ਡੀਜ਼ਲ ਦੀਆਂ ਕੀਮਤਾਂ ਘਟੀਆਂ, ਬੱਸ ਭਾੜਾ ਜਿਉਂ ਦਾ ਤਿਉਂ 

Diesel, Prices, Fall, Bus, Fares

ਹੁਣ ਤੱਕ 8 ਰੁਪਏ ਤੋਂ ਜ਼ਿਆਦਾ ਡੀਜ਼ਲ ਦੀਆਂ ਕੀਮਤਾਂ ਹੋਈਆਂ ਘੱਟ

  • ਆਮ ਲੋਕਾਂ ਵੱਲੋਂ ਬੱਸ ਕਿਰਾਏ ‘ਚ ਰਾਹਤ ਦੀ ਮੰਗ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼) । ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਸਰਕਾਰ ਕੋਲੋਂ ਬੱਸ ਕਿਰਾਏ ਘਟਾਉਣ ਦੀ ਮੰਗ ਜੋਰ ਫੜ੍ਹਨ ਲੱਗੀ ਹੈ। ਸਰਕਾਰ ਵੱਲੋਂ ਡੀਜ਼ਲ ਦੇ ਵਧਦੇ ਭਾਅ ਕਾਰਨ ਇਸ ਸਾਲ ਤਿੰਨ ਵਾਰ ਬੱਸ ਕਿਰਾਇਆ ਵਧਾਇਆ ਜਾ ਚੁੱਕਾ ਹੈ, ਪਰ ਹੁਣ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਤੋਂ ਬਾਅਦ ਘਟਾਉਣ ਦਾ ਨਾਂਅ ਨਹੀਂ ਲੈ ਰਹੀ। ਪੀਆਰਟੀਸੀ ਵੱਲੋਂ ਡੀਜ਼ਲ ਦੇ ਵਧਦੇ ਭਾਅ ਤੋਂ ਬਾਅਦ ਬੱਸ ਕਿਰਾਇਆ ਵਧਾਉਣ ਲਈ ਤਾਂ ਸਰਕਾਰ ਨੂੰ ਝੱਟ ਪੱਤਰ ਲਿਖ ਦਿੱਤਾ ਜਾਂਦਾ ਹੈ, ਪਰ ਹੁਣ ਘਟਣ ਤੋਂ ਬਾਅਦ ਪੈਸੇ ਇਕੱਠੇ ਕਰਨ ‘ਤੇ ਲੱਗੀ ਹੋਈ ਹੈ।

ਇਕੱਤਰ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ 1 ਜੂਨ 2018 ਨੂੰ 6 ਪੈਸੇ ਪ੍ਰਤੀ ਕਿੱਲੋਮੀਟਰ ਭਾੜੇ ‘ਚ ਵਾਧਾ ਕੀਤਾ ਗਿਆ ਸੀ। ਇਸ ਵਾਧੇ ਨਾਲ ਆਮ ਬੱਸ ਕਿਰਾਇਆ 104 ਪੈਸੇ ਪ੍ਰਤੀ ਕਿੱਲੋਮੀਟਰ ਤੋਂ ਵਧ ਕੇ 110 ਪੈਸੇ ਪ੍ਰਤੀ ਕਿੱਲੋਮੀਟਰ ਹੋ ਗਿਆ ਸੀ। ਇਸ ਸਮੇਂ ਡੀਜ਼ਲ ਦੀ ਕੀਮਤ 69.17 ਰੁਪਏ ਪ੍ਰਤੀ ਲੀਟਰ ਸੀ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਫਰਵਰੀ ਮਹੀਨੇ ‘ਚ ਵੀ 2 ਪੈਸੇ ਪ੍ਰਤੀ ਕਿੱਲੋਮੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਮੁੜ ਵਧਣ ਕਾਰਨ ਪੀਆਰਟੀਸੀ ਵੱਲੋਂ ਸਰਕਾਰ ਕੋਲ ਮੁੜ ਕਿਰਾਏ ਦੇ ਵਾਧੇ ਦੀ ਮੰਗ ਰੱਖ ਦਿੱਤੀ ਗਈ।

ਸਰਕਾਰ ਵੱਲੋਂ 5 ਨਵੰਬਰ ਨੂੰ ਦੀਵਾਲੀ ਤੋਂ ਪਹਿਲਾਂ ਮੁੜ 7 ਪੈਸੇ ਪ੍ਰਤੀ ਕਿੱਲੋਮੀਟਰ ਦਾ ਵਾਧਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਆਮ ਕਿਰਾਇਆ ਵਧ ਕੇ 117 ਪੈਸੇ ਪ੍ਰਤੀ ਕਿੱਲੋਮੀਟਰ ‘ਤੇ ਪੁੱਜ ਗਿਆ। ਇਸ ਸਮੇਂ ਡੀਜ਼ਲ ਦੀ ਕੀਮਤ 73.43 ਰੁਪਏ ਸੀ। ਅਕਤੂਬਰ ਮਹੀਨੇ ਵਿੱਚ ਡੀਜ਼ਲ ਦੀ ਕੀਮਤ ਸਭ ਤੋਂ ਅਸਮਾਨੀ ਚੜ੍ਹੀ ਹੈ। ਇਸ ਮਹੀਨੇ ਵਿੱਚ ਇੱਕ ਸਮੇਂ ਡੀਜ਼ਲ ਦੀ ਕੀਮਤ 75.12 ਰੁਪਏ ‘ਤੇ ਪੁੱਜ ਗਈ ਸੀ। ਇਸ ਮੌਕੇ ਕਾਂਗਰਸ ਸਮੇਤ ਹੋਰ ਸਹਿਯੋਗੀ ਪਾਰਟੀਆਂ ਵੱਲੋਂ ਸਰਕਾਰ ਖਿਲਾਫ਼ ਤਕੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੇਠਾਂ ਗਿਰਦੀਆਂ ਗਈਆਂ। ਅੱਜ 3 ਦਸੰਬਰ ਨੂੰ ਡੀਜ਼ਲ ਦੀ ਕੀਮਤ 66.88 ਰੁਪਏ ਦਰਜ ਕੀਤੀ ਗਈ ਹੈ। ਹੁਣ ਤੱਕ ਡੀਜ਼ਲ ਦੀਆਂ ਕੀਮਤਾਂ ‘ਚ 8 ਰੁਪਏ ਤੋਂ ਵੱਧ ਦੀ ਗਿਰਾਵਟ ਦਰਜ਼ ਹੋ ਚੁੱਕੀ ਹੈ, ਪਰ ਸਰਕਾਰ ਵੱਲੋਂ ਬੱਸ ਕਿਰਾਏ ‘ਚ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਪੀਆਰਟੀਸੀ ਵੱਲੋਂ ਡੀਜ਼ਲ ਘੱਟਣ ਤੋਂ ਬਾਅਦ ਚੁੱਪ ਵੱਟੀ ਹੋਈ ਹੈ ਤੇ ਉਹ ਪੈਸੇ ਇਕੱਠੇ ਕਰਨ ‘ਤੇ ਲੱਗੀ ਹੋਈ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਡੀਜ਼ਲ ਘਟਣ ਕਾਰਨ ਤੁਰੰਤ ਕਿਰਾਇਆ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ।

98 ਪੈਸੇ ਕਿੱਲੋਮੀਟਰ ਕੀਤਾ ਜਾਵੇ ਕਿਰਾਇਆ, ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਇੱਧਰ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਟਰਾਂਸਪੋਰਟ ਵਿਭਾਗ ਨੂੰ ਪੱਤਰ ਭੇਜ ਕੇ ਕਿਰਾਏ ਨੂੰ ਘਟਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੱਤਰ ‘ਚ ਲਿਖਿਆ ਹੈ ਕਿ ਡੀਜ਼ਲ ਕੀਮਤਾਂ 8 ਰੁਪਏ ਤੋਂ ਜ਼ਿਆਦਾ ਘਟਣ ਕਾਰਨ ਬੱਸ ਕਿਰਾਇਆ 117 ਪੈਸੇ ਦੀ ਥਾਂ 98 ਪੈਸੇ ਪ੍ਰਤੀ ਕਿੱਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿਹਾ ਕਿ ਪੰਜਾਬ ਅੰਦਰ ਟੋਲ ਪਲਾਜਿਆਂ ਦੇ ਨਾਂਅ ‘ਤੇ ਆਮ ਜਨਤਾ ਤੋਂ ਮਿੱਥੇ ਕਿਰਾਏ ਤੋਂ ਅਲੱਗ ਸਧਾਰਨ ਬੱਸ ਵਿੱਚ 5 ਰੁਪਏ ਟੋਲ ਟੈਕਸ ਵਸੂਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਾਲਿਆਂ ਵੱਲੋਂ ਟੋਲ ਟੈਕਸਾਂ ‘ਤੇ ਡੇਲੀਵੇਜ਼ ਪਾਸ ਬਣਾਏ ਹੋਏ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਰਾਇਆ 98 ਪੈਸੇ ‘ਤੇ ਲਿਆਂਦਾ ਜਾਵੇ, ਨਹੀਂ ਤਾਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।

ਸਰਕਾਰ ਦਾ ਕੰਮ ਹੈ ਕਿਰਾਇਆ ਘਟਾਉਣਾ : ਐੱਮਡੀ ਨਾਰੰਗ

ਇਸ ਮਾਮਲੇ ਸਬੰਧੀ ਜਦੋਂ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਰਾਇਆ ਘਟਾਉਣਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਮੇਟੀ ਬਣੀ ਹੋਈ ਹੈ, ਜੋ ਕਿ ਕਿਰਾਏ ਦੇ ਵਧਾਉਣ-ਘਟਾਉਣ ਸਬੰਧੀ ਮੁਲਾਂਕਣ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਕਿਰਾਇਆ ਵਧਾਉਣ ਲਈ ਹੀ ਭੇਜਦੇ ਹਾਂ, ਘਟਾਉਣ ਲਈ ਨਹੀਂ ਭੇਜਦੇ।