ਪਾਰਟੀ ਵਿਰੋਧੀ ਗਤੀਵਿਧੀਆਂ ਨਹੀਂ ਕੀਤੀਆਂ ਜਾਣਗੀਆਂ ਬਰਦਾਸ਼ਤ : ਕੋਰ ਕਮੇਟੀ
ਆਮ ਆਦਮੀ ਪਾਰਟੀ ਨੂੰ ਦੋ ਫਾੜ ਕਰਦੇ ਹੋਏ ਖਤਮ ਕਰਨ ਦੀ ਨਿਭਾ ਰਹੇ ਸਨ ਭੂਮਿਕਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਏ ਪਾਰਟੀ ਤੋਂ ਬਾਗੀ ਅਤੇ ਪਾਰਟੀ ਖ਼ਿਲਾਫ਼ ਵੱਡੇ ਪੱਧਰ ਕਾਰਵਾਈ ਕਰਦਿਆਂ ਪਾਰਟੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਬਾਗੀ ਵਿਧਾਇਕਾਂ ਖ਼ਿਲਾਫ਼ ਸਖ਼ਤ ਅਤੇ ਵੱਡੀ ਕਾਰਵਾਈ ਹੈ। ਇਸ ਦੇ ਨਾਲ ਹੀ ਹੋਰ ਬਾਗੀ ਵਿਧਾਇਕਾਂ ਨੂੰ ਕੰਨ ਹੋ ਜਾਣਗੇ ਅਤੇ ਉਨ੍ਹਾਂ ਨੂੰ ਪਾਰਟੀ ਖ਼ਿਲਾਫ਼ ਨਾ ਜਾਂਦੇ ਹੋਏ ਵਾਪਸੀ ਕਰਨ ਦਾ ਇੱਕ ਮੌਕਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਲਗਾਤਾਰ ਕੇਂਦਰੀ ਅਤੇ ਸੂਬਾ ਲੀਡਰਸ਼ਿਪ ‘ਤੇ ਸ਼ਬਦੀ ਹਮਲੇ ਕਰਦੇ ਰਹੇ ਹਨ।
ਪੰਜਾਬ ਦੀ ਕੋਰ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਇਹ ਕਿਹਾ ਗਿਆ ਕਿ ਪਾਰਟੀ ਵੱਲੋਂ ਆਪਣੇ ਪੱਧਰ ‘ਤੇ ਹਰ ਸੰਭਵ ਯਤਨ ਕਰਕੇ ਦੋਵਾਂ ਆਗੂਆਂ ਨੂੰ ਸਮਝਾਉਣ ਵਿੱਚ ਅਸਫਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਰੀ ਤੌਰ ‘ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪਾਰਟੀ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਆਗੂਆਂ ਅਤੇ ਵਲੰਟੀਅਰਾਂ ਨੂੰ ਪਾਰਟੀ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਨਾ ਕਰਨੀ ਪਵੇਗੀ।
ਮੌਕਾ ਪ੍ਰਸਤ ਸਾਬਤ ਹੋਏ ਸੇਖਵਾਂ, ਪਾਰਟੀ ਦੀ ਪਿੱਠ ‘ਤੇ ਮਾਰਿਆ ਛੁਰਾ : ਚੀਮਾ
ਸਵੇਰੇ ਦਿੱਤਾ ਪਾਰਟੀ ਦੇ ਅਹੁਦਿਆ ਤੋਂ ਅਸਤੀਫ਼ਾ, ਬਾਅਦ ਦੁਪਹਿਰ ਪਾਰਟੀ ਨੇ ਕੱਢਿਆ
10 ਸਾਲ ਸਰਕਾਰ ‘ਚ ਲੈਂਦੇ ਰਹੇ ਲਾਹਾ, ਹੁਣ ਕਰ ਦਿੱਤੀ ਬਗਾਵਤ
ਚੰਡੀਗੜ੍ਹ:- ਪਿਛਲੇ ਲਗਾਤਾਰ 10 ਸਾਲ ਤੱਕ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਿਰ ‘ਤੇ ਲਾਹਾ ਲੈਣ ਅਤੇ ਸੱਤਾ ਦਾ ਅਨੰਦ ਲੈਣ ਵਾਲੇ ਸੇਵਾ ਸਿੰਘ ਸੇਖਵਾਂ ਨੇ ਅਚਾਨਕ ਹੀ ਆਪਣੀ ਪਾਰਟੀ ਖ਼ਿਲਾਫ਼ ਬੋਲਦੇ ਹੋਏ ਕੋਰ ਕਮੇਟੀ ਅਤੇ ਹੋਰ ਅਹੁਦਿਆ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਖਵਾਂ ਵੱਲੋਂ ਪਾਰਟੀ ਖ਼ਿਲਾਫ਼ ਜ਼ਹਿਰ ਉਗਲਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਨੂੰ ਮੌਕਾਪ੍ਰਸਤ ਕਰਾਰ ਦਿੰਦੇ ਹੋਏ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਉਪ ਪ੍ਰਧਾਨ ਦਲਜੀਤ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਦੀਆਂ ਦੇ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿਚੋਂ ਕੱਢਦਿਆਂ ਉਸ ਦੀ ਮੁੱਢਲੀ ਪਾਰਟੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਹੈ । ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੇਖਵਾਂ ਦੀਆਂ ਪਾਰਟੀ- ਵਿਰੋਧੀ ਗਤੀਵਿਧੀਆਂ ਨੂੰ ਵੇਖਦੇ ਹੋਏ ਉਸ ਖ਼ਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸੇਖਵਾਂ ਨੇ ਇੱਕ ਮੌਕਾਪ੍ਰਸਤ ਵਾਂਗ ਵਿਵਹਾਰ ਕੀਤਾ ਹੈ ਅਤੇ ਉਹ ਆਪਣੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਸ ਨੂੰ ਸੌਂਪੀਆਂ ਬੇਅੰਤ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਪਾਰਟੀ ਪ੍ਰਤੀ ਨਾਸ਼ੁਕਰਗੁਜ਼ਾਰੀ ਵਿਖਾਈ ਹੈ। ਇਸ ਲਈ ਸੇਖਵਾਂ ਨੂੰ ਤੁਰੰਤ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।