3824 ਅਧਿਆਪਕਾਂ ਨੇ ਮੰਨ ਲਈ ਸਰਕਾਰ ਦੀ ਸ਼ਰਤ, ਸਿੱਖਿਆ ਵਿਭਾਗ ‘ਚ ਹੋਏ ਸ਼ਾਮਲ
60 ਫੀਸਦੀ ਅਧਿਆਪਕਾਂ ‘ਚੋਂ 30-35 ਫੀਸਦੀ ਦੁਚਿੱਤੀ ‘ਚ, ਲਗਾ ਰਹੇ ਹਨ ਸਰਕਾਰ ਕੋਲ ਗੁਹਾਰ
ਸਰਕਾਰ ਗੱਲਬਾਤ ਸ਼ੁਰੂ ਕਰੇ, ਅਸੀਂ ਵੀ ਹਰ ਮੁੱਦੇ ‘ਤੇ ਗੱਲਬਾਤ ਕਰਨ ਨੂੰ ਤਿਆਰ : ਰਾਮ ਭਜਨ ਚੌਧਰੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਟਿਆਲਾ ਵਿਖੇ ਪੱਕਾ ਧਰਨਾ ਦੇਣ ਵਾਲੇ ਅਧਿਆਪਕਾਂ ‘ਚੋਂ 40 ਫੀਸਦੀ ਜਿਆਦਾ ਅਧਿਆਪਕਾਂ ਦੇ ਹੌਂਸਲੇ ਟੁੱਟ ਗਏ ਹਨ। ਰਮਸਾ ਤੇ ਐੱਸਐੱਸਏ ਵਿੱਚ ਕੰਮ ਕਰਦੇ 8886 ਅਧਿਆਪਕਾਂ ‘ਚੋਂ 3824 ਨੇ ਸੁਸਾਇਟੀ ਨੂੰ ਅਲਵਿਦਾ ਕਹਿੰਦੇ ਹੋਏ ਸਿੱਖਿਆ ਵਿਭਾਗ ‘ਚ ਨਿਯੁਕਤੀ ਲੈ ਲਈ ਹੈ। ਇਸ ਤੋਂ ਬਾਅਦ ਹੁਣ 30-35 ਫੀਸਦੀ ਹੋਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਉਣ ਲਈ ਤਾਂ ਤਿਆਰ ਹਨ ਪਰ ਉਹ ਸੀਨੀਅਰਤਾ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿਉਂਕਿ ਜਿਹੜੇ ਹੁਣ ਸਿੱਖਿਆ ਵਿਭਾਗ ਵਿੱਚ ਆਉਣਗੇ ਉਹ ਉਨ੍ਹਾਂ ਅਧਿਆਪਕਾਂ ਤੋਂ ਜੂਨੀਅਰ ਹੋਣਗੇ, ਜਿਹੜੇ ਕਿ ਤੈਅ ਸਮੇਂ ਵਿੱਚ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋ ਗਏ ਹਨ। ਇਸ ਲਈ ਵੱਡੇ ਪੱਧਰ ‘ਤੇ ਅਧਿਆਪਕ ਗੁਹਾਰ ਲਗਾ ਰਹੇ ਹਨ ਕਿ ਜੇਕਰ ਸਿੱਖਿਆ ਵਿਭਾਗ 1 ਅਪਰੈਲ ਤੋਂ ਸੀਨੀਅਰਤਾ ਦੇਣ ਬਾਰੇ ਵਿਚਾਰ ਕਰਦਾ ਹੈ ਤਾਂ ਉਹ ਸਿੱਖਿਆ ਵਿਭਾਗ ‘ਚ ਆਉਣ ਲਈ ਤਿਆਰ ਵੀ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪਿਛਲੇ ਮਹੀਨੇ ਅਕਤੂਬਰ ‘ਚ ਰਮਸਾ ਤੇ ਐੱਸਐੱਸਏ ਸੁਸਾਇਟੀ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 15 ਦਿਨ ਦਾ ਸਮਾਂ ਦਿੱਤਾ ਸੀ ਕਿ ਉਹ ਆਪਣੀ ਸਲਾਹ ਅਨੁਸਾਰ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਬੇਸਿਕ ਤਨਖ਼ਾਹ 15 ਹਜ਼ਾਰ 300 ਰੁਪਏ ‘ਤੇ ਹੀ ਵਿਭਾਗ ‘ਚ ਆਉਣਾ ਪਏਗਾ। ਇਸ ਸ਼ਰਤ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਦੇ ਹੋਏ ਅਧਿਆਪਕਾਂ ਨੇ ਪਟਿਆਲਾ ਵਿਖੇ ਪੱਕਾ ਧਰਨਾ ਲਗਾਉਂਦੇ ਹੋਏ ਜ਼ਿਲ੍ਹੇ ਵਾਈਜ਼ ਧਰਨੇ ਸ਼ੁਰੂ ਕਰ ਦਿੱਤੇ ਸਨ। ਸ਼ੁਰੂਆਤ ‘ਚ ਇਨ੍ਹਾਂ ਅਧਿਆਪਕਾਂ ਦਾ ਸਰਕਾਰ ਕਾਫ਼ੀ ਜਿਆਦਾ ਦਬਾਅ ਮੰਨ ਰਹੀ ਸੀ ਪਰ ਬਾਅਦ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਪੀ ਮਿਲਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਵੀ ਇਨ੍ਹਾਂ ਅਧਿਆਪਕਾਂ ਨਾਲ ਕੋਈ ਵੀ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਸਿੱਖਿਆ ਵਿਭਾਗ ਦੀ ਸਖ਼ਤੀ ਨੂੰ ਦੇਖਦੇ ਹੋਏ ਹੁਣ ਅਧਿਆਪਕਾਂ ਨੇ ਗੋਡੇ ਟੇਕਦੇ ਹੋਏ ਸਰਕਾਰ ਦੀ ਬੇਸਿਕ ਤਨਖ਼ਾਹ ਦੀ ਸ਼ਰਤ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ। ਰਮਸਾ ਤੇ ਐੱਸਐੱਸਏ ਦੇ 8886 ਅਧਿਆਪਕਾਂ ਵਿੱਚੋਂ 3824 ਅਧਿਆਪਕ ਸਿੱਖਿਆ ਵਿਭਾਗ ਵਿੱਚ ਆ ਚੁੱਕੇ ਹਨ, ਜਦੋਂ ਕਿ ਬਾਕੀ ਰਹਿੰਦੇ ਅਧਿਆਪਕਾਂ ਵਿੱਚੋਂ 2000-2500 ਦੇ ਲਗਭਗ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਉਣ ਲਈ ਦੁਚਿੱਤੀ ਵਿੱਚ ਹਨ, ਕਿਉਂਕਿ ਹੁਣ ਸਿੱਖਿਆ ਵਿਭਾਗ ਵਿੱਚ ਆਉਣ ‘ਤੇ ਉਨ੍ਹਾਂ ਨੂੰ ਸੀਨੀਅਰਤਾ ਅੱਜ ਤੋਂ ਮਿਲੇਗੀ, ਜਦੋਂ ਕਿ ਉਹ 1 ਅਪਰੈਲ 2018 ਤੋਂ ਸੀਨੀਅਰਤਾ ਚਾਹੁੰਦੇ ਹਨ। ਰਮਸਾ ਤੇ ਐੱਸਐੱਸਏ ਅਧਿਆਪਕ ਯੂਨੀਅਨ ਲੀਡਰ ਰਾਮ ਭਜਨ ਚੌਧਰੀ ਨੇ ਕਿਹਾ ਕਿ ਸਰਕਾਰ ਨਾਲ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਸਰਕਾਰ ਗੱਲਬਾਤ ਸ਼ੁਰੂ ਤਾਂ ਕਰੇ। ਉਨ੍ਹਾਂ ਕਿਹਾ ਕਿ ਕੁਝ ਮਸਲੇ ਹਨ, ਜਿਹੜੇ ਕਿ ਬੈਠ ਕੇ ਹੱਲ਼ ਹੋ ਸਕਦੇ ਹਨ, ਜਿਨ੍ਹਾਂ ਵਿੱਚ ਮੁਅੱਤਲੀ ਤੋਂ ਲੈ ਕੇ ਤਬਾਦਲੇ ਹਨ। ਉਹ ਚਾਹੁੰਦੇ ਹਨ ਕਿ ਸਾਰਾ ਮਸਲਾ ਬੈਠ ਕੇ ਸੁਲਝ ਜਾਵੇ।
ਵਿਭਾਗ ਤਿਆਰ ਜੇਕਰ ਹੁਣ ਵੀ ਆਉਣਾ ਚਾਹੁੰਦੇ ਹਨ ਅਧਿਆਪਕ
ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਕਦੇ ਵੀ ਇਨਕਾਰ ਨਹੀਂ ਕੀਤਾ ਸੀ ਤੇ ਅੱਜ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਲਈ ਜਿਹੜੇ ਵੀ ਅਧਿਆਪਕ ਸਿੱਖਿਆ ਵਿਭਾਗ ‘ਚ ਆਉਣਾ ਚਾਹੁੰਦੇ ਹਨ ਉਹ ਵੈਬਸਾਈਟ ਦੇ ਪੋਰਟਲ ‘ਤੇ ਕਲਿੱਕ ਕਰਦੇ ਹੋਏ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਕਰਦੇ ਹੋਏ ਹੜਤਾਲ ਨੂੰ ਛੱਡ ਕੇ ਸਕੂਲਾਂ ‘ਚ ਚਲੇ ਜਾਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।