2015 ‘ਚ ਰੋਸ ਪ੍ਰਦਸ਼ਨ ਦੌਰਾਨ ਰੋਕੀ ਗਈ ਸੀ ਰੇਲ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਸੰਗਰੂਰ ਦੀ ਅਦਾਲਤ ਨੇ ਸੰਗਰੂਰ ਦੇ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ 2015 ‘ਚ ਰੋਸ ਪ੍ਰਦਰਸ਼ਨ ਦੌਰਾਨ ਰੇਲ ਰੋਕਣ ਦੇ ਮਾਮਲੇ ‘ਚ ਅੱਜ 6 ਮਹੀਨੇ ਦੇ ਪਰਵੇਸ਼ਨ (ਨੇਕ ਚਲਣੀ) ‘ਤੇ ਰਹਿਣ ਦਾ ਹੁਕਮ ਸੁਣਾਇਆ ਹੈ| ਦਰਅਸਲ 2015 ‘ਚ ਵਿਜੈਇੰਦਰ ਸਿੰਗਲਾ ਤੇ ਸੰਗਰੂਰ ਦੇ ਹੀ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸੀਬੀਆ ਵੱਲੋਂ ਰੇਲ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਰੇਲਵੇ ਵੱਲੋਂ ਇਸ ‘ਤੇ ਸੰਗਰੂਰ ਅਦਾਲਤ ‘ਚ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ‘ਤੇ ਸੁਣਵਾਈ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ 6 ਮਹੀਨੇ ਦੇ ਪਰਵੇਸ਼ਨ ‘ਤੇ ਰਹਿਣ ਦਾ ਹੁਕਮ ਸੁਣਾਇਆ ਹੈ| ਸਿੰਗਲਾ ਦੇ ਵਕੀਲ ਸੁਮੀਰ ਫੱਤਾ ਨੇ ਦੱਸਿਆ ਕਿ ਵਿਜੈਇੰਦਰ ਸਿੰਗਲਾ ਵੱਲੋਂ 2015 ‘ਚ ਟ੍ਰੇਨ ਰੋਕ ਕੇ ਨੁਮਾਇਸ਼ ਕੀਤਾ ਗਈ ਸੀ ਜਿਸਦਾ ਦਾ ਕੇਸ ਸੰਗਰੂਰ ‘ਚ ਚੱਲ ਰਿਹਾ ਸੀ ਤੇ ਅੱਜ ਮਾਣਯੋਗ ਅਦਾਲਤ ਨੇ ਆਪਣਾ ਫ਼ੈਸਲਾ ਦਿੱਤਾ ਹੈ|
ਫੈਸਲੇ ਨੂੰ ਉੱਚ ਅਦਾਲਤ ‘ਚ ਚੁਣੌਤੀ ਦੇਵਾਂਗਾ : ਸਿੰਗਲਾ
ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਦੇਸ਼ ਦੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਥਾਨਕ ਕੋਰਟ ਵੱਲੋਂ ਕੀਤੇ ਨੇਕ ਚਲਣੀ ਦੇ ਹੁਕਮ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ ਸਿੰਗਲਾ ਨੇ ਕਿਹਾ ਕਿ 2015 ‘ਚ ਮੋਗਾ ਵਿਖੇ ਇੱਕ ਦਲਿਤ ਬੱਚੀ ਦੀ ਕਥਿਤ ਤੌਰ ‘ਤੇ ਔਰਬਿਟ ਬੱਸ ਤੋਂ ਥੱਲੇ ਸੁੱਟਣ ਕਰਕੇ ਹੋਈ ਮੌਤ ਕਾਰਨ ਪੂਰੇ ਦੇਸ਼ ‘ਚ ਔਰਬਿਟ ਬੱਸਾਂ ਖਿਲਾਫ ਤਿੱਖਾ ਰੋਸ ਪਾਇਆ ਜਾ ਰਿਹਾ ਸੀ, ਉਹਨਾਂ ਆਪਣੇ ਪਾਰਟੀ ਦੇ ਸਾਥੀਆਂ ਨਾਲ ਖੂਨੀ ਔਰਬਿਟ ਬੱਸਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਕਿਸੇ ਵੀ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਵਿਜੈਇੰਦਰ ਸਿੰਗਲਾ ਨੇ ਅੱਗੇ ਦੱਸਿਆ ਕਿ ਉਹ ਦੇਸ਼ ਦੇ ਕਾਨੂੰਨ ਤੇ ਅਦਾਲਤ ਦਾ ਪੂਰਾ ਸਨਮਾਨ ਕਰਦੇ ਹਨ ਉਹ ਆਪਣੇ ਵਕੀਲ ਨਾਲ ਸਲਾਹ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਸੰਗਰੂਰ ਅਦਾਲਤ ਦੇ ਫੈਸਲੇ ਨੂੰ ਉਚ ਅਦਾਲਤ ਵਿੱਚ ਚੁਣੌਤੀ ਦੇਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।