ਬੰਬ ਧਮਾਕਾ : ਦੂਜਾ ਅੱਤਵਾਦੀ ਵੀ ਚੜ੍ਹਿਆ ਪੁਲਿਸ ਅੜਿੱਕੇ

Bomb Explosion, Second Terrorist, Also Climbs, Police Barriers

ਆਈ.ਐਸ.ਆਈ. ਦੇ ਕਹਿਣ ‘ਤੇ ਕੀਤਾ ਹਮਲਾ

ਪਾਕਿਸਤਾਨ ਫਸਾ ਰਿਹਾ ਐ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਜਾਲ ‘ਚ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਬੰਬ ਧਮਾਕਾ ਕਰਨ ਵਾਲੇ ਦੂਜੇ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਦੂਜੇ ਅਤੇ ਮੁੱਖ ਸਾਜ਼ਿਸ਼ਕਰਤਾ ਦੀ ਗ੍ਰਿਫਤਾਰੀ ਸਦਕਾ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਈ ਹੈ। ਦੂਜਾ ਅੱਤਵਾਦੀ ਅਵਤਾਰ ਸਿੰਘ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਕਹਿਣ ‘ਤੇ ਸਾਰਾ ਕੁਝ ਕਰ ਰਿਹਾ ਸੀ ਅਤੇ ਉਹ ਕੋਲੋਂ ਹਥਿਆਰਾਂ ਦਾ ਜ਼ਖ਼ੀਰਾ ਵੀ ਮਿਲਿਆ ਹੈ। ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਅਵਤਾਰ ਸਿੰਘ ਖ਼ਿਲਾਫ਼ ਪੁਲਿਸ ਕੋਲ ਪੁਖ਼ਤਾ ਸਬੂਤ ਸਨ ਅਤੇ ਜਲਦੀ ਹੀ ਉਕਤ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਤਫ਼ਤੀਸ਼ ਦੌਰਾਨ ਜਾਣਕਾਰੀ ਪ੍ਰਾਪਤ ਹੋ ਸਕੇ।

ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਵਾਲੇ ਕੇਐਲਐਫ ਦੇ ਹਰਮੀਤ ਸਿੰਘ ਹੈਪੀ ਉਰਫ ਪੀ.ਐਚ.ਡੀ ਨਾਲ ਵੀ ਸਬੰਧ ਹੋਣ ਦੀ ਸ਼ਨਾਖ਼ਤ ਹੋਈ ਹੈ। ਅਰੋੜਾ ਨੇ ਦੱਸਿਆ ਕਿ ਹੈਪੀ ਪਾਕਿਸਤਾਨ ਦੀ ਆਈਐਸਆਈ ਦੀਆਂ ਦੇ ਇਸ਼ਾਰਿਆਂ ‘ਤੇ ਚੱਲਣ ਵਾਲੇ ਤੇ ਪੰਜਾਬ ਅਧਾਰਿਤ ਅੱਤਵਾਦੀ ਗੁੱਟ ਦਾ ਸਭ ਤੋਂ ਸਰਗਰਮ ਮੈਂਬਰ ਸੀ, ਜੋ ਕਿ ਸਰਹੱਦੀ ਸੂਬੇ ਪੰਜਾਬ ਵਿੱਚ ਗਰੀਬ ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗ਼ਲਾਕੇ ਅੱਤਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਦਾ ਸੀ। ਇੱਕ ਸਵਾਲ ਦਾ ਜਵਾਬ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਇਸ ਸਾਲ ਸੂਬੇ ਵਿੱਚ ਅੱਤਵਾਦੀ ਹਮਲਿਆਂ ਨਾਲ ਸਬੰਧਿਤ ਦੋ ਮਾਮਲੇ ਸਾਹਮਣੇ ਆਏ ਹਨ ਜਿੰਨਾਂ ਵਿੱਚੋਂ ਇੱਕ ਮਾਮਲਾ ਮਕਸੂਦਾਂ ਥਾਣੇ ‘ਤੇ ਹੋਏ ਹਮਲੇ ਦਾ ਅਤੇ ਦੂਜਾ ਅਦੀਲਵਾਲ ਵਿੱਚ ਗਰਨੇਡ ਹਮਲੇ ਦਾ ਹੈ।

ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਬਿਕਰਮਜੀਤ ਸਿੰਘ Àਰਫ ਬਿਕਰਮ ਦੀ ਕੀਤੀ ਪੁੱਛ-ਗਿੱਛ ਉਪਰੰਤ ਪੁਲਿਸ ਨੇ ਖਿਆਲਾਂ ਪਿੰਡ ਵਾਸੀ 32 ਸਾਲਾ ਅਵਤਾਰ ਸਿੰਘ ਨੂੰ ਅੱਜ ਸਵੇਰੇ ਉਸ ਦੇ ਚਾਚਾ ਤਰਲੋਕ ਸਿੰਘ ਦੀ ਮੋਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਅਵਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਚੱਕ ਮਿਸ਼ਰੀ ਖਾਂ ਗਰੈਜੂਏਟ ਹੈ ਅਤੇ 2012 ਤੋਂ ਨਿਹੰਗਾਂ ਦੇ ਬਾਣੇ ਵਿੱਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਵਿੱਚ ਇੱਕ ਹਕੀਮ ਦਾ ਕੰਮ ਕਰਦਾ ਸੀ ਅਤੇ ਉਸ ਦਾ ਕੋਈ ਵੀ ਪੁਰਾਣਾ ਪੁਲਿਸ ਰਿਕਾਰਡ ਨਹੀਂ ਹੈ। ਦੋਵੇਂ ਪਿਸਤੌਲ ਜੋ ਸਾਜ਼ਿਸ਼ਕਰਤਾਵਾਂ ਪਾਸ ਹਮਲੇ ਵਾਲੇ ਦਿਨ ਮੌਜੂਦ ਸਨ ਜਿੰਨਾਂ ਦੀ ਬਰਾਮਦਗੀ ਅਵਤਾਰ ਸਿੰਘ ਖਾਲਸਾ ਪਾਸੋਂ ਹੋਈ ਹੈ। ਜੋ ਹਥਿਆਰ ਬਰਾਮਦ ਹੋਏ ਹਨ ਉਨਾਂ ਵਿੱਚ ਦੋ ਪਿਸਤੌਲ (.32 ਬੋਰ), ਜਿੰਨਾਂ ਵਿੱਚੋਂ ਇੱਕ ਅਮਰੀਕਾ ਦਾ ਬਣਿਆ ਹੈ, ਚਾਰ ਮੈਗਜ਼ੀਨ ਤੇ 25 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਪੁਲਿਸ ਨੂੰ ਇਹ ਬਰਾਮਦਗੀ ਪਟਿਆਲਾ ਵਿੱੱਚ ਸ਼ਬਨਮਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ।

ਮੁੱਢਲੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅਵਤਾਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਵਟਸਐਪ ਜ਼ਰੀਏ ਦੁਬਈ ਵਿੱਚ ਰਹਿੰਦੇ ਪਾਕਿਸਤਾਨੀ ਨਾਗਰਿਕ ਜਾਵੇਦ ਦੇ ਲਗਾਤਾਰ ਸੰਪਰਕ ਵਿੱਚ ਸੀ। ਆਪਣੇ ਆਪ ਨੂੰ ਪਾਕਿਸਤਾਨ ਦਾ ਨਾਗਰਿਕ ਕਹਿਣ ਵਾਲਾ ਤੇ ਪੰਜਾਬੀ ਬੋਲਣ ਵਾਲੇ ਇਸ ਸ਼ਖ਼ਸ ਨੇ ਪਿੱਠ ਦੀ ਸਮੱਸਿਆ ਦੇ ਸਬੰਧ ਵਿੱਚ ਅਵਤਾਰ ਨਾਲ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਉਸਨੇ ਅਵਤਾਰ ਤੋਂ ਪੰਜਾਬ ਫਿਰਕੂ ਹਾਲਾਤਾਂ ਬਾਰੇ ਜਾਣਕਾਰੀ ਲਈ ਤੇ ਫਿਰਕੂ ਆਧਾਰ ‘ਤੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰੇਰਿਤ ਕਰਨ ਲੱਗਾ। ਕੁਝ ਮਹੀਨੇ ਪਹਿਲਾਂ ਉਸਨੇ ਅਵਤਾਰ ਨੂੰ ਪਾਕਿਸਤਾਨ ਦੇ ਹੈਪੀ ਨਾਲ ਮਿਲਵਾਇਆ ਜਿਸ ਨੇ ਅਵਤਾਰ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ, ਜਿਸ ਤਹਿਤ 2016-17 ਵਿੱਚ ਆਰਐਸਐਸ ਦੇ ਲੋਕਾਂ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਮਿੱਥ ਕੇ ਹੱਤਿਆ ਕਰਨ ਲਈ ਕਿਹਾ।

ਮੁੱਢਲੀ ਜਾਂਚ ਦੌਰਾਨ ਅਵਤਾਰ ਸਿੰਘ ਨੇ ਇਹ ਤੱਥ ਕਬੂਲਿਆ ਹੈ ਕਿ ਉਸ ਦੇ ਮਾਮੇ ਦਾ ਮੁੰਡਾ ਪਰਮਜੀਤ ਸਿੰਘ ਵਾਸੀ ਬਡਾਲਾ, ਪੁਲਿਸ ਥਾਣਾ ਬਿਆਸ, ਇਟਲੀ ਰਹਿੰਦਾ ਹੈ ਅਤੇ ਪਰਮਜੀਤ ਸਿੰਘ ਦਾ ਵੱਡਾ ਭਰਾ ਸਰਬਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਿਪਾਹੀ ਸੀ ਅਤੇ ਉਹ ਕੇਐਲਐਫ (ਬੁੱਧਸਿੰਘ ਵਾਲਾ) ਧੜੇ ਵਿੱਚ ਸ਼ਾਮਲ ਹੋ ਗਿਆ ਸੀ ਪਰ ਸਰਬਜੀਤ ਸਿੰਘ 1992 ਵਿੱਚ ਰਈਆ (ਬਿਆਸ) ਨੇੜੇ ਹੋਏ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸਨੇ ਇਟਲੀ ਰਹਿੰਦੇ ਪਰਮਜੀਤ ਨੂੰ ਪਿੰਡ ਵਿੱਚ ਕੁੱਝ ਵਿਰੋਧੀਆਂ ਨਾਲ ਸਿੱਝਣ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਉਸਨੇ ਇਹ ਛੇਤੀ ਹੀ ਭੇਜ ਦੇਣ ਦਾ ਭਰੋਸਾ ਦਿੱਤਾ। ਫਿਰ ਪਰਮਜੀਤ ਬਾਬਾ ਨੇ ਉਹਨੂੰ ਪਾਕਿਸਤਾਨ ਰਹਿੰਦੇ ਹੈਪੀ ਨਾਲ ਸੰਪਰਕ ਕਰਵਾ ਦਿੱਤਾ ਅਤੇ ਅੱਗੋਂ ਉਸਨੇ ਦੁਬਈ ਰਹਿੰਦੇ ਜਾਵੇਦ ਨਾਲ ਸੰਪਰਕ ਕਰਵਾਇਆ। ਹੈਪੀ ਨੇ ਵੀ ਉਹਨੂੰ ਛੇਤੀ ਹਥਿਆਰ ਭੇਜਣ ਦਾ ਭਰੋਸਾ ਦਿੱਤਾ।

ਅਕਤੂਬਰ ਦੇ ਅਖੀਰ ਜਾਂ ਨਵੰਬਰ ਦੀ ਸ਼ੁਰੂਆਤ ਵਿਚ ਅਵਤਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਇਕ ਵੱਟਸਅਪ ਸੰਦੇਸ਼ ਮਿਲਿਆ ਜਿਸ ਵਿਚ ਉਸ ਥਾਂ ਦਾ ਵੇਰਵਾ ਸੀ ਜਿੱਥੇ ਹਥਿਆਰਾਂ ਨੂੰ ਲੁਕਾ ਕੇ ਰੱਖਿਆ ਗਿਆ ਸੀ। ਫਿਰ 3 ਨਵੰਬਰ 2018 ਨੂੰ ਲਗਭਗ 11 ਵਜੇ, ਅਵਤਾਰ ਨੇ ਆਪਣੇ ਨਜ਼ਦੀਕੀ ਦੋਸਤ ਬਿਕਰਮਜੀਤ ਸਿੰਘ ਵਾਸੀ ਧਾਲੀਵਾਲ ਨਾਲ ਸੰਪਰਕ ਕੀਤਾ ਅਤੇ ਅਗਲੇ ਦਿਨ ਸਵੇਰੇ ਉਹਨੂੰ ਤਿਆਰ ਹੋਣ ਲਈ ਕਿਹਾ।ਅਵਤਾਰ ਸਿੰਘ ਅਨੁਸਾਰ, ਉਹ ਅਤੇ ਬਿਕਰਮਜੀਤ 4 ਨਵੰਬਰ, 2018 ਨੂੰ ਮਜੀਠਾ ਦੇ ਨਜ਼ਦੀਕੀ ਸਥਾਨ ‘ਤੇ ਗਏ ਅਤੇ ਸਫਲਤਾ ਪੂਰਵਕ ਦੋ .32 ਬੋਰ ਪਿਸਤੌਲਾਂ, ਚਾਰ ਮੈਗਜ਼ੀਨ, 25 ਕਾਰਤੂਸ ਅਤੇ ਇਕ ਹੱਥ ਗ੍ਰਨੇਡ ਵਾਲੇ ਪੋਲੀਥੀਨ ਬੈਗ ਨੂੰ ਪ੍ਰਾਪਤ ਕਰਨ ਤੋਂ ਬਾਅਦ ਅਵਤਾਰ ਨੇ ਆਪਣੇ ਡਾਕਟਰੀ ਸਟੋਰ ਵਿਚ ਹਥਿਆਰਾਂ/ਵਿਸਫੋਟਕ ਨੂੰ ਛੁਪਾ ਦਿੱਤਾ। ਫਿਰ 13 ਨਵੰਬਰ ਨੂੰ ਅਵਤਾਰ ਅਤੇ ਬਿਕਰਮ ਨੇ ਰਾਜਾਸਾਂਸੀ ਵਿਖੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ ਅਤੇ ਦੋਹਾਂ ਨੇ ਨਿਰੰਕਾਰੀ ਭਵਨ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ। ਇਸ ਤਰਾਂ 16 ਨਵੰਬਰ, 2018 ਨੂੰ ਅਵਤਾਰ ਅਤੇ ਬਿਕਰਮ ਪਿੰਡ ਧਾਰੀਵਾਲ ਵਿਖੇ ਮਿਲੇ ਅਤੇ 18 ਨਵੰਬਰ ਨੂੰ ਹਮਲਾ ਕਰਨ ਦਾ ਫੈਸਲਾ ਕੀਤਾ। ਬਿਕਰਮਜੀਤ ਵੱਲੋਂ ਕੀਤੇ ਖ਼ੁਲਾਸੇ ਪਿੱਛੋਂ ਅਵਤਾਰ ਨੇ ਹਮਲੇ ਦੀਆਂ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।