11 ਵਾਹਨਾਂ ਦੀ ਹੋਈ ਆਪਸੀ ਟੱਕਰ, ਜਾਨੀ ਨੁਕਸਾਨੋਂ ਬਚਾਅ, ਪੰਜ ਜਣੇ ਜ਼ਖਮੀ
ਭੁੱਚੋ ਮੰਡੀ, (ਸੁਰੇਸ਼/ਗੁਰਜੀਤ)। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਪਿੰਡ ਲਹਿਰਾ ਮੁਹੱਬਤ ਕੋਲ ਅੱਜ ਬਾਅਦ ਦੁਪਹਿਰ ਪਰਾਲੀ ਦੇ ਧੂੰਏਂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਜਣੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਰਾ ਮੁਹੱਬਤ ਦੇ ਬਾਹਰ ਗੁਰੂ ਰਾਮ ਦਾਸ ਪਬਲਿਕ ਸਕੂਲ ਦੇ ਸਾਹਮਣੇ ਖੇਤਾਂ ‘ਚ ਪਰਾਲੀ ਨੂੰ ਅੱਗ ਲਾਉਣ ਕਾਰਨ ਧੂੰਏਂ ਨਾਲ ਸੜਕ ‘ਤੇ ਹਨ੍ਹੇਰਾ ਪਸਰ ਗਿਆ ਸੀ, ਜਿੱਥੇ ਉੱਥੋਂ ਲੰਘਦੀਆਂ ਗਿਆਰਾਂ ਕਾਰਾਂ ਆਪਸ ‘ਚ ਟਕਰਾ ਗਈਆਂ।
ਐਨ ਮੌਕੇ ਪਿੱਛੇ ਤੋਂ ਆ ਰਹੇ ਕੈਂਟਰ ਨੇ ਬਚਾਉਂਦਿਆਂ ਕੈਂਟਰ ਨੂੰ ਡਿਵਾਈਡਰ ‘ਤੇ ਚੜ੍ਹਾ ਦਿੱਤਾ। ਘਟਨਾ ਦੌਰਾਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਪੰਜ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਦੌਰਾਨ ਵਿਨੋਦ ਕੁਮਾਰ, ਗੁਰਦਾਸ ਸਿੰਘ ਬਾਹੋ ਯਾਤਰੀ, ਅਭਿਸ਼ੇਕ, ਬਰਨਾਲਾ ਨਿਵਾਸੀ ਰਾਕੇਸ਼ ਕੁਮਾਰ, ਬਲੌਰ ਸਿੰਘ ਨਿਵਾਸੀ ਬਰਨਾਲਾ, ਅਮਨਦੀਪ ਕੁਮਾਰ, ਬਠਿੰਡਾ ਨਿਵਾਸੀ ਹਰਪਾਲ ਸਿੰਘ ਦੀਆਂ ਗੱਡੀਆਂ ਤੇ ਇੱਕ ਕੈਂਟਰ ਦੇ ਕਾਫੀ ਨੁਕਸਾਨ ਹੋਣ ਦਾ ਪਤਾ ਲੱਗਾ ਹੈ। ਹਾਦਸੇ ਦੌਰਾਨ ਇਕੱਠੇ ਹੋਏ ਲੋਕਾਂ ਵਹੀਕਲਾਂ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ। ਇਸ ਮੌਕੇ ਐੱਸਡੀਐੱਮ ਅਮਰਿੰਦਰ ਸਿੰਘ, ਤਹਿਸੀਲਦਾਰ ਸੁਰਿੰਦਰ ਕੁਮਾਰ ਅਤੇ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਲੋਕਾਂ ਨੂੰ ਅੱਗ ਲਾਉਣ ਵਾਲੇ ਕਿਸਾਨ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।