ਸਿੱਖਿਆ ਦਫਤਰ ਘੇਰਨ ਵਾਲੇ 16 ਅਧਿਆਪਕ ‘ਬਾਰਡਰ’ ‘ਤੇ ਭੇਜੇ
ਬਠਿੰਡਾ, (ਅਸ਼ੋਕ ਵਰਮਾ)। ਸਿੱਖਿਆ ਵਿਭਾਗ ਪੰਜਾਬ ਨੇ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਦਾ ਦਫਤਰ ਘੇਰਨ ਵਾਲੇ ਅਧਿਆਪਕਾਂ ਖਿਲਾਫ ਸਖਤੀ ਜਾਰੀ ਰੱਖਦਿਆਂ 16 ਹੋਰ ਈਟੀਟੀ ਅਧਿਆਪਕਾਂ ਨੂੰ ‘ਬਾਰਡਰ’ ਦਿਖਾ ਦਿੱਤਾ ਹੈ ਇਨ੍ਹਾਂ ਅਧਿਆਪਕਾਂ ‘ਚ ਸਾਂਝੇ ਅਧਿਆਪਕ ਮੋਰਚੇ ਦਾ ਕੋ ਕਨਵੀਨਰ ਤੇ ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਵੀ ਸ਼ਾਮਲ ਹੈ ਇਸ ਤੋਂ ਬਿਨਾਂ ਦੋ ਮਹਿਲਾ ਅਧਿਆਪਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਬਦਲੇ ਅਧਿਆਪਕਾਂ ‘ਚੋਂ ਕਿਸੇ ਨੂੰ ਦੋ ਸੌ ਕਿੱਲੋਮੀਟਰ ਦੂਰ ਬਦਲਿਆ ਗਿਆ ਹੈ ਤੇ ਕਿਸੇ ਨੂੰ ਢਾਈ ਸੌ ਕਿੱਲੋਮੀਟਰ ਦੂਰ ਸਾਰੀਆਂ ਬਦਲੀਆਂ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਪੈਂਦੇ ਦੂਰ ਦੁਰਾਡੇ ਪਿੰਡਾਂ ‘ਚ ਕੀਤੀਆਂ ਗਈਆਂ ਹਨ ਇਨ੍ਹਾਂ ਅਧਿਆਪਕਾਂ ਨੇ ਪਟਿਆਲਾ ਮੋਰਚੇ ਦੀ ਹਮਾਇਤ ਕਰਨ ਦੀ ਜੁਰਅਤ ਕੀਤੀ ਹੈ ਜੋ ਅਫਸਰਾਂ ਨੂੰ ਹਜ਼ਮ ਨਹੀਂ ਹੋਈ ਹੈ ਹਾਲਾਂਕਿ ਬਦਲੀਆਂ ਦਾ ਕਾਰਨ ਪ੍ਰਬੰਧਕੀ ਅਧਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਦੀ ਮੰਗ ਦੱਸਿਆ ਗਿਆ ਹੈ।
ਪਰ ਸੂਤਰ ਇਸ ਨੂੰ ਭਖੇ ਹੋਏ ਅਧਿਆਪਕ ਮੋਰਚੇ ਨੂੰ ਠਾਰਨ ਲਈ ਘੜੀ ਨੀਤੀ ਕਰਾਰ ਦੇ ਰਹੇ ਹਨ ਰੌਚਕ ਤੱਥ ਹੈ ਇਨ੍ਹਾਂ ਅਧਿਆਪਕਾਂ ਦੇ ਕੱਲ੍ਹੇ-ਕੱਲ੍ਹੇ ਦੇ ਹੁਕਮ ਜਾਰੀ ਹੋਏ ਹਨ ਤੇ ਬਲਾਕ ਸਿੱਖਿਆ ਅਫਸਰਾਂ ਨੂੰ ਇਨ੍ਹਾਂ ਨੂੰ ਫੌਰੀ ਤੌਰ ‘ਤੇ ਰਿਲੀਵ ਕਰਨ ਲਈ ਕਿਹਾ ਗਿਆ ਹੈ ਅੱਜ ਕੀਤੀਆਂ ਬਦਲੀਆਂ ਨੂੰ ਲੈਕੇ ਅਧਿਆਪਕ ਭੜਕ ਗਏ ਹਨ ਤੇ ਸਰਕਾਰ ਨੂੰ ਮਾੜੇ ਸਿੱਟਿਆਂ ਦੀ ਚਿਤਾਵਨੀ ਦਿੱਤੀ ਹੈ ਵੇਰਵਿਆਂ ਅਨੁਸਾਰ ਅਧਿਆਪਕ ਆਗੂ ਜਗਸੀਰ ਸਿੰਘ ਸਹੋਤਾ ਨੂੰ ਨਥਾਣਾ ਤੋਂ ਬਲਾਕ ਗੰਡੀਵਿੰਡ ਦੇ ਪਿੰਡ ਸੋਹਲ ‘ਚ ਬਦਲਿਆ ਹੈ ਇਵੇਂ ਹੀ ਅਧਿਆਪਕਾ ਰਣਦੀਪ ਕੌਰ ਦਾ ਤਬਾਦਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਤੋਂ ਭਿੱਖੀਵਿੰਡ ਇਲਾਕੇ ਦੇ ਪਿੰਡ ਸੁਰ ਸਿੰਘ ‘ਚ ਕੀਤਾ ਗਿਆ ਹੈ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਗੀਵਾਂਦਰ ਦੀ ਅਧਿਆਪਕਾ ਨਵਪ੍ਰੀਤ ਕੌਰ ਨੂੰ ਪਿੰਡ ਢੋਟੀਆਂ ਬਲਾਕ ਨੁਸ਼ਹਿਰਾ ਪੰਨੂੰਆਂ ‘ਚ ਬਦਲ ਦਿੱਤਾ ਹੈ ਅਧਿਆਪਕ ਜਸਵਿੰਦਰ ਸਿੰਘ ਨੂੰ ਸ਼ੇਖਪੁਰਾ ਤੋਂ ਬਲਕਾ ਖਡੂਰ ਸਾਹਿਬ ਦੇ ਪਿੰਡ ਜਵੰਦਪੁਰ ਬਦਲਿਆ ਹੈ ਅਧਿਆਪਕ ਪ੍ਰਦੀਪ ਸਿੰਘ ਨੂੰ ਗਿੱਲ ਪੱਤੀ ਤੋਂ ਕਰੀਬ ਸਵਾ ਦੋ ਸੌ ਕਿੱਲੋਮੀਟਰ ਦੂਰ ਪਿੰਡ ਭਿੱਖੀਵਿੰਡ ਬਦਲਿਆ ਗਿਆ ਹੈ ।
ਬੱਗਾ ਸਿੰਘ ਨੂੰ ਕੋਟਲੀ ਸਾਬੋ ਤੋਂ ਅਮਰਕੋਟ, ਸਿਰੀਏਵਾਲਾ ਸਕੂਲ ਤੋਂ ਪ੍ਰਦੀਪ ਸਿੰਘ ਨੂੰ ਨਾਰਲੀ (ਤਰਨਤਾਰਨ), ਦਲਜੀਤ ਸਿੰਘ ਨੂੰ ਨਥਾਣਾ ਬਰਾਂਚ ਸਕੂਲ ਤੋਂ ਗੋਇੰਦਵਾਲ, ਭੋਲਾ ਰਾਮ ਨੂੰ ਜਗਾ ਰਾਮਤੀਰਥ ਤੋਂ ਆਂਸਲ ਉਤਾੜ, ਜਗਬੀਰ ਸਿੰਘ ਨੂੰ ਨਥਾਣਾ ਤੋਂ ਸੋਹਲ ਬਲਾਕ ਗੱਡੀਵਿੰਡ ਅਤੇ ਅਧਿਆਪਕ ਆਗੂ ਗੁਰਬਾਜ ਸਿੰਘ ਨੂੰ ਗਹਿਰੀ ਦੇਵੀ ਨਗਰ ਤੋਂ ਚੂਸਲੇਵਾੜ ਦੇ ਸਕੂਲ ਵਿੱਚ ਬਦਲਿਆ ਗਿਆ ਹੈ ਅਧਿਆਪਕ ਆਗੂ ਰਾਮ ਸਿੰਘ ਬਰਾੜ ਦੀ ਬਦਲੀ ਗਿੱਲ ਪੱਤੀ ਤੋਂ ਬਲਾਕ ਪੱਟੀ ਦੇ ਪਿੰਡ ਘਰਿਆਲਾ, ਅੰਮ੍ਰਿਤਪਾਲ ਸਿੰਘ ਬਰਾੜ ਦੀ ਗੁਰੂਸਰ ਸੈਣੇਵਾਲਾ ਤੋਂ ਪਲਾਸੌਰ ਅਤੇ ਕਰਮਜੀਤ ਸਿੰਘ ਜਲਾਲ ਦੀ ਜਲਾਲ ਦੇ ਪ੍ਰਾਇਮਰੀ ਸਕੂਲ ਤੋਂ ਬਲਾਕ ਵਲਟੋਹਾ ਦੇ ਪਿੰਡ ਵਰਨਾਲਾ ‘ਚ ਬਦਲੀ ਕੀਤੀ ਗਈ ਹੈ।
ਰਾਮ ਨਿਵਾਸ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੌਹਾਨ ਬਸਤੀ ਰਾਏ ਕੇ ਤੋਂ ਖੇਮਕਰਨ, ਸੁਖਦੇਵ ਸਿੰਘ ਨੂੰ ਕੇਸਰ ਸਿੰਘ ਵਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਵਲਟੋਹਾ ਤੇ ਜਗਪਾਲ ਸਿੰਘ ਨੂੰ ਚੱਠੇਵਾਲਾ ਤੋਂ ਬਲਾਕ ਖਡੂਰ ਸਾਹਿਬ ਦੇ ਵੇਈਂ ਪੂਈ ਵਿਖੇ ਬਦਲਿਆ ਗਿਆ ਹੈ ਓਧਰ ਅੱਜ ਦੀਆਂ ਬਦਲੀਆਂ ਦੇ ਵਿਰੋਧ ‘ਚ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਅਧਿਆਪਕਾਂ ਨੇ ਸ਼ਹਿਰ ‘ਚ ਜਬਰਦਸਤ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਿਹਾਇਸ਼ ਦੇ ਮੁੱਖ ਗੇਟ ਅੱਗੇ ਸਿੱਖਿਆ ਸਕੱਤਰ ਦੀ ਅਰਥੀ ਸਾੜੀ ਅਤੇ ਵਿਰੋਧ ਦਰਜ ਕਰਵਾਇਆ ਭੜਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਬਦਲੀਆਂ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਸਰਕਾਰ ਨੂੰ ਭੁਗਤਣੇ ਪੈਣਗੇ ਇਸ ਦੇ ਨਤੀਜੇ
ਸਾਂਝਾ ਅਧਿਆਪਕ ਮੋਰਚਾ ਦੇ ਕੋ ਕਨਵੀਨਰ ਅਸ਼ਵਨੀ ਕੁਮਾਰ ਅਤੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਸਰਕਾਰ ਦੀ ਇਸ ਤਬਾਦਲਾ ਨੀਤੀ ਨੇ ਮੋਰਚੇ ਨੂੰ ਹੋਰ ਭਖਾਉਣ ਦਾ ਕੰਮ ਕੀਤਾ ਹੈ ਉਨ੍ਹਾਂ ਆਖਿਆ ਕਿ ਇੱਕ ਪਾਸੇ ਅਫਸਰ ਗੱਲਬਾਤ ਦਾ ਸੱਦਾ ਦੇ ਰਹੇ ਹਨ ਤੇ ਦੂਜੇ ਪਾਸੇ ਬਦਲੀਆਂ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਇਸ ਨੀਤੀ ਦੇ ਸਰਕਾਰ ਨੂੰ ਸਿੱਟੇ ਭੁਗਤਣੇ ਪੈਣਗੇ ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਸਰਕਾਰ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ ਇਸ ਨਾਲ ਰੋਹ ਹੋਰ ਪ੍ਰਚੰਡ ਹੋਇਆ ਹੈ।
ਪੁਲਿਸ ਨੇ ਪਾਸਾ ਵੱਟਿਆ
ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਨੇ ਰੋਸ ਪ੍ਰੋਗਰਾਮ ਤੋਂ ਦੂਰੀ ਰੱਖੀ ਰੋਸ ਮਾਰਚ ਨਾਲ ਥਾਣੇ ਦੀ ਇੱਕ ਗੱਡੀ ਚੱਲ ਰਹੀ ਸੀ ਤੇ ਪੁਤਲਾ ਸਾੜਨ ਮੌਕੇ ਵੀ ਸਿਰਫ ਮਹਿਲਾ ਸਬ ਇੰਸਪੈਕਟਰ ਸਮੇਤ 5 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਸੀ ਇਸ ਮੌਕੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਵੀ ਹਾਜ਼ਰ ਰਹੇ।