵਾਂਗ ਉਡੀਕ ਕਰ ਰਹੇ ਪੰਚਾਇਤੀ ਚੋਣਾਂ ਲੜਨ ਦੇ ਪੁਰਸ਼ ਚਾਹਵਾਨਾਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਸ ਵਾਰ ਔਰਤਾਂ ਨੂੰ 50 ਫੀਸਦੀ ਕੋਟਾ ਦੇਣ ਕਾਰਨ ਇਸ ਲਿਸਟ ‘ਚ ਔਰਤਾਂ ਦੀ ਸਰਦਾਰੀ ਵਧੀ ਹੈ। ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਪਿੰਡਾਂ ਅੰਦਰ ਸਰਪੰਚੀ ਦੇ ਪੁਰਸ਼ ਚਾਹਵਾਨਾਂ ਵੱਲੋਂ ਆਪਣੇ ਆਪ ਨੂੰ ਉਮੀਦਵਾਰ ਦੱਸ ਕੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਲੋਕਾਂ ਨਾਲ ਮੇਲ ਮਿਲਾਪ ਵਧਾ ਦਿੱਤਾ ਸੀ ਅਤੇ ਕਈਆਂ ਵੱਲੋਂ ਤਾਂ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਰਾਖਵਾਂਕਰਨ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਸਰਪੰਚੀ ਦੇ ਚਾਹਵਾਨਾਂ ਦੇ ਚਾਅ ਮਲਾਰ ਹੀ ਖਤਮ ਹੋ ਗਏ ਹਨ ਕਿਉਂਕਿ ਕਈ ਪਿੰਡਾਂ ਅੰਦਰ ਸਰਪੰਚੀ ਔਰਤਾਂ ਲਈ ਆ ਜਾਣ ਕਰਕੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੀ ਮਿਹਨਤ ਅਤੇ ਖਰਚੇ ਤੇ ਪਾਣੀ ਫਿਰ ਗਿਆ ਹੈ। ਇਸ ਸਰਪੰਚੀ ਦੇ ਦਾਅਵੇਦਾਰ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਦੇ ਲੋਕਾਂ ਨੂੰ ਦੁਆ-ਸਲਾਮ ਸਮੇਤ ਖਾਣ ਪੀਣ ਕੀਤਾ ਜਾ ਰਿਹਾ ਸੀ, ਪਰ ਸਾਰਾ ਕੁਝ ਉਲਟਾ ਹੋ ਗਿਆ ਹੈ। ਇੱਕ ਚਾਹਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਿਛਲੀ ਵਾਰ ਵੀ ਔਰਤ ਲਈ ਜਨਰਲ ਆਇਆ ਸੀ ਅਤੇ ਇਸ ਵਾਰ ਫੇਰ ਔਰਤ ਸਰਪੰਚ ਲਈ ਆ ਗਿਆ ਹੈ, ਜਿਸ ਕਾਰਨ ਉਸ ਦੀ ਤਿਆਰੀ ਧਰੀ-ਧਰਾਈ ਰਹਿ ਗਈ ਹੈ। ਕਈ ਪਿੰਡਾਂ ਅੰਦਰ ਸਰਪੰਚੀ  ਰਿਜ਼ਰਵ ਆ ਜਾਣ ਕਰਕੇ ਵੀ ਕਾਂਗਰਸੀ ਖੇਮੇ ਵਾਲਿਆਂ ਵਿੱਚ ਨਿਰਾਸ਼ਾ ਫੈਲੀ ਹੈ। ਕਈ ਕਾਂਗਰਸੀਆਂ ਦਾ ਕਹਿਣਾ ਸੀ ਕਿ ਇੱਕ ਤਾਂ 10 ਸਾਲਾਂ ਬਾਅਦ ਉਨ੍ਹਾਂ ਦੀ ਵਾਰੀ ਆਈ ਹੈ, ਪਰ ਇਸ ਵਾਰ ਉਨ੍ਹਾਂ ਦਾ ਪਿੰਡ ਰਿਜ਼ਰਵ ਆਉਣ ਕਾਰਕੇ ਸਰਪੰਚੀ ਦਾ ਸੁਫ਼ਨਾ ਅਧੂਰਾ ਰਹਿ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।