ਕਪਾਹ ਪੱਟੀ ਦੇ ਕਿਸਾਨ ਦਾ ਬੋਝਾ ਖਾਲੀ
ਅਸ਼ੋਕ ਵਰਮਾ, ਬਠਿੰਡਾ ਨਰਮੇ ਕਪਾਹ ਦੇ ਭਾਅ ਕਾਰਨ ਐਤਕੀਂ ਕਿਸਾਨਾਂ ਦਾ ਬੋਝਾ ਖਾਲੀ ਰਹਿ ਗਿਆ ਹੈ ਹਾਲਾਂਕਿ ਨਰਮੇ ਕਪਾਹ ਦੀ ਫਸਲ ਦਾ ਝਾੜ ਚੰਗਾ ਨਿਕਲ ਰਿਹਾ ਹੈ ਪਰ ਭਾਅ ਨੂੰ ਬਰੇਕ ਲੱਗ ਗਈ ਹੈ ਕਿਸਾਨਾਂ ਨੂੰ ਉਮੀਦ ਸੀ ਕਿ ਨਰਮੇ ਕਪਾਹ ਦੀ ਫ਼ਸਲ ਦੀਆਂ ਕੀਮਤਾਂ ‘ਚ ਉਛਾਲ ਆਏਗਾ ਪਰ ਇਸ ਵੇਲੇ ਮੰਡੀਆਂ ‘ਚ ਨਰਮੇ ਕਪਾਹ ਦੀ ਫ਼ਸਲ ਦਾ ਭਾਅ 5200 ਤੋਂ 5450 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਭਾਰਤੀ ਕਪਾਹ ਨਿਗਮ ਨੇ ਨਰਮੇ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ, ਜਿਸ ਕਰਕੇ ਵੀ ਭਾਅ ਉੱਚੇ ਨਹੀਂ ਹੋ ਸਕੇ ਹਨ ਉਂਜ ਚੰਗਾ ਪੱਖ ਇਹ ਹੈ ਕਿ ਐਤਕੀਂ ਮੁੱਢਲੇ ਪੜਾਅ ‘ਤੇ ਨਰਮੇ ਦਾ ਭਾਅ ਖਾਈ ‘ਚ ਨਹੀਂ ਡਿੱਗਾ ਜੋ ਕਿ ਕਿਸਾਨਾਂ ਨੂੰ ਧਰਵਾਸ ਦੇਣ ਵਾਲੀ ਗੱਲ ਹੈ ਕੇਂਦਰ ਸਰਕਾਰ ਨੇ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਨਰਮੇ ਦੀ ਸਿੱਧੀ ਖ਼ਰੀਦ ਦੇ ਹੁਕਮ ਦਿੱਤੇ ਸਨ ਜਦੋਂ ਆੜ੍ਹਤੀਆਂ ਨੂੰ ਇਹ ਫ਼ੈਸਲਾ ਰਾਸ ਨਾ ਆਇਆ ਤਾਂ ਉਨ੍ਹਾਂ ਨੇ ਰੱਫੜ ਪਾ ਲਿਆ ਕਪਾਹ ਨਿਗਮ ਨੂੰ ਬਹਾਨਾ ਮਿਲ ਗਿਆ ਕਿ ਕਿਸਾਨ ਤੇ ਆੜ੍ਹਤੀਏ ਕਪਾਹ ਨਿਗਮ ਨੂੰ ਸਿੱਧੀ ਫ਼ਸਲ ਦੇਣ ਨੂੰ ਤਿਆਰ ਨਹੀਂ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਕਪਾਹ ਨਿਗਮ ਖ਼ਰੀਦ ਕਰਦਾ ਤਾਂ ਕਿਸਾਨਾਂ ਨੂੰ ਹੋਰ ਉੱਚਾ ਭਾਅ ਮਿਲਣ ਦੀ ਸੰਭਾਵਨਾ ਬਣਨੀ ਸੀ
ਕਿਸਾਨ ਆਖਦੇ ਹਨ ਕਿ ਕਪਾਹ ਨਿਗਮ ਆਪਣੇ ਮਾਪਦੰਡ ਬਦਲੇ ਅਤੇ ਖ਼ਰੀਦ ਸ਼ੁਰੂ ਕਰੇ ਭਾਰਤੀ ਕਪਾਹ ਨਿਗਮ ਨੇ ਹਾਲੇ ਚੁੱਪ ਵੱਟੀ ਹੋਈ ਹੈ ਜਿਸ ਕਰਕੇ ਪ੍ਰਾਈਵੇਟ ਵਪਾਰੀ ਹੀ ਫਸਲ ਖਰੀਦ ਰਹੇ ਹਨ ਕਿਸਾਨ ਧਿਰਾਂ ਵੱਲੋਂ ਇਸ ਮਾਮਲੇ ‘ਤੇ ਧਰਨੇ ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਦਾਖਲ ਨਹੀਂ ਹੋ ਰਿਹਾ ਹੁਣ ਕਿਸਾਨ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ‘ਤੇ ਹਨ ਬਹੁਤੇ ਕਿਸਾਨ ਆਸਵੰਦ ਹਨ ਕਿ ਇੱਕ ਵਾਰ ਨਰਮੇ ਦੇ ਭਾਅ ਵਿਚ ਤੇਜ਼ੀ ਆ ਸਕਦੀ ਹੈ ਪਿੰਡ ਗਹਿਰੀ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਦਾਖਲ ਹੋਵੇ ਤਾਂ ਕਿਸਾਨਾਂ ਨੂੰ ਉੱਚਾ ਭਾਅ ਮਿਲ ਸਕਦਾ ਹੈ
ਪਿੰਡ ਰੋਮਾਣਾ ਦੇ ਕਿਸਾਨ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਪੰਜ ਸਾਲ ਪਹਿਲਾਂ ਤਾਂ ਉਨ੍ਹਾਂ ਦੇ ਭਾਅ ਨੇ ਵਾਰੇ ਨਿਆਰੇ ਕਰ ਦਿੱਤੇ ਸਨ ਪਰ ਐਤਕੀਂ ਬਹੁਤੀ ਆਸ ਨਹੀਂ ਦਿਖ ਰਹੀ ਨਰਮੇ ਦੀ 95 ਫ਼ੀਸਦੀ ਖੇਤੀ ਇਕੱਲੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ ਹੀ ਹੁੰਦੀ ਹੈ ਨਰਮੇ ਹੇਠਲਾ ਰਕਬਾ ਐਤਕੀਂ ਸਿਰਫ਼ 2.84 ਲੱਖ ਹੈਕਟੇਅਰ ਹੀ ਰਹਿ ਗਿਆ ਹੈ ਜੋ ਕਿ ਪਿਛਲੇ ਵਰ੍ਹੇ 2.91 ਲੱਖ ਹੈਕਟੇਅਰ ਸੀ ਸਾਲ 2012-13 ਵਿਚ ਨਰਮੇ ਹੇਠਲਾ ਰਕਬਾ 4.80 ਲੱਖ ਹੈਕਟੇਅਰ ਸੀ ਅਤੇ ਉਦੋਂ 21 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ ਚਿੱਟੀ ਮੱਖੀ ਦੇ ਹਮਲੇ ਤੋਂ ਅਗਲੇ ਨਰਮੇ ਹੇਠਲਾ ਰਕਬਾ ਸਾਲ 2015-16 ਵਿਚ ਘੱਟ ਕੇ ਸਿਰਫ਼ 2.56 ਲੱਖ ਹੈਕਟੇਅਰ ਹੀ ਰਹਿ ਗਿਆ ਸੀ
ਪਿਛਲੇ ਸਾਲ ਪੰਜਾਬ ‘ਚੋਂ 12.83 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ ਜਦੋਂ ਕਿ ਐਤਕੀਂ 13 ਲੱਖ ਗੱਠਾਂ ਦੀ ਪੈਦਾਵਾਰ ਦਾ ਅਨੁਮਾਨ ਲਾਇਆ ਗਿਆ ਹੈ ਪੰਜਾਬ ਨੇ 2016-17 ਵਿਚ ਦੇਸ਼ ਭਰ ਚੋਂ ਝਾੜ ਦੇ ਮਾਮਲੇ ਵਿਚ ਰਿਕਾਰਡ ਕਾਇਮ ਕੀਤਾ ਸੀ ਜਦੋਂ ਨਰਮਾ ਪ੍ਰਤੀ ਏਕੜ ਸਾਲ 22.22 ਮਣ ਰਿਹਾ ਸੀ ਅਗਲੇ ਵਰ੍ਹੇ ਸਾਲ 2017-18 ਵਿਚ 22.05 ਮਣ ਪ੍ਰਤੀ ਏਕੜ ਰਹਿ ਗਿਆ ਉਸ ਤੋਂ ਪਹਿਲਾਂ ਸਾਲ 2006-07 ਵਿਚ ਨਰਮੇ ਦਾ ਝਾੜ 22.05 ਮਣ ਪ੍ਰਤੀ ਏਕੜ ਰਿਹਾ ਸੀ ਕਰੀਬ ਦਹਾਕੇ ਮਗਰੋਂ ਨਰਮੇ ਦੇ ਝਾੜ ਨੂੰ ਭਾਗ ਲੱਗੇ ਹਨ ਜਿਨ੍ਹਾਂ ਨੂੰ ਭਾਅ ਨੇ ਗ੍ਰਹਿਣ ਲਾ ਦਿੱਤਾ ਹੈ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਹੌਲੀ ਹੌਲੀ ਨਰਮੇ ਦੀ ਖੇਤੀ ਤੋਂ ਬਾਹਰ ਹੋ ਰਿਹਾ ਹੈ
ਨਰਮੇ ਦੀ ਖੇਤੀ ਨੂੰ ਖਤਰਾ
ਮਾਰਕਫੈੱਡ ਦੇ ਓਐੱਸਡੀ (ਕਾਟਨ) ਮਨਦੀਪ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਨਰਮੇ ਦੀ ਖੇਤੀ ‘ਚ ਖ਼ਤਰਾ ਦਿੱਖਣ ਲੱਗਾ ਹੈ, ਜਿਸ ਕਰਕੇ ਨਰਮੇ ਹੇਠਲਾ ਰਕਬਾ ਹੁਣ ਜੀਰੀ ਵਿਚ ਤੇਜ਼ੀ ਨਾਲ ਤਬਦੀਲ ਹੋਇਆ ਹੈ ਉਨ੍ਹਾਂ ਕਿਹਾ ਕਿ ਕੁਝ ਸਮੇਂ ਦੌਰਾਨ ਟਿਊਬਵੈੱਲ ਕੁਨੈਕਸ਼ਨ ਬਹੁਤ ਦਿੱਤੇ ਗਏ ਹਨ ਅਤੇ ਸਰਕਾਰ ਨੇ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ, ਜਿਸ ਕਰਕੇ ਕਿਸਾਨਾਂ ਨੂੰ ਜੀਰੀ ਦੀ ਫ਼ਸਲ ਜ਼ਿਆਦਾ ਲਾਹੇਵੰਦ ਜਾਪਦੀ ਹੈ
ਅਗਲੇ ਵਰ੍ਹੇ ਰਕਬਾ ਵਧਣ ਦੀ ਉਮੀਦ : ਵਧੀਕ ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਵਧੀਕ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਐਤਕੀਂ ਭਾਅ ਠੀਕ ਚੱਲ ਰਿਹਾ ਹੈ, ਜਿਸ ਕਰਕੇ ਅਗਲੇ ਵਰ੍ਹੇ ਨਰਮੇ ਦੀ ਕਾਸ਼ਤ ਖੇਤੀ ਹੇਠਲੇ ਰਕਬੇ ਵਿਚ 15 ਫ਼ੀਸਦੀ ਵਾਧੇ ਦੀ ਉਮੀਦ ਹੈ ਉਨ੍ਹਾਂ ਆਖਿਆ ਕਿ ਪਿਛਲੇ ਦੋ ਵਰ੍ਹਿਆਂ ਤੋਂ ਲਗਾਤਾਰ ਚੱਲ ਰਹੇ ਯਤਨਾ ਸਦਕਾ ਮਹਿਕਮਾ ਚਿੱਟੀ ਮੱਖੀ ਆਦਿ ਦਾ ਘੇਰਾ ਤੋੜਨ ਵਿਚ ਕਾਮਯਾਬ ਰਿਹਾ ਹੈ
ਸਰਕਾਰੀ ਖਰੀਦ ਯਕੀਨੀ ਬਣੇ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਨਰਮੇ ਨੂੰ ਪ੍ਰਫੁੱਲਿਤ ਕਰਨ ਲਈ ਕਿਸਾਨ ਨੂੰ ਵਪਾਰੀਆਂ ਦੇ ਰਹਿਮੋਕਰਮ ‘ਤੇ ਛੱਡਣ ਦੀ ਥਾਂ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਾਂ ਘਟੀਆ ਖਾਦਾਂ ਤੇ ਕੀਟਨਾਸ਼ਕਾਂ ਨੇ ਮਾੜੇ ਦੌਰ ਵੱਲ ਧੱਕਿਆ ਹੈ, ਜਿਸ ਕਰਕੇ ਨਰਮੇ ਦੀ ਖੇਤੀ ਤਿਆਗਣਾ ਕਿਸਾਨ ਦੀ ਮਜ਼ਬੂਰੀ ਬਣ ਗਈ ਹੈ