ਅਧਿਆਪਕਾਂ ਵੱਲੋਂ ਸ਼ਾਮ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ, ਪੁਲਿਸ ਨੇ ਵਾਈਪੀਐੱਸ ਚੌਂਕ ‘ਤੇ ਰੋਕਿਆ
ਅਧਿਆਪਕਾਂ ਦਾ ਮੁੱਖ ਮੰਤਰੀ ਦੇ ਵਾਅਦਿਆਂ ‘ਤੇ ਵਿਅੰਗ
ਕੈਪਟਨ ਨੇ ਘਰ-ਘਰ ਨੌਕਰੀ ਦੀ ਥਾਂ, ਘਰ-ਘਰ ‘ਚੋਂ ਨੌਕਰੀ ਖੋਹਣ ਦਾ ਵਾਅਦਾ ਕੀਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚੇ ਵੱਲੋਂ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦੇ ਘਿਰਾਓ ਨੂੰ ਲੈ ਕੇ ਸਾਰਾ ਦਿਨ ਹੀ ਪੁਲਿਸ ਨੂੰ ਭਾਅ ਦੀ ਬਣੀ ਰਹੀ। ਆਲਮ ਇਹ ਰਿਹਾ ਕਿ ਪੁਲਿਸ ਵੱਲੋਂ ਵਾਈਪੀਐੱਸ ਚੌਂਕ ਵਿਖੇ ਦੁਪਹਿਰ ਵੇਲੇ ਹੀ ਮੋਤੀ ਮਹਿਲ ਨੂੰ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ। ਇੱਧਰ ਅਧਿਆਪਕਾਂ ਵੱਲੋਂ ਸ਼ਾਮ 6 ਸਮੇਂ ਵਾਈਪੀਐੱਸ ਚੌਂਕ ਵਿਖੇ ਮਾਰਚ ਤੋਂ ਬਾਅਦ ਧਰਨਾ ਠੋਕ ਦਿੱਤਾ ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਅੱਜ ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰਨਾ ਸੀ, ਜੋ ਕਿ ਬਿਲਕੁਲ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਸਾਹਮਣੇ ਹੈ। ਇਸ ਘਿਰਾਓ ਨੂੰ ਲੈ ਕੇ ਦੁਪਹਿਰ ਵੇਲੇ ਹੀ ਇਸ ਰਸਤੇ ਨੂੰ ਬੈਰੀਗੇਡ ਲਾਕੇ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਡਰ ਸੀ ਕਿ ਕੋਈ ਧਰਨਕਾਰੀ ਚੋਰ ਰਸਤਿਆਂ ਰਾਹੀਂ ਮੋਤੀ ਮਹਿਲ ਜਾਂ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਨਾ ਪੁੱਜ ਜਾਵੇ। ਅਧਿਆਪਕਾਂ ਵੱਲੋਂ ਸ਼ਾਮ 4 ਵਜੇ ਪਹਿਲਾਂ ਡੀਓ ਦਫ਼ਰਤ ਅੱਗੇ ਆਪਣਾ ਰੋਸ ਪ੍ਰਰਦਸ਼ਨ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂਆਂ ਵੱਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ‘ਤੇ ਤਿੱਖੇ ਤੀਰ ਚਲਾਉਂਦਿਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ।
ਸ਼ਾਮ ਸਾਢੇ ਪੰਜ ਵਜੇ ਇੱਥੋਂ ਕੈਬਨਿਟ ਮੰਤਰੀ ਦੀ ਰਿਹਾਇਸ਼ ਵੱਲ ਵਹੀਰਾ ਘੱਤ ਦਿੱਤੀਆਂ, ਜਿੱਥੇ ਕਿ ਪੁਲਿਸ ਨੇ ਅਧਿਆਪਕਾਂ ਨੂੰ ਵਾਈਪੀਐੱਸ ਚੌਂਕ ਕੋਲ ਪਹਿਲਾਂ ਹੀ ਲਾਈਆਂ ਰੋਕਾਂ ‘ਤੇ ਧਰਨਾਕਾਰੀਆਂ ਨੂੰ ਰੋਕ ਲਿਆ। ਇਸ ਮੌਕੇ ਇੱਥੇ ਹੀ ਅਧਿਆਪਕਾਂ ਵੱਲੋਂ ਆਪਣਾ ਪ੍ਰਰਦਸ਼ਨ ਸ਼ੁਰੂ ਕਰਦਿਆਂ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਰਣਜੀਤ ਮਾਨ ਤੇ ਹੋਰਾਂ ਨੇ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਵੋਟਾਂ ਵੇਲੇ ਸਾਡੇ ਪਿੰਡਾਂ ਵਿੱਚ ਆਉਂਦੇ ਸੀ ਤਾਂ ਲੋਕ ਤੁਹਾਡਾ ਸਵਾਗਤ ਕਰਦੇ ਸੀ, ਤੁਸੀਂ ਲੋਕਾਂ ਨਾਲ ਗੁਟਕਾ ਸਾਹਿਬ ਦੀਆਂ ਸੌਹਾਂ ਖਾਕੇ ਵਾਅਦੇ ਕੀਤੇ, ਪਰ ਸਰਕਾਰ ਆਉਣ ਤੋਂ ਬਾਅਦ ਉਹ ਭੁੱਲ ਗਏ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਗੱਲ ਕਹਿਣ ਲਈ ਤੁਹਾਡੇ ਮੰਤਰੀ ਤੇ ਤੁਹਾਡੇ ਘਰ ਆਏ ਹਾਂ, ਪਰ ਤੁਸੀਂ ਬੈਰੀਕੇਡ ਲਾ ਕੇ ਸਾਡੇ ਆਉਣ ‘ਤੇ ਮਨਾਹੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ, ਲੋਕ ਸਭਾ ਚੋਣਾਂ ‘ਚ ਅਸੀਂ ਵੀ ਤੁਹਾਨੂੰ ਪਿੰਡਾਂ ‘ਚ ਬੈਰੀਕੇਡ ਲਾਕੇ ਰੋਕਾਂਗੇ, ਤੁਹਾਨੂੰ ਪਿੰਡਾਂ ‘ਚ ਵੜਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਲੱਗ ਰਿਹਾ ਉਹ ਵਾਅਦਾ ਘਰ-ਘਰ ‘ਚੋਂ ਨੌਕਰੀ ਖੋਹਣ ਦਾ ਪ੍ਰਤੀਤ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਤੁਹਾਡਾ ਸਿੱਖਿਆ ਮੰਤਰੀ ਓਪੀ ਸੋਨੀ ਨਸ਼ੇ ਦਾ ਵਪਾਰੀ ਹੈ, ਤੁਸੀਂ ਉਸ ਅਨਪੜ੍ਹ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਸਿੱਖਿਆ ਸਕੱਤਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਨਾਜਾ ਕੱਢ ਰਿਹਾ ਹੈ।
ਅਧਿਆਪਕਾਂ ਦੇ ਪ੍ਰਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵਾਲੀ ਗੱਡੀ, ਸੀਸੀਟੀਵੀ ਕੈਮਰੇ ਵਾਲੀ ਵਿਸ਼ੇਸ਼ ਗੱਡੀ ਸਮੇਤ ਬੈਰੀਕੇਡ ਅੱਗੇ ਮਹਿਲਾ ਪੁਲਿਸ ਲਾਕੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਦੇ ਪ੍ਰਰਦਰਸ਼ਨ ‘ਚ ਅਧਿਆਪਕਾਂ ਨਾਲ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਸੀ। ਇਸ ਮੌਕੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਬ੍ਰਹਮ ਮਹਿੰਦਰਾ ਦੇ ਪੀਏ ਸੰਤ ਸਿੰਘ ਬਾਂਗਾ ਵੱਲੋਂ ਮੰਗ ਪੱਤਰ ਲਿਆ ਗਿਆ ਤੇ ਅਧਿਆਪਕਾਂ ਦੀਆਂ ਮੰਗਾਂ ਅੱਗੇ ਪਹੁੰਚਾਉਣ ਦਾ ਵਾਅਦਾ ਕੀਤਾ। ਸ਼ਾਮ ਲਗਭਗ ਸੱਤ ਵਜੇ ਅਧਿਆਪਕਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੁੱਖ ਦਾ ਸਾਹ ਆਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।