ਸ਼ਬਨਮਦੀਪ ਤੋਂ ਬਰਾਮਦ ਹੋਇਆ ਹੈਂਡ ਗ੍ਰਨੇਡ ਪਾਕਿਸਤਾਨ ਦਾ ਬਣਿਆ ਹੋਇਆ, ਗੁਰਸੇਵਕ ਸਿੰਘ ਵੀ ਸੀ ਸ਼ਬਨਮਦੀਪ ਦਾ ਸਾਥੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਕਿਸਤਾਨੀ ਏਜੰਸੀ ਆਈਐੱਸਆਈ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਬੂ ਲਾਉਣ ਲਈ ਲੱਖਾਂ ਰੁਪਏ ਦੇ ਲਾਲਚ ਦੇ ਕੇ ਰੈਫਰੰਡਮ 2020 ਦੀ ਆੜ ‘ਚ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਪਟਿਆਲਾ ਪੁਲਿਸ ਵੱਲੋਂ ਸ਼ਬਨਮਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੱਖ ਮੰਤਰੀ ਦੇ ਸ਼ਹਿਰ ‘ਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਮਨਸੂਬਿਆਂ ਨੂੰ ਢਹਿ ਢੇਰੀ ਕਰਕੇ ਸੁੱਖ ਦਾ ਸਾਹ ਲਿਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਅੱਤਵਾਦੀ ਤਾਕਤਾਂ ਦੇ ਧੱਕੇ ਚੜ੍ਹੇ ਸ਼ਬਨਮਦੀਪ ਨੇ ਦੀਵਾਲੀ ਦੇ ਨੇੜੇ ਤੇੜੇ ਪਟਿਆਲਾ ਦੇ ਬੱਸ ਸਟੈਂਡ ਨੇੜੇ ਧਮਾਕਾ ਕਰਨਾ ਸੀ, ਉਸ ਤੋਂ ਜੋ ਹੈਂਡ ਗ੍ਰਨੇਡ ਬਰਾਮਦ ਹੋਇਆ ਹੈ, ਉਹ ਪਾਕਿਸਤਾਨ ਦਾ ਬਣਿਆ ਹੋਇਆ ਹੈ। ਇਸ ਮਾਮਲੇ ‘ਚ ਇੱਕ ਹੋਰ ਨੌਜਵਾਨ ਦਿੜ੍ਹਬਾ ਦੇ ਪਿੰਡ ਰਤਨਗੜ੍ਹ ਦਾ ਵਾਸੀ ਗੁਰਸੇਵਕ ਸਿੰਘ ਵੀ ਸ਼ਬਨਮਦੀਪ ਸਿੰਘ ਨਾਲ ਜੁੜ ਗਿਆ, ਜਿਸ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ‘ਚ ਗੁਰਸੇਵਕ ਸਿੰਘ ਨੇ ਇੱਕ ਹੋਰ ਰਿਸ਼ਤੇਦਾਰ ਦੀ ਵੀ ਮੱਦਦ ਲੈਣੀ ਸੀ, ਜਿਸ ਦਾ ਪੁਲਿਸ ਵੱਲੋਂ ਅਜੇ ਖੁਲਾਸਾ ਨਹੀਂ ਕੀਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਪੰਜਾਬ ਇੰਟੈਲੀਜੈਂਸੀ ਦੀ ਇਨਪੁੱਟ ਤੋਂ ਬਾਅਦ ਪਟਿਆਲਾ ਪੁਲਿਸ ਨੇ 31 ਅਕਤੂਬਰ ਨੂੰ ਮਾਮਲਾ ਦਰਜ਼ ਕਰਕੇ 1 ਨਵੰਬਰ ਨੂੰ ਸ਼ਬਨਮਦੀਪ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਗਿਆ ਸ਼ਬਨਮਦੀਪ ਸਿੰਘ ਵਾਸੀ ਦਫਤਰੀ ਵਾਲਾ ਬੁਰੜ ਸਮਾਣਾ ਜੋ ਕਿ ਪਾਠੀ ਦਾ ਕੰਮ ਕਰਦਾ ਹੈ ਤੇ ਦਸਵੀਂ ਪਾਸ ਹੈ। ਇਸ ਤੋਂ ਪਹਿਲਾਂ ਇਸ ਨੇ ਸਮਾਣਾ ਵਿਖੇ ਧਾਗਾ ਫੈਕਟਰੀ ‘ਚ ਸਕਿਊਰਟੀ ਗਾਰਡ ਦੀ ਵੀ ਨੌਕਰੀ ਕੀਤੀ ਹੈ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਨੇ ਫੇਸਬੁੱਕ ‘ਤੇ ਸਿੱਖ ਫਾਰ ਜਸਟਿਸ ਦੇ ਬਣੇ ਪੇਜ ਨੂੰ ਲਾਈਕ ਕੀਤਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨਾਲ ਇਸ ਦਾ ਤਾਲਮੇਲ ਸ਼ੁਰੂ ਹੋ ਗਿਆ। ਇਹ ਕਈ ਮਹੀਨਿਆਂ ਤੋਂ ਅੱਤਵਾਦੀਆਂ ਦੇ ਧੱਕੇ ਚੜ੍ਹ ਗਿਆ ਸੀ ਤੇ ਇਸ ਨੂੰ ਧਮਾਕੇ ਕਰਨ ਲਈ ਤਿਆਰ ਕਰ ਲਿਆ।
ਉਨ੍ਹਾਂ ਵੱਲੋਂ ‘ਖ਼ਾਲਿਸਤਾਨ ਗ਼ਦਰ ਫੋਰਸ’ ਦੇ ਨਾਂਅ ਹੇਠ ਇੱਥੇ ਨਵਾਂ ਗੁੱਟ ਤਿਆਰ ਕਰ ਲਿਆ ਸੀ। ਉਸ ਨੂੰ ਕਿਹਾ ਗਿਆ ਕਿ ਇਸ ਧਮਾਕੇ ਲਈ 10 ਲੱਖ ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਇਸ ਵੱਲੋਂ ਪਟਿਆਲਾ ਦੇ ਪਿੰਡ ਫਹਿਤਮਾਜਰੀ ਵਿਖੇ ਇੱਕ ਠੇਕੇ ਨੂੰ ਤੇਲ ਪਾਕੇ ਅੱਗ ਲਗਾਕੇ ਸਮੇਤ ਹੋਰ ਥਾਵਾਂ ‘ਤੇ ਅੱਗ ਲਗਾਉਣ ਦੀਆਂ ਵੀਡੀਓਜ਼ ਭੇਜ ਕੇ ਇਸ ਦੇ ਖਾਤੇ ‘ਚ ਦੋ ਵਾਰ 25-25 ਹਜ਼ਾਰ ਰੁਪਏ ਵਿਦੇਸ਼ ਤੋਂ ਆਏ ਹਨ, ਜਦਕਿ ਇਸ ਦੇ ਭੈਣ ਦੇ ਖਾਤੇ ‘ਚ 50 ਹਜ਼ਾਰ ਰੁਪਏ ਆਏ ਹਨ। ਐੱਸਐੱਸਪੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੁਰਸੇਵਕ ਸਿੰਘ ਪਹਿਲਾਂ ਹੀ 29 ਅਕਤੂਬਰ ਨੂੰ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਦੇ ਧੱਕੇ ਚੜ੍ਹਿਆ ਸੀ, ਜਿਸ ਦਾ ਸ਼ਬਨਮਦੀਪ ਸਿੰਘ ਦੇ ਫੜ੍ਹੇ ਜਾਣ ਤੋਂ ਬਾਅਦ ਖੁਲਾਸਾ ਹੋਇਆ ਹੈ। ਦਿੜ੍ਹਬਾ ਵਾਸੀ ਗੁਰਸੇਵਕ ਸਿੰਘ ਵੀ ਪਾਠੀ ਦਾ ਕੰਮ ਕਰਦਾ ਹੈ।
ਐੱਸਐੱਸਪੀ ਦਾ ਕਹਿਣਾ ਹੈ ਕਿ ਸ਼ਬਨਮਦੀਪ ਸਿੰਘ ‘ਤੇ ਏੇਐੱਸਆਈ ਦਾ ਦਬਾਅ ਸੀ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ‘ਚ ਪਟਿਆਲਾ ਅੰਦਰ ਧਮਾਕਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ਬਨਮਦੀਪ ਤੇ ਗੁਰਸੇਵਕ ਤੋਂ ਸਾਹਮਣੇ ਆਇਆ ਹੈ ਕਿ ਗੁਰਸੇਵਕ ਦੇ ਇੱਕ ਹੋਰ ਰਿਸ਼ਤੇਦਾਰ ਨੇ ਇਸ ਮਾਮਲੇ ‘ਚ ਸ਼ਾਮਲ ਹੋਣਾ ਸੀ, ਜਿਸ ਸਬੰਧੀ ਪੁਲਿਸ ਵੱਲੋਂ ਉਸਦੇ ਗ੍ਰਿਫਤਾਰ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਵੇਗਾ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਾਰਾ ਕੰਮ ਪਾਕਿਸਤਾਨੀ ਏਜੰਸੀ ਆਈਐੱਸਆਈ ਦਾ ਹੀ ਹੈ, ਜੋ ਕਿ ਪੰਜਾਬ ਅੰਦਰ ਧਰਮ ਦੇ ਨਾਂਅ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਆਤੰਕ ਫੈਲਾਉਣ ਦੇ ਯਤਨ ‘ਚ ਹੈ।
ਜਾਵੇਦ ਖਾਨ ਦੇ ਸੰਪਰਕ ‘ਚ ਜੁਲਾਈ ‘ਚ ਆਇਆ
ਇਹ ਵੀ ਸਾਹਮਣੇ ਆਇਆ ਹੈ ਕਿ ਪਕਿਸਤਾਨੀ ਇੰਟੈਲੀਜੈਂਸ ਅਫਸਰ ਜਾਵੇਦ ਖਾਨ ਜਿਸਦੇ ਸ਼ਬਨਮਦੀਪ ਸਿੰਘ ਜੁਲਾਈ 2018 ‘ਚ ਸੰਪਰਕ ਵਿੱਚ ਆਇਆ ਸੀ ਤੇ ਉਸਨੇ ਇਸ ਨੂੰ ਪਟਿਆਲਾ ਦੇ ਇੱਕ ਸਿੱਖ ਗੋਪਾਲ ਸਿੰਘ ਚਾਵਲਾ ਨਾਲ ਜਾਣੂ ਕਰਵਾਇਆ ਸੀ।
ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੇ ਹੱਥੇ ਨਾ ਚੜ੍ਹਨ: ਐੱਸਐੱਸਪੀ ਸਿੱਧੂ
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਈਐੱਸਆਈ ਪੰਜਾਬ ਦੇ ਗਰੀਬ, ਅਨਪੜ੍ਹ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂਅ ‘ਤੇ ਵਰਗਲਾਕੇ ਆਪਣੇ ਜਾਲ ‘ਚ ਫਸਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਦੇ ਬਹਿਕਾਵੇ ‘ਚ ਨਾ ਆਉਣ ਲਈ ਅਪੀਲ ਕੀਤੀ।